ਪੰਜਾਬ 'ਚ ਚੋਣ ਪ੍ਰਚਾਰ ਦੌਰਾਨ ਬੋਲੇ JP ਨੱਢਾ- ਕਾਂਗਰਸ ਨੇ ਮਨੁੱਖਤਾ ਨੂੰ ਕੀਤਾ ਸ਼ਰਮਸਾਰ
Saturday, Feb 12, 2022 - 02:54 PM (IST)
ਰੋਪੜ- ਪੰਜਾਬ 'ਚ ਚੋਣ ਪ੍ਰਚਾਰ ਦੌਰਾਨ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ 'ਚ ਲੰਗਰ ਨੂੰ ਟੈਕਸ ਫ੍ਰੀ ਕਰਨ ਦਾ ਕੰਮ ਕੀਤਾ ਹੈ। ਇੰਨਾ ਹੀ ਨਹੀਂ ਕਰਤਾਰਪੁਰ ਲਾਂਘਾ ਵੀ ਸਾਡੇ ਪ੍ਰਧਾਨ ਮੰਤਰੀ ਮੋਦੀ ਕਾਰਨ ਸੰਭਵ ਹੋ ਸਕਿਆ ਹੈ। ਨੱਢਾ ਨੇ ਕਿਹਾ,''ਪੀ.ਐੱਮ. ਨੇ ਇਸ ਦੇ ਨਿਰਮਾਣ 'ਤੇ 120 ਕਰੋੜ ਰੁਪਏ ਖਰਚ ਕੀਤੇ। ਸਿੱਖਾਂ ਅਤੇ ਕਿਸਾਨਾਂ ਦਾ ਇੰਨਾ ਵਿਕਾਸ ਕਿਸੇ ਨੇ ਨਹੀਂ ਕੀਤਾ, ਜਿੰਨਾ ਪੀ.ਐੱਮ. ਮੋਦੀ ਨੇ ਕੀਤਾ ਹੈ।'' 1984 ਸਿੱਖ ਦੰਗਿਆਂ ਦਾ ਜ਼ਿਕਰ ਕਰਦੇ ਹੋਏ ਭਾਜਪਾ ਪ੍ਰਧਾਨ ਨੇ ਕਿਹਾ,''1984 'ਚ ਦਿੱਲੀ 'ਚ ਦੰਗੇ ਹੋਏ। ਕਾਂਗਰਸ ਦੇ ਨੇਤਾ ਕਹਿੰਦੇ ਸਨ ਕਿ ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ, ਇਹ ਤੁਹਾਡੇ ਸਾਹਮਣੇ ਵੋਟ ਮੰਗਣ ਲਈ ਆਏ ਹਨ। ਇਹ ਉਹੀ ਲੋਕ ਹਨ, ਜਿਨ੍ਹਾਂ ਨੇ 1984 ਦੇ ਦਿੱਲੀ ਦੰਗਿਆਂ 'ਚ ਆਪਣੇ ਹੱਥ ਖੂਨ ਨਾਲ ਰੰਗੇ ਸਨ।'' ਇਹ ਉਹ ਕਾਂਗਰਸੀ ਸਨ, ਜਿਨ੍ਹਾਂ ਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਸੀ। ਇਹ ਉਹ ਕਾਂਗਰਸੀ ਸਨ, ਜਿਨ੍ਹਾਂ ਨੇ ਆਜ਼ਾਦ ਭਾਰਤ 'ਚ ਅਜਿਹੀ ਸਥਿਤੀ ਲਿਆ ਦਿੱਤੀ, ਜਿਸ 'ਚ ਭਰਾ-ਭਰਾ ਨੂੰ ਮਾਰਨ ਲੱਗਾ ਸੀ।''
ਨੱਢਾ ਨੇ ਕਿਹਾ,''30 ਸਾਲ ਤੱਕ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦੋਸ਼ੀ ਘੁੰਮਦੇ ਰਹੇ, ਕਿਸੇ ਨੇ ਸੁਧ ਨਹੀਂ ਲਈ। ਕਮਿਸ਼ਨ ਬੈਠੇ, ਜਾਂਚਾਂ ਹੋਈਆਂ ਪਰ ਪੀੜਤਾਂ ਦੇ ਹੰਝੂ ਸਾਫ਼ ਕਰਨ ਲਈ ਕੋਈ ਨਹੀਂ ਆਇਆ ਪਰ ਪੀ.ਐੱਮ. ਮੋਦੀ ਨੇ ਐੱਸ.ਆਈ.ਟੀ. ਬਿਠਾਈ ਅਤੇ ਅੱਜ ਦਿੱਲੀ ਦੇ ਦੰਗਿਆਂ 'ਚ ਜਿਨ੍ਹਾਂ ਦੇ ਹੱਥ ਖੂਨ ਨਾਲ ਰੰਗੇ ਸਨ, ਉਹ ਅੱਜ ਜੇਲ੍ਹ 'ਚ ਹਨ।'' ਉਨ੍ਹਾਂ ਅੱਗੇ ਕਿਹਾ,''ਪੰਜਾਬ ਦੀ ਧਰਤੀ ਵੀਰਾਂ ਦੀ ਧਰਤੀ ਹੈ। ਧਾਰਮਿਕ ਗੁਰੂਆਂ ਦੀ ਧਰਤੀ ਹੈ। ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਦੇਸ਼ ਦੀ ਸੁਰੱਖਿਆ ਲਈ ਪੰਜਾਬ ਦੇ ਵੀਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਇਹ ਸ਼ਹੀਦ ਭਗਤ ਸਿੰਘ ਜੀ ਦੀ ਭੂਮੀ ਹੈ। ਮੈਂ ਅਜਿਹੀ ਭੂਮੀ ਨੂੰ ਨਮਨ ਕਰਦਾ ਹਾਂ।'' ਨੱਢਾ ਨੇ ਕਿਹਾ,''ਪੰਜਾਬ ਦੇ ਬਾਰੇ, ਸਿੱਖ ਭਰਾਵਾਂ ਬਾਰੇ ਸਾਰਿਆਂ ਨੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਪਰ ਅੱਜ ਤੱਕ ਕਿਸੇ ਨੇ ਸਿੱਖ ਭਰਾਵਾਂ ਲਈ ਕਿਸਾਨਾਂ ਲਈ ਉਹ ਸਭ ਨਹੀਂ ਕੀਤਾ, ਜੋ ਪ੍ਰਧਾਨ ਮੰਤਰੀ ਜੀ ਨੇ ਕੀਤਾ ਹੈ।'' ਉਨ੍ਹਾਂ ਕਿਹਾ,''ਕਰਤਾਰਪੁਰ ਸਾਹਿਬ ਲਾਂਘੇ ਲਈ ਸਾਲਾਂ ਤੋਂ ਮੰਗ ਹੋ ਰਹੀ ਸੀ। ਕਿੰਨੇ ਹੀ ਨੇਤਾ ਆਏ ਜੋ ਪੰਜਾਬ ਦੀ ਅਤੇ ਦੇਸ਼ ਦੀ ਗੱਦੀ 'ਤੇ ਬੈਠੇ ਪਰ ਕਿਸੇ ਨੇ ਕੁਝ ਨਹੀਂ ਕੀਤਾ ਪਰ ਮੋਦੀ ਜੀ ਨੇ 120 ਕਰੋੜ ਦੀ ਲਾਗਤ ਨਾਲ ਕਰਤਾਰਪੁਰ ਲਾਂਘਾ ਬਣਾ ਕੇ ਲੱਖਾਂ ਸ਼ਰਧਾਲੂਆਂ ਦੇ ਗੁਰਦੁਆਰੇ ਤੱਕ ਜਾਣ ਦੀ ਵਿਵਸਥਾ ਕੀਤੀ ਹੈ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ