ਪੰਜਾਬ ''ਚ 66 ਕੁਇੰਟਲ ਨਾ ਖਾਣ ਯੋਗ ਫਲ-ਸਬਜ਼ੀਆਂ ਕੀਤੀਆਂ ਨਸ਼ਟ

06/27/2020 8:39:47 AM

ਚੰਡੀਗੜ੍ਹ : ਮਿਸ਼ਨ ਤੰਦਰੁਸਤ ਪੰਜਾਬ, ਸੂਬੇ ਦੇ ਲੋਕਾਂ ਦੀ ਨਰੋਈ ਸਿਹਤ ਨੂੰ ਯਕੀਨੀ ਬਣਾਉਣ ਲਈ ਸਾਲ 2018 'ਚ ਸ਼ੁਰੂ ਕੀਤਾ ਗਿਆ ਸੀ। ਇਸੇ ਟੀਚੇ ਨੂੰ ਮੁੱਖ ਰੱਖਦਿਆਂ ਹੋਇਆਂ ਲੋਕਾਂ ਨੂੰ ਮਿਆਰੀ ਭੋਜਨ ਪਦਾਰਥ ਉਪਲੱਬਧ ਕਰਵਾਉਣਾ ਯਕੀਨੀ ਬਣਾਉਣ ਹਿੱਤ ਸਾਲ 2018 ਤੋਂ ਲੈ ਕੇ ਹੁਣ ਤੱਕ 13 ਵਾਰ ਸੂਬੇ ਭਰ 'ਚ ਫਲਾਂ ਅਤੇ ਸਬਜ਼ੀਆਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਕੁੱਲ 1184.98 ਕੁਇੰਟਲ ਗੈਰ ਮਿਆਰੀ ਫਲ ਅਤੇ ਸਬਜ਼ੀਆਂ ਨਸ਼ਟ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਮਿਸ਼ਨ ਤੰਦਰੁਸਤ ਪੰਜਾਬ ਦੇ ਮਿਸ਼ਨ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਬੀਤੀ ਸ਼ਾਮ ਫਲਾਂ ਤੇ ਸਬਜ਼ੀ ਮੰਡੀਆਂ ਦੀ ਕੀਤੀ ਅਚਨਚੇਤ ਚੈਕਿੰਗ ਮੌਕੇ ਦਿੱਤੀ।

ਉਨ੍ਹਾਂ ਇਹ ਵੀ ਦੱਸਿਆ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਬਾਵਜੂਦ ਵੀ ਚੈਕਿੰਗ ਦੇ ਕੰਮ 'ਚ ਕੋਈ ਵੀ ਢਿੱਲ ਮੱਠ ਨਹੀਂ ਆਉਣ ਦਿੱਤੀ ਗਈ। ਦੱਸਣਯੋਗ ਹੈ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੀਰਵਾਰ, 25 ਜੂਨ ਨੂੰ ਪੰਜਾਬ ਦੀਆਂ ਪ੍ਰਮੁੱਖ 72 ਫਲ ਅਤੇ ਸਬਜੀ ਮੰਡੀਆਂ ਦੀ ਡਵੀਜਨ ਪੱਧਰ, ਜ਼ਿਲ੍ਹਾ ਪੱਧਰ ਅਤੇ ਸਕੱਤਰ ਮਾਰਕਿਟ ਕਮੇਟੀ ਪੱਧਰ ਦੀਆਂ ਬਣਾਈਆਂ ਟੀਮਾਂ, ਜਿਸ ਵਿੱਚ ਸਿਹਤ ਮਹਿਕਮੇ ਅਤੇ ਬਾਗਵਾਨੀ ਮਹਿਕਮੇ ਦੇ ਅਧਿਕਾਰੀ ਵੀ ਸ਼ਾਮਲ ਸਨ, ਵੱਲੋਂ ਵੀਰਵਾਰ ਦੇਰ ਸ਼ਾਮ ਨੂੰ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਫਲ, ਸਬਜ਼ੀਆਂ ਦੀ ਅਣਵਿਗਿਆਨਕ ਤਰੀਕੇ ਨਾਲ ਪਕਾਉਣ, ਸੰਭਾਲ ਅਤੇ ਨਾ ਖਾਣਯੋਗ ਫਲ ਸਬਜ਼ੀਆਂ ਸਬੰਧੀ ਪੜਤਾਲ ਕੀਤੀ ਗਈ।
ਇਸ ਤੋਂ ਇਲਾਵਾ ਮੰਡੀਆਂ ਵਿੱਚ ਪਲਾਸਟਿਕ ਦੇ ਲਿਫਾਫੇ ਫੜ੍ਹੇ ਗਏ, ਜਿਨ੍ਹਾਂ ਨੂੰ ਮੌਕੇ 'ਤੇ ਜ਼ਬਤ ਕੀਤਾ ਗਿਆ। ਚੈਕਿੰਗ ਟੀਮਾਂ ਵੱਲੋਂ ਮੌਕੇ 'ਤੇ ਕਿਸਾਨਾਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਜਾਗਰੂਕ ਕੀਤਾ ਗਿਆ ਅਤੇ ਆੜ੍ਹਤੀਆਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਨੋਟਿਸ ਜਾਰੀ ਕੀਤੇ ਗਏ। ਪੜਤਾਲ ਦੌਰਾਨ 66.22 ਕੁਇੰਟਲ ਫਲ ਤੇ ਸਬਜ਼ੀਆਂ, ਜੋ ਕਿ ਖਾਣ ਯੋਗ ਨਹੀਂ ਸਨ, ਨੂੰ ਮੌਕੇ 'ਤੇ ਨਸ਼ਟ ਕਰਵਾਇਆ ਗਿਆ।

ਇਸ 'ਚ ਮੁੱਖ ਤੌਰ 'ਤੇ ਹੁਸ਼ਿਆਰਪੁਰ ਵਿਖੇ 1.52 ਕੁਇੰਟਲ ਅੰਬ, ਟਮਾਟਰ ਤੇ ਲੀਚੀ, ਗੜ੍ਹਸ਼ਕਰ ਵਿਖੇ 1.80 ਕੁਇੰਟਲ ਆਲੂ ਤੇ ਅੰਗੂਰ, ਰੂਪਨਗਰ ਵਿਖੇ 5.50 ਕੁਇੰਟਲ ਫਲ-ਸਬਜ਼ੀਆਂ, ਸ੍ਰੀ ਆਨੰਦਪੁਰ ਸਾਹਿਬ ਵਿਖੇ 5.20 ਕੁਇੰਟਲ ਟਮਾਟਰ ਅੰਬ, ਲੁਧਿਆਣਾ ਵਿਖੇ 5.97 ਕੁਇੰਟਲ ਫਲ-ਸਬਜ਼ੀਆਂ, ਜਗਰਾਓਂ ਵਿਖੇ 1.35 ਕੁਇੰਟਲ ਫਲ-ਸਬਜ਼ੀਆਂ, ਬਟਾਲਾ ਵਿਖੇ 1.88 ਕੁਇੰਟਲ ਫਲ-ਸਬਜ਼ੀਆਂ, ਪਠਾਨਕੋਟ ਵਿਖੇ 2.40 ਕੁਇੰਟਲ ਫਲ ਸਬਜੀਆਂ, ਗੁਰਦਾਸਪੁਰ ਵਿਖੇ 1.25 ਕੁਇੰਟਲ ਫਲ, ਰਾਜਪੁਰਾ ਵਿਖੇ 2.22 ਕੁਇੰਟਲ ਸਬਜ਼ੀਆਂ, ਪਟਿਆਲਾ ਵਿਖੇ 4.15 ਕੁਇੰਟਲ ਫਲ-ਸਬਜ਼ੀਆਂ, ਪਾਤੜਾਂ ਵਿਖੇ 2.50 ਕੁਇੰਟਲ ਫਲ-ਸਬਜ਼ੀਆਂ, ਨਾਭਾ ਵਿਖੇ 1.08 ਕੁਇੰਟਲ ਫਲ-ਸਬਜ਼ੀਆਂ, ਸਮਾਣਾ ਵਿਖੇ 1.58 ਕੁਇੰਟਲ ਫਲ-ਸਬਜ਼ੀਆਂ, ਬਰਨਾਲਾ ਵਿਖੇ 2.50 ਕੁਇੰਟਲ ਫਲ-ਸਬਜ਼ੀਆਂ, ਸਰਹਿੰਦ ਵਿਖੇ 2.00 ਕੁਇੰਟਲ ਅੰਬ, ਬਠਿੰਡਾ ਵਿਖੇ 3.80 ਕੁਇੰਟਲ ਫਲ-ਸਬਜ਼ੀਆਂ, ਫਰੀਦਕੋਟ ਵਿਖੇ 2.00 ਕੁਇੰਟਲ ਫਲ-ਸਬਜ਼ੀਆਂ, ਮਾਨਸਾ ਵਿਖੇ 4.00 ਕੁਇੰਟਲ ਫਲ-ਸਬਜ਼ੀਆਂ ਨੂੰ ਨਸ਼ਟ ਕਰਵਾਇਆ ਗਿਆ। ਇਸ ਤੋਂ ਇਲਾਵਾ ਬਠਿੰਡਾ ਫਰੂਟ ਮੰਡੀ ਬੰਦ ਸੀ ਪਰ ਰੀਟੇਲ ਮੰਡੀ 'ਚ ਰੇਹੜੀ ਵਾਲਿਆਂ ਪਾਸੋਂ 3 ਕੁਇੰਟਲ ਅੰਬ ਆਣਵਿਗਿਆਨਕ ਤਰੀਕੇ (ਕੈਲਸ਼ੀਅਮ ਕਾਰਬਾਈਡ) ਨਾਲ ਪਕਾਏ ਗਏ ਸਨ। ਅੰਬ ਨਸ਼ਟ ਕਰਵਾ ਕੇ 2 ਰੇਹੜੀਆਂ ਕਬਜ਼ੇ 'ਚ ਕੀਤੀਆਂ ਗਈਆਂ।

Babita

This news is Content Editor Babita