ਐਨਕਾਊਂਟਰ ਤੋਂ ਪਹਿਲਾਂ ਜੈਪਾਲ ਤੇ ਜੱਸੀ ਨਾਲ ਸੀ ਕੋਈ ਤੀਜਾ, ਪੁਲਸ ਨੂੰ ਫਲੈਟ ''ਚੋਂ ਮਿਲੇ ਅਹਿਮ ਸੁਰਾਗ
Wednesday, Jun 23, 2021 - 09:11 AM (IST)
ਲੁਧਿਆਣਾ (ਰਾਜ) : ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਐਨਕਾਊਂਟਰ ਕੇਸ ’ਚ ਪੰਜਾਬ ਪੁਲਸ ਦੀ ‘ਓਕੂ’ ਟੀਮ ਅਤੇ ਹੋਰ ਜਾਂਚ ਅਧਿਕਾਰੀ ਪੱਛਮੀ ਬੰਗਾਲ ਦੀ ਐੱਸ. ਟੀ. ਐੱਫ. ਨਾਲ ਲਗਾਤਾਰ ਸੰਪਰਕ ਵਿਚ ਹਨ, ਜਿਸ ਫਲੈਟ ਵਿਚ ਜੈਪਾਲ ਭੁੱਲਰ ਅਤੇ ਜੱਸੀ ਰੁਕੇ ਹੋਏ ਸਨ, ਉਹ ਫਲੈਟ ਰਾਜੀਵ ਅਤੇ ਭੂਸ਼ਣ ਦੇ ਨਾਂ ’ਤੇ ਲਿਆ ਗਿਆ ਸੀ। ਇਹ ਖ਼ੁਲਾਸਾ ਪੁਲਸ ਨੂੰ ਉੱਥੇ ਫਲੈਟ ਦੇ ਮਿਲੇ ਐਗਰੀਮੈਂਟ ਤੋਂ ਹੋਇਆ ਹੈ। ਇਸ ਤੋਂ ਇਲਾਵਾ ਪੱਛਮੀ ਬੰਗਾਲ ਦੀ ਪੁਲਸ ਨੂੰ ਫਲੈਟ ’ਚੋਂ 3 ਵਿਅਕਤੀਆਂ ਦੇ ਫਿੰਗਰ ਪ੍ਰਿੰਟ ਮਿਲੇ ਹਨ, ਜਿਸ ਵਿਚ ਦੋ ਜੈਪਾਲ ਅਤੇ ਜੱਸੀ ਨਾਲ ਮੈਚ ਕਰ ਰਹੇ ਹਨ ਪਰ ਤੀਜੇ ਫਿੰਗਰ ਪ੍ਰਿੰਟ ਕਿਸ ਦੇ ਹਨ, ਇਹ ਸਪੱਸ਼ਟ ਨਹੀਂ ਹੋ ਸਕਿਆ ਹੈ।
ਇਹ ਵੀ ਪੜ੍ਹੋ : ਐਨਕਾਊਂਟਰ 'ਚ ਮਾਰੇ 'ਜੈਪਾਲ ਭੁੱਲਰ' ਦਾ ਅੱਜ ਹੋਵੇਗਾ ਅੰਤਿਮ ਸੰਸਕਾਰ, ਦੁਬਾਰਾ ਕਰਵਾਇਆ ਗਿਆ ਸੀ ਪੋਸਟਮਾਰਟਮ
ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਆਪਣੇ ਨਾਂ ਕਰ ਲਈ ਸੀ ਪ੍ਰਾਪਰਟੀ
ਪੁਲਸ ਸੂਤਰ ਦੱਸਦੇ ਹਨ ਕਿ ਜੈਪਾਲ ਲੁਧਿਆਣਾ ਦੇ ਪਿੰਡ ਭੁੱਟਾ ਵਿਚ ਨਕਲੀ ਸ਼ਰਾਬ ਬਣਾਉਣ ਦੀ ਫੈਕਟਰੀ ਦੀ ਤਿਆਰੀ ਕਰ ਰਿਹਾ ਸੀ, ਜਿਸ ਪ੍ਰਾਪਰਟੀ ’ਤੇ ਉਹ ਫੈਕਟਰੀ ਬਣਾ ਰਿਹਾ ਸੀ, ਉਹ ਉਸ ਦੇ ਕਿਸੇ ਜਾਣਕਾਰ ਦੇ ਨਾਂ ’ਤੇ ਸੀ, ਜੋ ਉਸ ਨੇ ਉਕਤ ਵਿਅਕਤੀ ਨੂੰ ਝਾਂਸੇ ਵਿਚ ਲੈ ਕੇ ਉਸ ਦੇ ਨਾਂ ’ਤੇ ਲਈ ਸੀ। ਉਕਤ ਵਿਅਕਤੀ ਦਾ ਨਾਂ ਅਜੇ ਪੁਲਸ ਨੇ ਸਪੱਸ਼ਟ ਨਹੀਂ ਕੀਤਾ ਹੈ। ਉਕਤ ਵਿਅਕਤੀ ਮੂਲ ਰੂਪ ਤੋਂ ਅੰਮ੍ਰਿਤਸਰ ਦੇ ਅਜਨਾਲਾ ਦਾ ਰਹਿਣ ਵਾਲਾ ਹੈ, ਜੋ ਜੈਪਾਲ ਨੂੰ ਪਹਿਲਾਂ ਤੋਂ ਜਾਣਦਾ ਸੀ।
ਇਹ ਵੀ ਪੜ੍ਹੋ : ਪਟਿਆਲਾ ਪੁਲਸ ਦੀ ਵੱਡੀ ਕਾਰਵਾਈ, ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਦਾ ਪਰਦਾਫ਼ਾਸ਼,3 ਕਾਬੂ
ਜੈਪਾਲ ਨੇ ਉਸ ਨੂੰ ਵਿਦੇਸ਼ ਭੇਜਣ ਅਤੇ ਉੱਥੇ ਸੈਟਲ ਕਰਵਾਉਣ ਦਾ ਝਾਂਸਾ ਦਿੱਤਾ ਸੀ। ਜੈਪਾਲ ਨੇ ਉਸ ਦੇ ਬੈਂਕ ਅਕਾਊਂਟ ’ਚੋਂ ਕਈ ਟ੍ਰਾਂਜੈਕਸ਼ਨਾਂ ਵੀ ਕੀਤੀਆਂ ਸਨ। ਸੂਤਰ ਦੱਸਦੇ ਹਨ ਕਿ ਉਕਤ ਵਿਅਕਤੀ ਨੂੰ ਇਸ ਦਾ ਪਤਾ ਨਹੀਂ ਸੀ ਕਿ ਜੈਪਾਲ ਉਸ ਦੇ ਨਾਂ ’ਤੇ ਕੋਈ ਵੱਡੀ ਖੇਡ ਖੇਡ ਰਿਹਾ ਹੈ। ਹਾਲਾਂਕਿ ਜੈਪਾਲ ਦੀ ਮੌਤ ਤੋਂ ਬਾਅਦ ਉਹ ਵਿਕਅਤੀ ਫ਼ਰਾਰ ਹੈ। ਪੁਲਸ ਉਸ ਦੀ ਭਾਲ ਕਰ ਰਹੀ ਹੈ। ਉਸ ਤੋਂ ਪੁੱਛਗਿੱਛ ਵਿਚ ਕਈ ਹੋਰ ਖ਼ੁਲਾਸੇ ਵੀ ਹੋ ਸਕਦੇ ਹਨ।
ਇਹ ਵੀ ਪੜ੍ਹੋ : ਬਠਿੰਡਾ ਤੋਂ ਵੱਡੀ ਖ਼ਬਰ: ਗੈਂਗਸਟਰ ਕੁਲਵੀਰ ਨਰੂਆਣਾ ’ਤੇ ਹਮਲਾ,ਚੱਲੀਆਂ ਤਾਬੜਤੋੜ ਗੋਲੀਆਂ
ਦਰਸ਼ਨ ਅਤੇ ਬੱਬੀ ਨੂੰ ਗਵਾਲੀਅਰ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਲੁਧਿਆਣਾ ਪੁਲਸ
ਜਸਪਾਲ ਦੇ ਸਾਥੀ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਬੱਬੀ ਨੂੰ ਸੋਮਵਾਰ ਨੂੰ ਲੁਧਿਆਣਾ ਪੁਲਸ ਗਵਾਲੀਅਰ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਹੈ, ਜਿੱਥੇ ਅਦਾਲਤ ’ਚ ਪੇਸ਼ ਕਰ ਕੇ ਥਾਣਾ ਡੇਹਲੋਂ ਦੀ ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ 3 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਹੈ। ਇਸ ਵਿਚ 11 ਅਪ੍ਰੈਲ 2021 ਨੂੰ ਹੋਈ ਕਾਰ ਲੁੱਟ ਦੇ ਕੇਸ ’ਚ ਦੋਵੇਂ ਮੁਲ਼ਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਦੋਵੇਂ ਮੁਲਜ਼ਮਾਂ ਤੋਂ ਸੀ. ਆਈ. ਏ. ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਵਿਚ ਕਈ ਖ਼ੁਲਾਸੇ ਹੋਣ ਦੀ ਉਮੀਦ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ