550 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਅਲੌਕਿਕ ਯਾਤਰਾ ਭਲਕੇ

Saturday, Feb 23, 2019 - 04:25 AM (IST)

550 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਅਲੌਕਿਕ ਯਾਤਰਾ ਭਲਕੇ
ਜਲੰਧਰ (ਚਾਵਲਾ)—ਧਾਰਮਿਕ ਸਮਾਗਮਾਂ ਵਿਚ ਸੰਗਤਾਂ ਦੇ ਜੋੜਿਆਂ ਦੀ ਸਾਂਭ-ਸੰਭਾਲ ਕਰਨ ਵਾਲੀ ਸ਼ਹਿਰ ਦੀ ਨਿਸ਼ਕਾਮ ਸੰਸਥਾ ਗੁਰਮੁਖ ਸੇਵਕ ਦਲ ਜਲੰਧਰ ਵਲੋਂ ਸਮੂਹ ਸੰਤ ਸਮਾਜ, ਸਿੰਘ ਸਭਾਵਾਂ, ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀਆਂ, ਇਸਤਰੀ ਸਤਿਸੰਗ ਸਭਾਵਾਂ, ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਅਲੌਕਿਕ ਯਾਤਰਾ (ਨਗਰ ਕੀਰਤਨ ਦੇ ਰੂਪ ਵਿਚ) 24 ਫਰਵਰੀ ਨੂੰ ਸੁਲਤਾਨਪੁਰ ਲੋਧੀ ਲਿਜਾਈ ਜਾ ਰਹੀ ਹੈ। ਅੱਜ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੁਰਮੁਖ ਸੇਵਕ ਦਲ ਦੇ ਮੁੱਖ ਸੇਵਾਦਾਰ ਦਲਜੀਤ ਸਿੰਘ ਬੇਦੀ ਨੇ ਦੱਸਿਆ ਹੈ ਕਿ ਗੁਰਮੁਖ ਸੇਵਕ ਦਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਰੰਭ ਕੀਤੇ ਸਮਾਗਮਾਂ ਦੀ ਲੜੀ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਘਰ-ਘਰ ਤਕ ਪਹੁੰਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਸੇ ਲੜੀ ਤਹਿਤ ਜਲੰਧਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅਲੌਕਿਕ ਯਾਤਰਾ 24 ਫਰਵਰੀ, ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੁਹੱਲਾ ਗੋਬਿੰਦਗੜ੍ਹ ਤੋਂ ਸਵੇਰੇ 8 ਵਜੇ ਆਰੰਭ ਹੋ ਕੇ ਸੈਂਟਰਲ ਟਾਊਨ, ਮਿਲਾਪ ਚੌਕ, ਭਗਤ ਸਿੰਘ ਚੌਕ, ਅੱਡਾ ਹੁਸ਼ਿਆਰਪੁਰ, ਪਟੇਲ ਚੌਕ, ਕਪੂਰਥਲਾ ਚੌਕ, ਬਸਤੀ ਬਾਵਾ ਖੇਲ ਤੋਂ ਖੋਜੇਵਾਲ, ਕਪੂਰਥਲਾ ਰੇਲ ਕੋਚ ਫੈਕਟਰੀ ਤੋਂ ਹੁੰਦੀ ਹੋਈ ਸੁਲਤਾਨਪੁਰ ਲੋਧੀ ਪੁੱਜੇਗੀ। ਇਸ ਯਾਤਰਾ ਦੀ ਅਗਵਾਈ ਪੰਜ ਪਿਆਰੇ ਕਰਨਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਇਸ ਯਾਤਰਾ ਵਿਚ ਵੱਖ-ਵੱਖ ਗੁਰਦੁਆਰਿਆਂ ਤੋਂ ਸੰਗਤਾਂ ਵੱਡੀ ਗਿਣਤੀ ਵਿਚ ਸ਼ਾਮਲ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਯਾਤਰਾ ਦੇ ਸਵਾਗਤ ਲਈ ਵੱਖ-ਵੱਖ ਥਾਈਂ ਸਭਾ ਸੋਸਾਇਟੀਆਂ ਵਲੋਂ ਵੱਡੇ ਪੱਧਰ ’ਤੇ ਸਵਾਗਤ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਵਿਖੇ ਪ੍ਰਸ਼ਾਸਨ ਵਲੋਂ ਗਾਰਡ ਆਫ ਆਨਰ ਨਾਲ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਅਲੌਕਿਕ ਯਾਤਰਾ ਵਿਚ ਸ਼ਬਦੀ ਜਥੇ ਵੀ ਗੁਰੂ ਜੱਸ ਗਾਇਨ ਕਰਦੇ ਹੋਏ ਨਾਲ-ਨਾਲ ਚੱਲਣਗੇ, ਜਦਕਿ ਇਸ ਸਮਾਗਮ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਸੰਗਤਾਂ ਦੇ ਉਤਸ਼ਾਹ ਨੂੰ ਦੇਖਦਿਆਂ ਵਿਸ਼ੇਸ਼ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਇਸ ਮੌਕੇ ਹਰਪ੍ਰੀਤ ਸਿੰਘ ਅੰਮ੍ਰਿਤ ਕੰਪਿਊਟਰ, ਬਲਵਿੰਦਰ ਸਿੰਘ, ਸੁਰਿੰਦਰਪਾਲ ਸਿੰਘ, ਹੈਪੀ ਰਾਜਪਾਲ, ਗੁਰਵਿੰਦਰਪਾਲ ਸਿੰਘ, ਪੁਰਸ਼ੋਤਮ ਸਿੰਘ, ਸੁਖਵਿੰਦਰ ਸਿੰਘ, ਹਰਵਿੰਦਰ ਸਿੰਘ ਮੱਕੜ, ਗੁਰਪ੍ਰੀਤ ਸਿੰਘ, ਪਰਵਿੰਦਰ ਸਿੰਘ ਭਾਟੀਆ, ਪ੍ਰੀਤਮ ਸਿੰਘ ਰਾਜਪਾਲ, ਮਹਿੰਦਰ ਸਿੰਘ ਵਾਲੀਆ, ਵੈਰਾਗ ਸਿੰਘ ਮਹਿਤਾ, ਗੁਰਵਿੰਦਰ ਸਿੰਘ ਦੀਪੂ, ਗਿਆਨੀ ਗੁਰਮੀਤ ਸਿੰਘ, ਡਾ. ਮਨਦੀਪ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।

Related News