ਜੱਸੀ ਜਸਰਾਜ ਨੇ ਖਿੱਚੀ ਲੋਕ ਸਭਾ ਚੋਣਾਂ ਦੀ ਤਿਆਰੀ, ਇਸ ਸੀਟ ਤੋਂ ਦੇਣਗੇ ਟੱਕਰ!
Saturday, Feb 02, 2019 - 06:39 PM (IST)

ਸ੍ਰੀ ਅਨੰਦਪੁਰ ਸਾਹਿਬ (ਦਲਜੀਤ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਨਤਾ ਦੀਆਂ ਉਮੀਦਾਂ 'ਤੇ ਖਰੇ ਨਹੀਂ ਉਤਰੇ ਜਿਸ ਕਾਰਨ ਜਨਤਾ 'ਚ ਨਿਰਾਸ਼ਾ ਦਾ ਆਲਮ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਗਾਇਕ ਜੱਸੀ ਜਸਰਾਜ ਨੇ ਕੀਤਾ। ਜੱਸੀ ਸ਼ਨੀਵਾਰ ਨੂੰ ਆਪਣੀ ਮਾਤਾ ਗੁਰਮੀਤ ਕੌਰ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਪਿਛਲੀ ਵਾਰ ਇਥੋਂ ਚੋਣ ਲੜਨਾ ਚਾਹੁੰਦੇ ਸਨ ਪਰ ਪਾਰਟੀ ਵਲੋਂ ਬਠਿੰਡਾ ਤੋਂ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ ਹੁਣ ਮੇਰੀ ਕੋਸ਼ਿਸ਼ ਹੈ ਕਿ ਮੈਂ ਫਿਰ ਇਥੋਂ ਚੋਣ ਲੜਾਂ।
ਜੱਸੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੰਕਾਰ 'ਚ ਹਨ ਪਰ ਹੁਣ ਜਦੋਂ ਨਵਜੋਤ ਸਿੱਧੂ ਅੱਗੇ ਹੋ ਕੇ ਕੰਮ ਕਰਨ ਲੱਗੇ ਹਨ ਤਾਂ ਕੈਪਟਨ ਵਲੋਂ ਪੰਜਾਬ 'ਚ ਗੇੜੇ ਵੱਜਣ ਲੱਗੇ ਹਨ ਜਦਕਿ ਪਹਿਲਾਂ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਵੀ ਮਿਲਣ ਦਾ ਸਮਾਂ ਉਨ੍ਹਾਂ ਕੋਲ ਨਹੀਂ ਸੀ। ਕੇਜਰੀਵਾਲ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਖਤਮ ਕਰ ਕੇ ਰੱਖ ਦਿੱਤੀ ਹੈ ਤੇ ਲੋਕਾਂ ਪੱਲੇ ਨਿਰਾਸ਼ਾ ਹੀ ਪਈ ਹੈ।