ਜਲੰਧਰ ਜ਼ਿਮਨੀ ਚੋਣ : ਹਰੇਕ ਉਮੀਦਵਾਰ ਖਰਚ ਕਰ ਸਕਦੈ ਇੰਨੇ ਰੁਪਏ, ਜ਼ਿਲ੍ਹਾ ਪੱਧਰੀ ਮਾਨੀਟਰਿੰਗ ਸੈੱਲ ਦਾ ਗਠਨ
Wednesday, Apr 12, 2023 - 12:48 AM (IST)
ਜਲੰਧਰ (ਚੋਪੜਾ) : ਜ਼ਿਲ੍ਹਾ ਪ੍ਰਸ਼ਾਸਨ ਨੇ ਚੋਣ ਖਰਚ ਦੀ ਨਿਗਰਾਨੀ ਲਈ ਗਠਿਤ ਵੱਖ-ਵੱਖ ਟੀਮਾਂ ਨੂੰ ਸਿਖਲਾਈ ਦਿੱਤੀ ਤਾਂ ਕਿ ਚੋਣ ਦੌਰਾਨ ਉਮੀਦਵਾਰ ਦੇ ਖਰਚ ’ਤੇ ਨਜ਼ਰ ਰੱਖੀ ਜਾ ਸਕੇ। ਇਸ ਸਿਖਲਾਈ ਦੌਰਾਨ ਖਰਚ ਨਿਗਰਾਨ ਸੈੱਲ, ਲੇਖਾ ਦਲ ਦੇ ਮੈਂਬਰ, ਵਿਧਾਨ ਸਭਾ ਹਲਕਾ ਪੱਧਰ ਦੇ ਸਹਾਇਕ ਖਰਚ ਇੰਚਾਰਜ, ਮੀਡੀਆ ਸਰਟੀਫਿਕੇਸ਼ਨ ਦੇ ਮਾਨੀਟਰਿੰਗ ਸੈੱਲ, ਉੱਡਣ ਦਸਤੇ, ਵੀਡੀਓ ਸਰਵੀਲੈਂਸ, ਸਟੈਟਿਕਸ ਸਰਵੀਲੈਂਸ ਅਤੇ ਵੀਡੀਓ ਦੇਖਣ ਵਾਲੀ ਟੀਮ ਦੇ ਮੈਂਬਰਾਂ ਨੇ ਹਿੱਸਾ ਲਿਆ।
ਇਹ ਵੀ ਪੜ੍ਹੋ : ਨਰਮੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਅਹਿਮ ਖ਼ਬਰ, ਇਸ ਤਾਰੀਖ਼ ਤੋਂ ਮਿਲੇਗਾ ਨਹਿਰੀ ਪਾਣੀ
ਇਸ ਦੌਰਾਨ ਡੀ. ਸੀ.-ਕਮ-ਜ਼ਿਲ੍ਹਾ ਚੋਣ ਅਧਿਕਾਰੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਜ਼ਿਮਨੀ ਚੋਣ ਲਈ ਹਰੇਕ ਉਮੀਦਵਾਰ ਵਾਸਤੇ 95 ਲੱਖ ਰੁਪਏ ਦੀ ਖਰਚਾ ਹੱਦ ਨਿਰਧਾਰਿਤ ਕੀਤੀ ਗਈ ਹੈ, ਜਿਸ ਦੇ ਲਈ ਖਰਚ ਨਿਗਰਾਨ ਦਲ ਦੇ ਸਾਰੇ ਮੈਂਬਰਾਂ ਲਈ ਖਰਚੇ ਦੀ ਗਣਨਾ ਵਿਧੀ ਤੋਂ ਜਾਣੂ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਖਰਚ ’ਤੇ ਨਜ਼ਰ ਰੱਖਣ ਲਈ ਜ਼ਿਲ੍ਹਾ ਪੱਧਰੀ ਮਾਨੀਟਰਿੰਗ ਸੈੱਲ (ਡੀ. ਈ.ਐੱਮ. ਸੀ.) ਦਾ ਵੀ ਗਠਨ ਕੀਤਾ ਗਿਆ ਹੈ, ਜੋ 13 ਅਪ੍ਰੈਲ ਤੋਂ ਨਾਮਜ਼ਦਗੀਆਂ ਸ਼ੁਰੂ ਕਰਨ ਦੇ ਨਾਲ ਹੀ ਆਪਣਾ ਕੰਮ ਸ਼ੁਰੂ ਕਰ ਦੇਵੇਗਾ।
ਇਹ ਵੀ ਪੜ੍ਹੋ : Jalandhar : ਸਪਾ ਸੈਂਟਰ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਮਾਰਿਆ ਛਾਪਾ (ਵੀਡੀਓ)
ਜ਼ਿਲ੍ਹਾ ਨੋਡਲ ਅਧਿਕਾਰੀ (ਖਰਚ ਨਿਗਰਾਨ ਸੈੱਲ)-ਕਮ-ਏ. ਡੀ. ਸੀ. (ਸ਼ਹਿਰੀ ਵਿਕਾਸ) ਜਸਬੀਰ ਸਿੰਘ ਅਤੇ ਸਹਾਇਕ ਰਿਟਰਨਿੰਗ ਅਧਿਕਾਰੀ ਕਰਤਾਰਪੁਰ-ਕਮ-ਐੱਸ. ਡੀ. ਐੱਮ. ਜਲੰਧਰ-2 ਬਲਬੀਰ ਰਾਜ ਸਿੰਘ ਨੇ ਟੀਮਾਂ ਨੂੰ ਚੋਣ ਖਰਚ ਦੀ ਗਣਨਾ ਦੇ ਸਬੰਧ ਵਿਚ ਵਿਸਤ੍ਰਿਤ ਸਿਖਲਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਟੀਮਾਂ ਦੀ ਸਹੂਲਤ ਲਈ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਹਰੇਕ ਵਸਤੂ ਦੀਆਂ ਦਰਾਂ ਦੀ ਸੂਚੀ ਮੁਹੱਈਆ ਕਰਵਾਈ ਹੈ ਅਤੇ ਇਨ੍ਹਾਂ ਟੀਮਾਂ ਦੀ ਮਦਦ ਲਈ ਫਲਾਇੰਗ ਸਕੁਐਡ ਟੀਮਾਂ (ਐੱਫ. ਐੱਸ. ਟੀ.), ਸਟੈਟਿਕਸ ਸਰਵੀਲੈਂਸ ਟੀਮ (ਐੱਸ. ਐੱਸ. ਟੀ.), ਵੀਡੀਓ ਸਰਵੀਲੈਂਸ ਟੀਮਾਂ (ਵੀ. ਐੱਸ. ਟੀ.) ਅਤੇ ਵੀਡੀਓ ਦੇਖਣ ਵਾਲੀਆਂ ਟੀਮਾਂ ਦਾ ਵੀ ਪ੍ਰਸ਼ਾਸਨ ਵੱਲੋਂ ਗਠਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਮੁੜ ਪੈਰ ਪਸਾਰਨ ਲੱਗਾ ਕੋਰੋਨਾ, ਇਸ ਜ਼ਿਲ੍ਹੇ ’ਚ 2 ਮਰੀਜ਼ਾਂ ਦੀ ਹੋਈ ਮੌਤ
ਉਨ੍ਹਾਂ ਖਰਚ ਨਿਗਰਾਨ ਟੀਮਾਂ ਨੂੰ ਚੋਣ ਕਮਿਸ਼ਨ ਦੇ ਨਿਰਦੇਸ਼ ਅਨੁਸਾਰ ਸ਼ੈਡੋ ਰਜਿਸਟਰ ਮੇਨਟੇਨ ਕਰਨ ਦੀ ਅਪੀਲ ਕੀਤੀ ਤਾਂ ਕਿ ਖਰਚ ਨਿਗਰਾਨ ਦੇ ਨਿਰਦੇਸ਼ਾਂ ’ਤੇ ਉਹ ਇਸਨੂੰ ਪੇਸ਼ ਕਰਨ ਤੋਂ ਜਾਣੂ ਹੋ ਸਕਣ, ਨਾਲ ਹੀ ਨਿਯਮਿਤ ਵਕਫੇ ’ਤੇ ਉਮੀਦਵਾਰਾਂ ਦੇ ਰਜਿਸਟਰ ਦਾ ਮਿਲਾਨ ਕੀਤਾ ਜਾ ਸਕੇ। ਇਸ ਮੌਕੇ ਏ. ਡੀ. ਸੀ. (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ, ਏ. ਸੀ. ਏ. ਪੁੱਡਾ ਦਰਬਾਰਾ ਸਿੰਘ ਰੰਧਾਵਾ, ਐੱਸ. ਡੀ. ਐੱਮ.-2 ਬਲਬੀਰ ਰਾਜ ਸਿੰਘ, ਐੱਸ. ਡੀ. ਐੱਮ.-1 ਵਿਕਾਸ ਹੀਰਾ, ਸੈਕਟਰੀ ਆਰ. ਟੀ. ਏ. ਬਲਜਿੰਦਰ ਸਿੰਘ, ਸਹਾਇਕ ਕਮਿਸ਼ਨਰ ਗੁਰਸਿਮਰਨਜੀਤ ਕੌਰ ਅਤੇ ਹੋਰ ਨਿਗਰਾਨ ਟੀਮਾਂ ਨਾਲ ਸਬੰਧਤ ਅਧਿਕਾਰੀ ਵੀ ਮੌਜੂਦ ਸਨ।