ਜਲੰਧਰ : ਤਬਾਦਲੇ ਤੋਂ ਬਾਅਦ ਬੋਲੇ ਗੁਰਪ੍ਰੀਤ ਸਿੰਘ ਭੁੱਲਰ, ਕਿਹਾ-ਨਹੀਂ ਭੁਲਾ ਸਕਾਂਗਾ ਸ਼ਹਿਰਵਾਸੀਆਂ ਦਾ ਸਹਿਯੋਗ ਤੇ ਪਿਆਰ
Saturday, Aug 21, 2021 - 05:46 PM (IST)
ਜਲੰਧਰ (ਸੁਧੀਰ)– ਪੰਜਾਬ ਸਰਕਾਰ ਦੇ ਹੁਕਮਾਂ ’ਤੇ ਦੇਰ ਸ਼ਾਮ ਪੁਲਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲਿਆਂ ਤਹਿਤ ਜਲੰਧਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਭੁੱਲਰ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਉਹ ਸ਼ਹਿਰ ਵਾਸੀਆਂ ਦੇ ਪਿਆਰ ਅਤੇ ਸਹਿਯੋਗ ਨੂੰ ਕਦੇ ਨਹੀਂ ਭੁਲਾ ਸਕਣਗੇ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਸਹਿਯੋਗ ਅਤੇ ਪਿਆਰ ਸਦਕਾ ਉਨ੍ਹਾਂ ਨੂੰ ਪਤਾ ਨਹੀਂ ਲੱਗਾ ਕਿ ਸ਼ਹਿਰ ਵਿਚ ਉਨ੍ਹਾਂ ਦਾ ਕਦੋਂ ਲਗਭਗ ਢਾਈ ਸਾਲ ਤੱਕ ਦਾ ਸਮਾਂ ਲੰਘ ਗਿਆ।
ਵਰਣਨਯੋਗ ਹੈ ਕਿ ਸੀ. ਪੀ. ਭੁੱਲਰ ਨੇ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਵਿਚ ਕਈ ਨਸ਼ਾ ਸਮੱਗਲਰਾਂ ਅਤੇ ਸ਼ਰਾਬ ਮਾਫ਼ੀਆ ਦੀ ਨਕੇਲ ਕੱਸ ਕੇ ਉਨ੍ਹਾਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚਾਇਆ। ਸ਼ਰਾਬ ਸਮੱਗਲਰਾਂ ਖ਼ਿਲਾਫ਼ ਲਗਭਗ 700 ਤੋਂ ਵੱਧ ਮਾਮਲੇ ਦਰਜ ਕਰਕੇ 820 ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਲਗਭਗ 1 ਕਰੋੜ 96 ਲੱਖ 5 ਹਜ਼ਾਰ 256 ਐੱਮ. ਐੱਲ. ਨਾਜਾਇਜ਼ ਸ਼ਰਾਬ ਦੀ ਖੇਪ ਬਰਾਮਦ ਕੀਤੀ ਗਈ। ਨਸ਼ਾ ਸਮੱਗਲਰਾਂ ਖ਼ਿਲਾਫ਼ 269 ਮਾਮਲੇ ਦਰਜ ਕਰਕੇ 375 ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਲਗਭਗ 1500 ਕਿਲੋ ਚੂਰਾ-ਪੋਸਤ, 44 ਕਿਲੋ ਅਫ਼ੀਮ, 23 ਕਿਲੋ ਗਾਂਜਾ, 4 ਕਿਲੋ ਹੈਰੋਇਨ, 15 ਲੱਖ 36 ਹਜ਼ਾਰ 699 ਨਸ਼ੇ ਵਾਲੀਆਂ ਗੋਲ਼ੀਆਂ ਅਤੇ 4 ਲੱਖ 21 ਹਜ਼ਾਰ ਦੀ ਲਗਭਗ ਡਰੱਗ ਮਨੀ ਅਤੇ 2 ਕਿਲੋ 800 ਗ੍ਰਾਮ ਚਰਸ ਬਰਾਮਦ ਕੀਤੀ।
ਇਹ ਵੀ ਪੜ੍ਹੋ: ਜਲੰਧਰ: ਕਿਸਾਨਾਂ ਦੇ ਰੇਲਵੇ ਟਰੈਕ ’ਤੇ ਡੇਰੇ, ਕਈ ਰੇਲਾਂ ਹੋਈਆਂ ਰੱਦ ਤੇ ਕਈਆਂ ਦਾ ਬਦਲਿਆ ਸਮਾਂ, ਪੜ੍ਹੋ ਪੂਰੀ ਜਾਣਕਾਰੀ
ਉਨ੍ਹਾਂ ਨਸ਼ਾ ਸਮੱਗਲਰਾਂ ਦੀ ਜਾਇਦਾਦ ਵੀ ਜ਼ਬਤ ਕਰਨ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ। ਮਾਣਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਮੁਲਜ਼ਮਾਂ ਨੂੰ ਉਨ੍ਹਾਂ ਵਿਸ਼ੇਸ਼ ਮੁਹਿੰਮ ਚਲਾ ਕੇ ਲਗਭਗ 880 ਭਗੌੜਿਆਂ ਨੂੰ ਕਾਬੂ ਕੀਤਾ। ਕਈ ਸਨਸਨੀਖੇਜ਼ ਮਾਮਲਿਆਂ ਅਤੇ ਗੋਲ਼ੀ ਕਾਂਡਾਂ ਨੂੰ ਗੰਭੀਰਤਾ ਨਾਲ ਟਰੇਸ ਕਰਕੇ ਕਈ ਅਪਰਾਧੀਆਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚਾਇਆ। ਡਿਪਟੀ ਕਤਲ ਕਾਂਡ ਨੂੰ ਸੁਲਝਾਉਣ ਲਈ ਵੀ ਉਨ੍ਹਾਂ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਸੀ, ਜਿਸ ਤਹਿਤ ਮੁਲਜ਼ਮਾਂ ਬਾਰੇ ਕਈ ਅਹਿਮ ਸੁਰਾਗ ਲੱਗੇ ਸਨ, ਜਿਨ੍ਹਾਂ ਦੇ ਆਧਾਰ ’ਤੇ ਕਮਿਸ਼ਨਰੇਟ ਪੁਲਸ ਨੇ ਡਿਪਟੀ ਕਤਲ ਕਾਂਡ ਵੀ ਲਗਭਗ ਸੁਲਝਾ ਲਿਆ ਸੀ। ਇਸ ਦਾ ਖ਼ੁਲਾਸਾ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਣ ਵਾਲਾ ਸੀ।
ਇਹ ਵੀ ਪੜ੍ਹੋ: ਜਲੰਧਰ: ਕਿਸਾਨਾਂ ਦੇ ਧਰਨੇ ਕਾਰਨ ਹਾਈਵੇਜ਼ ਬਲਾਕ, ਟਰੈਫਿਕ ਪੁਲਸ ਨੇ ਰੂਟ ਪਲਾਨ ’ਚ ਕੀਤਾ ਫੇਰਬਦਲ
ਕੋਵਿਡ-19 ਦੌਰਾਨ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਕੋਵਿਡ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਭੁੱਲਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਸ਼ਹਿਰ ਵਿਚ ਬਿਨਾਂ ਮਾਸਕ ਘੁੰਮਣ ਵਾਲਿਆਂ, ਸੋਸ਼ਲ ਡਿਸਟੈਂਸਿੰਗ ਦਾ ਉਲੰਘਣ ਕਰਨ ਵਾਲਿਆਂ ਅਤੇ ਕੋਵਿਡ-19 ਪ੍ਰੋਟੋਕੋਲ ਦਾ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ। ਭੁੱਲਰ ਨੇ ਦੱਸਿਆ ਕਿ ਸ਼ਹਿਰ ਨੂੰ ਨਸ਼ਾ ਅਤੇ ਅਪਰਾਧ ਮੁਕਤ ਬਣਾਉਣ ਅਤੇ ਕੋਰੋਨਾ ਕਾਲ ਵਿਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਵਾਸੀਆਂ ਨੇ ਜਿਹੜਾ ਸਹਿਯੋਗ ਅਤੇ ਪਿਆਰ ਦਿੱਤਾ, ਉਸ ਨੂੰ ਉਹ ਕਦੇ ਭੁਲਾ ਨਹੀਂ ਸਕਣਗੇ।
ਇਹ ਵੀ ਪੜ੍ਹੋ: ਪੰਜਾਬ ’ਚ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨੂੰ ਦੋਬਾਰਾ ਤਿਆਰ ਕਰਨ ਲਈ ISI ਲੈ ਰਹੀ ਲਖਬੀਰ ਸਿੰਘ ਰੋਡੇ ਦੀ ਮਦਦ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।