ਸਮੂਹਿਕ ਕੰਨਿਆ ਦਾਨ ਯੱਗ, ਹੱਥਾਂ 'ਤੇ ਲੱਗੀ ਸ਼ਗਨਾਂ ਦੀ ਮਹਿੰਦੀ (ਵੀਡੀਓ)

Friday, Apr 12, 2019 - 03:58 PM (IST)

ਜਲੰਧਰ (ਸੋਨੂੰ) - ਜਲੰਧਰ ਦੇ ਮਹਾਲਕਸ਼ਮੀ-ਨਾਰਾਇਣ ਮੰਦਿਰ 'ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੂਹਿਕ ਕੰਨਿਆ ਦਾਨ ਯੱਗ ਕਰਵਾਇਆ ਜਾ ਰਿਹਾ ਹੈ, ਜਿਸ 'ਚ ਇਸ ਵਾਰ 7 ਲੋੜਵੰਦ ਪਰਿਵਾਰਾਂ ਦੀਆਂ ਕੰਨਿਆਵਾਂ ਦੇ ਵਿਆਹ ਹੋਣਗੇ। ਵਿਆਹ ਮੌਕੇ ਹੋਣ ਵਾਲੀ ਲੜਕੀਆਂ ਦੀ ਮਹਿੰਦੀ ਦੀ ਰਸਮ ਮਹਾਲਕਸ਼ਮੀ-ਨਾਰਾਇਣ ਮੰਦਿਰ 'ਚ ਹੋਈ, ਜਿਸ 'ਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਇਸ ਪੁੰਨ ਦੇ ਕੰਮ 'ਚ ਹਿੱਸਾ ਲਿਆ ਅਤੇ ਮਾਂ ਜਗਦੰਬੇ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਵਿਸ਼ੇਸ਼ ਮੌਕੇ 'ਤੇ ਪੰਜਾਬ ਕੇਸਰੀ ਗਰੁੱਪ ਦੀ ਡਾਇਰੈਕਟਰ ਸ਼੍ਰੀ ਮਤੀ ਸਾਇਸ਼ਾ ਚੋਪੜਾ ਮੁੱਖ ਮਹਿਮਾਨ ਵਜੋਂ ਸਮਾਗਮ 'ਚ ਪਹੁੰਚੇ। ਉਨ੍ਹਾਂ ਤੋਂ ਇਲਾਵਾ ਯੂਨੀਕ ਪਾਈਪ ਫਿਟਿੰਗ ਦੇ ਸ਼੍ਰੀ ਵਿਨੋਦ ਘਈ ਨੇ ਵੀ ਇਥੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ ਤੇ ਮਹਾਮਾਈ ਦਾ ਆਸ਼ੀਰਵਾਦ ਲਿਆ। 

ਇਸ ਦੌਰਾਨ ਇਸਤਰੀ ਸਤਿਸੰਗ ਕਮੇਟੀ ਦੀ ਪ੍ਰਧਾਨ ਸੁਨੀਤਾ ਭਰਦਵਾਜ ਨੇ ਦੱਸਿਆ ਕਿ ਪਦਮਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰੇਰਣਾ ਸਦਕਾ ਉਹ ਪਿਛਲੇ 7 ਸਾਲਾਂ ਤੋਂ ਇਹ ਕੰਨਿਆਦਾਨ ਯੱਗ ਕਰਦੇ ਆ ਰਹੇ ਹਨ। ਉਧਰ ਮੁੱਖ ਮਹਿਮਾਨ ਵਜੋਂ ਪਹੁੰਚੇ ਮੈਡਮ ਸਾਇਸ਼ਾ ਚੋਪੜਾ ਨੇ ਜਿਥੇ ਵਿਆਹ ਵਾਲੀਆਂ ਲੜਕੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਉਥੇ ਹੀ ਮੰਦਿਰ ਕਮੇਟੀ ਦੇ ਉਪਰਾਲੇ ਦੀ ਸਰਾਹਨਾ ਵੀ ਕੀਤੀ। ਅੰਤ 'ਚ ਮੰਦਿਰ ਕਮੇਟੀ ਵਲੋਂ ਆਏ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਦੱਸ ਦੇਈਏ ਕਿ ਮਹਾਲਕਸ਼ਮੀ-ਨਾਰਾਇਣ ਮੰਦਿਰ ਵਲੋਂ ਹੁਣ ਤੱਕ 66 ਲੜਕੀਆਂ ਦੇ ਵਿਆਹ ਕਰਵਾਏ ਜਾ ਚੁੱਕੇ ਹਨ।


rajwinder kaur

Content Editor

Related News