ਗੁਰਦੁਆਰਾ ਸਾਹਿਬ ਨੂੰ ਬੋਧੀ ਅਸਥਾਨ ’ਚ ਤਬਦੀਲ ਕਰਨ ’ਤੇ ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ
Monday, Apr 24, 2023 - 03:13 PM (IST)
 
            
            ਅੰਮ੍ਰਿਤਸਰ- ਅਰੁਣਾਚਲ ਪ੍ਰਦੇਸ਼ ਦੇ ਮੇਚੁਕਾ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਨੂੰ ਬੋਧੀ ਅਸਥਾਨ ਵਿਚ ਤਬਦੀਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੇਚੁਕਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਗੁਰੂ ਨਾਨਕ ਤਪੋ ਅਸਥਾਨ ਸਥਿਤ ਹੈ, ਜਿਸ ਨੂੰ ਹਾਲ ਹੀ ਵਿਚ ਬੁੱਧ ਧਰਮ ਦੇ ਅਸਥਾਨ ਦੇ ਰੂਪ ਵਿਚ ਬਦਲ ਦੀ ਯਤਨ ਕੀਤਾ ਗਿਆ ਹੈ। ਇਸ ਇਤਿਹਾਸਕ ਅਸਥਾਨ ਨੂੰ ਬੋਧੀ ਅਸਥਾਨ ਵਿਚ ਤਬਦੀਲ ਕਰਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ- ਅਰੁਣਾਚਲ ਪ੍ਰਦੇਸ਼ ’ਚ ਗੁਰਦੁਆਰੇ ਨੂੰ ਬੋਧੀ ਅਸਥਾਨ ’ਚ ਤਬਦੀਲ ਕਰਨਾ ਸਿੱਖਾਂ ’ਤੇ ਹਮਲਾ : ਐਡਵੋਕੇਟ ਧਾਮੀ
ਜਥੇਦਾਰ ਨੇ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਸਿੱਖ ਧਾਰਮਿਕ ਅਸਥਾਨ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਹ ਕਿਹੜੇ ਲੋਕ ਹਨ, ਜੋ ਸਿੱਖ ਅਸਥਾਨਾਂ ਨੂੰ ਖ਼ਤਮ ਕਰਨ ਦੀਆਂ ਚਾਲਾਂ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਡਾਂਗਮਾਰ 'ਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਾਰਮਿਕ ਅਸਥਾਨ ਹੈ, ਜਿਸ ਨੂੰ ਖ਼ਤਮ ਕੀਤਾ ਗਿਆ ਅਤੇ ਹੁਣ ਫ਼ਿਰ ਇਸੇ ਤਰ੍ਹਾਂ ਹੀ ਅਰੁਣਾਚਲ ਪ੍ਰਦੇਸ਼ ਦੇ ਮੇਚੁਕਾ ਵਿਖੇ ਧਾਰਮਿਕ ਅਸਥਾਨ ਖ਼ਤਮ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕਿਹੜੇ ਲੋਕ ਹਨ ਜੋ ਸਥਾਨਕ ਲੋਕਾਂ ਨੂੰ ਭੜਕਾ ਰਹੇ ਹਨ ਇਸ ਦੀ ਪਛਾਣ ਹੋਣੀ ਚਾਹੀਦੀ ਹੈ ਤੇ ਭਾਰਤ ਸਰਕਾਰ ਨੂੰ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਕਮਿਸ਼ਨਰ ਨੇ ਅਪਰਾਧੀਆਂ ਨੂੰ ਨੱਥ ਪਾਉਣ ਲਈ ਲਿਆ ਵੱਡਾ ਫ਼ੈਸਲਾ
ਜਥੇਦਾਰ ਨੇ ਕਿਹਾ ਕਿ ਇਕ ਪਾਸੇ ਚੀਨ ਦੀਆਂ ਵਧੀਕੀਆਂ ਦਾ ਭਾਰਤੀ ਫੌਜ 'ਚ ਸ਼ਾਮਲ ਸਿੱਖ ਨੌਜਵਾਨ ਬਾਖੂਬੀ ਜਵਾਬ ਦੇ ਰਹੇ ਹਨ ਅਤੇ ਦੂਜੇ ਪਾਸੇ ਭਾਰਤ ਅੰਦਰ ਸਿੱਖ ਧਰਮ ਦੇ ਧਾਰਮਿਕ ਅਸਥਾਨਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਰੁਣਾਚਲ ਪ੍ਰਦੇਸ਼ 'ਚ ਧਾਰਮਿਕ ਅਸਥਾਨ ਨੂੰ ਭਾਰਤ ਸਰਕਾਰ ਬਹਾਲ ਕਰੇ ਤਾਂ ਕਿ ਸਾਡੇ ਸੈਨਿਕਾਂ ਤੇ ਸਿੱਖ ਕੌਮ ਦੇ ਵੀ ਹੌਂਸਲੇ ਬੁਲੰਦ ਰਹਿਣ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ SGPC ਆਪਣੇ ਪੱਧਰ 'ਤੇ ਜਾਂਚ-ਪੜਤਾਲ ਕਰ ਰਹੀ ਹੈ ਪਰ ਸਿੱਖ ਧਾਰਮਿਕ ਅਸਥਾਨਾਂ ਨਾਲ ਜੋ ਛੇੜ-ਛਾੜ ਹੋ ਰਹੀ ਹੈ ਇਸ ਨੂੰ ਭਾਰਤ ਸਰਕਾਰ ਗੰਭੀਰਤਾ ਨਾਲ ਲਵੇ।
ਇਹ ਵੀ ਪੜ੍ਹੋ- ਹਰੀਕੇ ਥਾਣੇ ਨੇੜਿਓਂ ਹੈਂਡ ਗ੍ਰਨੇਡ ਤੇ ਕਾਰਤੂਸ ਬਰਾਮਦ, ਇਲਾਕੇ 'ਚ ਫ਼ੈਲੀ ਸਨਸਨੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            