ਜਲਿਆਂਵਾਲਾ ਬਾਗ ਦਾ ਸ਼ਤਾਬਦੀ ਵਰ੍ਹਾ ਮਨਾਉਣ ਦਾ ਐਲਾਨ

Thursday, Mar 15, 2018 - 11:23 AM (IST)

ਅੰਮ੍ਰਿਤਸਰ (ਕਮਲ) - ਭਾਜਪਾ ਦੇ ਸੀਨੀਅਰ ਆਗੂ ਅਤੇ ਐੱਮ. ਪੀ. ਸ਼ਵੇਤ ਮਲਿਕ ਦੀ ਮੰਗ 'ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜਲਿਆਂਵਾਲਾ ਬਾਗ ਦੇ 100 ਸਾਲ ਪੂਰੇ ਹੋਣ 'ਤੇ 13 ਅਪ੍ਰੈਲ 2019 'ਚ ਪੂਰੇ ਵਰ੍ਹੇ ਨੂੰ ਸ਼ਤਾਬਦੀ ਵਰ੍ਹੇ ਦੇ ਤੌਰ 'ਤੇ ਮਨਾਉਣ ਅਤੇ ਜਲਿਆਂਵਾਲਾ ਬਾਗ ਦੇ ਵਿਕਾਸ ਦਾ ਵੀ ਐਲਾਨ ਕੀਤਾ। ਇਸ ਮੌਕੇ ਐੱਮ. ਪੀ. ਸ਼ਵੇਤ ਮਲਿਕ ਨੇ ਰਾਜਨਾਥ ਸਿੰਘ ਦਾ ਉਨ੍ਹਾਂ ਦੀਆਂ ਮੰਗਾਂ ਸਵੀਕਾਰ ਕਰਨ ਲਈ ਧੰਨਵਾਦ ਕੀਤਾ। ਮਲਿਕ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੇ ਉਨ੍ਹਾਂ ਦੀ ਮੰਗ ਮੰਨਦਿਆਂ ਭਰੋਸਾ ਦਿੱਤਾ ਕਿ ਸਾਲ 2018 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਸ਼ਹੀਦਾਂ ਨੂੰ ਸਮਰਪਿਤ ਹੋਵੇਗਾ ਅਤੇ ਸ਼ਤਾਬਦੀ ਵਰ੍ਹੇ 'ਚ ਸ਼ਹੀਦਾਂ ਦੀ ਯਾਦ 'ਚ ਪ੍ਰੋਗਰਾਮ ਹੋਣਗੇ ਤਾਂ ਕਿ ਨੌਜਵਾਨ ਵਰਗ ਉਨ੍ਹਾਂ ਦੀ ਸ਼ਹਾਦਤ ਤੋਂ ਜਾਣੂ ਹੋ ਸਕੇ।
ਮਲਿਕ ਨੇ ਦੱਸਿਆ ਕਿ ਭਾਰਤ ਦੇ ਇਤਿਹਾਸ 'ਚ ਜਲਿਆਂਵਾਲਾ ਬਾਗ ਇਕ ਅਜਿਹੀ ਘਟਨਾ ਦਾ ਸ਼ਿਕਾਰ ਬਣਿਆ ਜੋ ਇਤਿਹਾਸ 'ਚ ਕਾਲਾ ਦਰਜ ਕੀਤਾ ਗਿਆ ਹੈ। 13 ਅਪ੍ਰੈਲ 1919 ਦਾ ਦਿਨ ਕਿਸੇ ਵੀ ਭਾਰਤੀ ਲਈ ਨਾ ਭੁੱਲਣ ਵਾਲਾ ਦਿਨ ਹੈ, ਇਸ ਦਿਨ ਜਨਰਲ ਡਾਇਰ ਦੀ ਅਗਵਾਈ 'ਚ ਬ੍ਰਿਟਿਸ਼ ਫੌਜ ਦੀ ਟੁਕੜੀ ਨੇ ਨਿਹੱਥੇ ਭਾਰਤੀਆਂ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਵੱਡੀ ਗਿਣਤੀ 'ਚ ਲੋਕਾਂ ਦਾ ਕਤਲੇਆਮ ਕੀਤਾ ਸੀ। ਇਸ ਬਾਗ 'ਚ ਇਕਜੁਟ ਹੋ ਕੇ ਭਾਰਤੀ ਰੋਲਟ ਐਕਟ ਦਾ ਵਿਰੋਧ ਕਰ ਰਹੇ ਸਨ। ਮਲਿਕ ਨੇ ਦੱਸਿਆ ਕਿ ਕੇਂਦਰ ਦੀ ਸਾਬਕਾ ਕਾਂਗਰਸ ਸਰਕਾਰ ਵੱਲੋਂ ਜਲਿਆਂਵਾਲਾ ਬਾਗ ਦੇ ਵਿਕਾਸ ਅਤੇ ਦੇਖ-ਭਾਲ ਲਈ ਜੋ ਟਰੱਸਟ ਬਣਾਇਆ ਗਿਆ ਸੀ, ਉਸ ਵਿਚ ਕਾਂਗਰਸੀ ਐੱਮ. ਪੀ. ਅੰਬਿਕਾ ਸੋਨੀ, ਸਾਬਕਾ ਐੱਮ. ਪੀ. ਐੱਚ. ਐੱਸ. ਹੰਸਪਾਲ ਅਤੇ ਵੀਰੇਂਦਰ ਕਟਾਰੀਆ ਨੂੰ ਟਰੱਸਟੀ ਬਣਾਇਆ ਗਿਆ ਸੀ। ਮਲਿਕ ਨੇ ਕਿਹਾ ਕਿ ਇਸ ਟਰੱਸਟ ਨੇ ਨਾ ਤਾਂ ਰੈਗੂਲਰ ਬੈਠਕਾਂ ਕੀਤੀਆਂ ਤੇ ਨਾ ਹੀ ਕੇਂਦਰ ਸਰਕਾਰ ਤੋਂ ਜਲਿਆਂਵਾਲਾ ਬਾਗ ਦੇ ਵਿਕਾਸ ਲਈ ਬਜਟ ਦੀ ਮੰਗ ਕੀਤੀ।


Related News