ਸੀਟ ਹੱਥੋਂ ਖੁਸਦੀ ਦੇਖ ਘੁਬਾਇਆ ਨੇ ਦਿੱਤਾ ਵੱਡਾ ਬਿਆਨ

Thursday, May 23, 2019 - 03:06 PM (IST)

ਸੀਟ ਹੱਥੋਂ ਖੁਸਦੀ ਦੇਖ ਘੁਬਾਇਆ ਨੇ ਦਿੱਤਾ ਵੱਡਾ ਬਿਆਨ

ਜਲਾਲਾਬਾਦ (ਸੇਤੀਆ) - ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਜਨਤਾ ਦੇ ਫੈਸਲੇ ਦਾ ਸਵਾਗਤ ਕਰਦਿਆਂ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦੇਸ਼ ਦੇ ਲੋਕਤੰਤਰ ਨੂੰ ਬਹਾਲ ਰੱਖਣ ਲਈ ਲਗਾਈਆਂ ਗਈਆਂ ਈ.ਵੀ.ਐੱਮ. ਮਸ਼ੀਨਾਂ 'ਤੇ ਸਵਾਲ ਖੜ੍ਹੇ ਕੀਤੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਉਹ ਆ ਰਹੇ ਨਤੀਜੇ ਨੂੰ ਸਵੀਕਾਰ ਕਰਦੇ ਹਨ ਪਰ ਜਿਸ ਤਰ੍ਹਾਂ ਪੂਰੇ ਲੋਕ ਸਭਾ ਹਲਕੇ ਅੰਦਰ ਵੋਟਿੰਗ ਹੋਈ ਹੈ, ਉਹ ਸਵਾਲਾਂ ਦੇ ਘੇਰੇ 'ਚ ਹੈ। ਉਨ੍ਹਾਂ ਕਿਹਾ ਕਿ ਪੂਰੀ ਗਿਣਤੀ ਦੇ ਦੌਰਾਨ 54-37 ਫੀਸਦੀ ਦਾ ਅਨੁਪਾਤ ਰਿਹਾ ਹੈ ਜਦਕਿ ਗਿਣਤੀ ਦੌਰਾਨ ਕਿਧਰੇ ਇਹ ਅਨੁਪਾਤ ਘੱਟ ਜਾਂ ਜ਼ਿਆਦਾ ਨਹੀਂ ਹੋਇਆ। ਜਲਾਲਾਬਾਦ ਹਲਕੇ ਦੇ ਕੁਝ ਅਜਿਹੇ ਪਿੰਡ, ਜਿੱਥੇ ਜੇਕਰ ਇਕ ਵੀ ਵੋਟਰ ਤੋਂ ਪੁੱਛ ਲਿਆ ਜਾਵੇ ਤਾਂ ਉਹ ਖੜ੍ਹੇ ਹੋ ਕੇ ਉਨ੍ਹਾਂ ਦੇ ਹੱਕ 'ਚ ਭੁਗਤ ਸਕਦੇ ਹਨ ਪਰ ਉਨ੍ਹਾਂ ਪਿੰਡਾਂ 'ਚ ਵਿਰੋਧੀ ਪਾਰਟੀ ਨੂੰ ਲੀਡ ਦਿਵਾਈ ਗਈ। 

ਉਨ੍ਹਾਂ ਟਾਹਲੀਵਾਲਾ ਪਿੰਡ ਦਾ ਨਾਂ ਵਿਸ਼ੇਸ਼ ਤੌਰ 'ਤੇ ਲੈਂਦਿਆਂ ਕਿਹਾ ਕਿ ਇਹ ਅਜਿਹਾ ਪਿੰਡ ਹੈ ਜੋ ਕਿਸੇ ਵੀ ਪੱਖੋਂ ਅਕਾਲੀ ਦਲ ਦੇ ਹੱਕ 'ਚ ਨਹੀਂ ਭੁਗਤ ਸਕਦਾ ਪਰ ਇਸ ਪਿੰਡ 'ਚ ਵਿਰੋਧੀ ਪਾਰਟੀ ਦੇ ਹੱਕ 'ਚ ਭੁਗਤੀਆਂ ਵੋਟਾਂ ਸਵਾਲਾਂ ਦੇ ਘੇਰੇ 'ਚ ਹਨ। ਉਨ੍ਹਾਂ ਕਿਹਾ ਕਿ ਜੇਕਰ ਅੱਜ ਵੀ ਇਸ ਪਿੰਡ ਦੀਆਂ ਵੋਟਾਂ ਬੈਲਟ ਪੇਪਰ 'ਤੇ ਕਰਵਾਈਆਂ ਜਾਣ ਤਾਂ ਸਭ ਸਪੱਸ਼ਟ ਹੋ ਜਾਵੇਗਾ ਕਿ ਕਿਸ ਤਰ੍ਹਾਂ ਈ.ਵੀ.ਐਮ. ਮਸ਼ੀਨਾਂ ਨਾਲ ਸੁਖਬੀਰ ਸਿੰਘ ਬਾਦਲ ਲੋਕ ਸਭਾ ਹਲਕਾ ਫਿਰੋਜ਼ਪੁਰ ਦੀ ਚੋਣ ਦੀ ਜਿੱਤੇ ਹਨ। ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਟਿਕਟ ਦਿੱਤੇ ਜਾਣ ਤੋਂ ਬਾਅਦ ਹੀ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਕਾਂਗਰਸੀਆਂ ਨੇ ਵਿਰੋਧਤਾ ਸ਼ੁਰੂ ਕਰ ਦਿੱਤੀ ਸੀ ਹਾਲਾਂਕਿ ਪਾਰਟੀ ਹਾਈ ਕਮਾਨ ਦੇ ਫੈਸਲੇ ਅਨੁਸਾਰ ਕੁਝ ਕਾਂਗਰਸੀ ਚੁੱਪ ਹੋ ਗਏ ਪਰ ਕਈਆਂ ਨੇ ਸਿੱਧੇ ਤੌਰ 'ਤੇ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗਾਂ ਕਰਕੇ ਸ਼ਰੇਆਮ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਵੋਟਾਂ ਭੁਗਤਾਉਣ ਤੋਂ ਗੁਰੇਜ ਨਹੀਂ ਕੀਤਾ। ਇਸ ਤੋਂ ਇਲਾਵਾ ਕਈ ਕਾਂਗਰਸ ਪਾਰਟੀ ਦੇ ਲੀਡਰ ਖੁੱਲ ਕੇ ਸਮਰਥਨ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਅਜਿਹੇ ਧੋਖੇਬਾਜ਼ਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਕਾਂਗਰਸ ਪਾਰਟੀ ਲਈ ਕੰਮ ਕਰਨ ਵਾਲੇ ਵਰਕਰਾਂ ਦਾ ਹੌਸਲਾ ਬਣਿਆ ਰਹੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਕਾਂਗਰਸ ਕਮੇਟੀ ਦੇ ਸੂਬਾ ਸਪੋਕਸਮੈਨ ਰਾਜ ਬਖਸ਼ ਕੰਬੋਜ, ਕੁਲਵੰਤ ਸਿੰਘ, ਬਲਤੇਜ ਸਿੰਘ ਬਰਾੜ, ਮੁਨਸ਼ਾ ਸਿੰਘ, ਕੁਲਦੀਪ ਸਿੰਘ ਆਦਿ ਵਰਕਰ ਮੌਜੂਦ ਸਨ।


author

rajwinder kaur

Content Editor

Related News