ਅੰਮ੍ਰਿਤਸਰ: ਪੁਲਸ ਤੇ ਨਸ਼ਾ ਸਮੱਗਲਰਾਂ ਦਰਮਿਆਨ ਮੁੱਠਭੇੜ, ਚੱਲੀਆਂ ਗੋਲੀਆਂ (ਵੀਡੀਓ)
Monday, Oct 29, 2018 - 12:48 PM (IST)
ਅੰਮ੍ਰਿਤਸਰ(ਸੁਮਿਤ)— ਅੰਮ੍ਰਿਤਸਰ ਦਾ ਕਸਬਾ ਜੰਡਿਆਲਾ ਗੁਰੂ ਹਰ ਰੋਜ਼ ਕੋਈ ਨਾ ਕੋਈ ਅਪਰਾਧਕ ਮਾਮਲੇ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦਾ ਹੈ। ਇਥੇ ਅੱਜ ਵੀ ਦਰਸ਼ਨੀ ਗੇਟ ਨੇੜੇ ਅਪਰਾਧਕ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਸਮੱਗਲਰਾਂ ਅਤੇ ਪੁਲਸ ਵਿਚਕਾਰ ਮੁੱਠਭੇੜ ਹੋ ਗਈ ਅਤੇ ਇਸ ਦੌਰਾਨ ਦੋਵਾਂ ਧਿਰਾਂ ਨੇ ਇਕ-ਦੂਜੇ 'ਤੇ ਗੋਲੀਆਂ ਚਲਾ ਦਿੱਤੀਆਂ ਹਨ।
ਜਾਣਕਾਰੀ ਮੁਤਾਬਕ ਚੌਕੀ ਇੰਚਾਰਜ ਜੰਡਿਆਲਾ ਗੁਰੂ ਸਬ ਇੰਸਪੈਕਟਰ ਸਤਿੰਦਰਪਾਰ ਸਿੰਘ ਨੇ ਪੁਲਸ ਪਾਰਟੀ ਨਾਲ ਵਾਲਮੀਕਿ ਚੌਕ ਵਿਚ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਨੇ ਆਲਟੋ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰਾਂ ਨੇ ਪੁਲਸ 'ਤੇ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਚਾਅ ਵਿਚ ਪੁਲਸ ਨੇ ਜਵਾਬੀ ਫਾਈਰਿੰਗ ਕੀਤੀ। ਇਸ ਦੌਰਾਨ ਪੁਲਸ ਨੇ ਲੋਕਾਂ ਦੀ ਮਦਦ ਨਾਲ 3 ਦੋਸ਼ੀਆਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ। ਇਨ੍ਹਾਂ ਤਿੰਨਾਂ ਦੋਸ਼ੀਆਂ ਦੀ ਪਛਾਣ ਸਰਬਜੀਤ ਸਿੰਘ ਪੁੱਤਰ ਅਰਜਨ ਸਿੰਘ ਨਿਵਾਸੀ ਪਿੰਡ ਨਾਗੋਕੇ ਥਾਣਾ ਵੈਰੋਵਾਲ ਜ਼ਿਲਾ ਤਰਨਤਾਰਨ, ਵਿਕਾਸ ਪੁੱਤਰ ਜੈ ਪ੍ਰਕਾਸ਼ ਨਿਵਾਸੀ ਜੰਡਿਆਲਾ ਗੁਰੂ ਅਤੇ ਜਸਕਰਨ ਸਿੰਘ ਪੁੱਤਰ ਤਜਿੰਦਰ ਸਿੰਘ ਨਿਵਾਸੀ ਜੰਡਿਆਲਾ ਗੁਰੂ ਦੇ ਰੂਪ ਵਿਚ ਹੋਈ ਹੈ। ਪੁਲਸ ਦੀ ਜਵਾਬੀ ਫਾਈਰਿੰਗ ਵਿਚ ਸਰਬਜੀਤ ਸਿੰਘ ਦੀ ਖੱਬੀ ਬਾਂਹ 'ਤੇ ਗੋਲੀ ਲੱਗ ਗਈ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ ਨਸ਼ੇ ਦੇ ਆਦੀ ਹਨ ਅਤੇ ਨਸ਼ਾ ਲੈਣ ਲਈ ਆਏ ਸਨ। ਸਮੱਗਲਰਾਂ ਕੋਲੋਂ 10 ਗ੍ਰਾਮ ਹੈਰੋਇਨ ਤੋਂ ਇਲਾਵਾ ਜਾਨਲੇਵਾ ਹਥਿਆਰ ਸਮੇਤ 1 ਪਿਸਤੌਲ ਵੀ ਬਰਾਮਦ ਕੀਤੀ ਗਈ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ ਵਾਸੀ ਡਰ ਗਏ ਹਨ ਅਤੇ ਲੋਕਾਂ ਨੇ ਉਮੀਦ ਜਤਾਈ ਹੈ ਕਿ ਹੁਣ ਉਨ੍ਹਾਂ ਨੂੰ ਜੰਡਿਆਲਾ ਗੁਰੂ ਜਲਦੀ ਹੀ ਅਪਰਾਧ ਮੁਕਤ ਮਿਲੇਗਾ। ਇਸ ਮੌਕੇ 'ਤੇ ਡੀ.ਐੱਸ.ਪੀ. ਜੰਡਿਆਲਾ ਗੁਰਮੀਤ ਸਿੰਘ ਚੀਮਾ ਵੀ ਹਾਜ਼ਰ ਸਨ। ਪੁਲਸ ਵਲੋਂ ਉਕਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।