ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਤਿੰਨ ਦਿਨ ਬਾਅਦ ਸਾਹਮਣੇ ਆਇਆ ਇਕ ਹੋਰ ਮਾਮਲਾ, ਖੁੱਲ੍ਹਿਆ ਭੇਦ

Sunday, Jun 13, 2021 - 10:10 PM (IST)

ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਤਿੰਨ ਦਿਨ ਬਾਅਦ ਸਾਹਮਣੇ ਆਇਆ ਇਕ ਹੋਰ ਮਾਮਲਾ, ਖੁੱਲ੍ਹਿਆ ਭੇਦ

ਚੰਡੀਗੜ੍ਹ (ਸ਼ਰਮਾ) : ਪੰਜਾਬ ਪੁਲਸ ਨੇ ਹਰਿਆਣਾ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਪਛਾਣ ਪੱਤਰ ਅਤੇ ਦਸਤਾਵੇਜ਼ਾਂ ਦੀ ਵਰਤੋਂ ਗੈਂਗਸਟਰ ਤੋਂ ਨਸ਼ਾ ਸਮੱਗਰ ਬਣੇ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਉਰਫ਼ ਜੱਸੀ ਦੇ ਲੁਕਣ ਲਈ ਕੋਲਕਾਤਾ ਵਿਚ ਕਿਰਾਏ ’ਤੇ ਫਲੈਟ ਲੈਣ ਲਈ ਕੀਤੀ ਗਈ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਸੁਮਿਤ ਕੁਮਾਰ ਵਾਸੀ ਮਹਿਮ, ਹਰਿਆਣਾ ਵਜੋਂ ਹੋਈ ਹੈ। ਇਹ ਮਾਮਲਾ ਪੱਛਮੀ ਬੰਗਾਲ ਪੁਲਸ ਦੀ ਐੱਸ.ਟੀ.ਐੱਫ਼. ਵਲੋਂ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਦੇ ਐਨਕਾਊਂਟਰ ਦੌਰਾਨ ਮਾਰੇ ਜਾਣ ਤੋਂ ਤਿੰਨ ਦਿਨ ਬਾਅਦ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਜਦੋਂ ਪੱਛਮੀ ਬੰਗਾਲ ਪੁਲਸ ਨੇ ਕੋਲਕਾਤਾ ਵਿਚ ਉਕਤ ਗੈਂਗਸਟਰਾਂ ਦੇ ਫਲੈਟ ’ਤੇ ਛਾਪਾ ਮਾਰਿਆ ਤਾਂ ਉਨ੍ਹਾਂ ਨੇ ਪੁਲਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ।

ਇਹ ਵੀ ਪੜ੍ਹੋ : ਰੇਹੜੀ ਵਾਲੇ ਨੂੰ ਥੱਪੜ ਮਾਰਨ ਵਾਲੇ ਤਲਵੰਡੀ ਸਾਬੋ ਦੇ ਥਾਣਾ ਮੁਖੀ ਤੇ ਏ. ਐੱਸ. ਆਈ. ਦੇ ਡਿੱਗੀ ਗਾਜ

ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ (ਏ.ਡੀ.ਜੀ.ਪੀ.) ਕਾਊਂਟਰ ਇੰਟੈਲੀਜੈਂਸ ਅਤੇ ਸੰਗਠਿਤ ਅਪਰਾਧ ਰੋਕੂ ਇਕਾਈ (ਓ.ਸੀ.ਸੀ.ਯੂ.), ਅਮਿਤ ਪ੍ਰਸਾਦ ਨੇ ਦੱਸਿਆ ਕਿ ਪੁਲਸ ਟੀਮਾਂ ਵਲੋਂ ਸੁਮਿਤ, ਜੋ ਕਿ ਭਰਤ ਕੁਮਾਰ ਦਾ ਕਰੀਬੀ ਸਾਥੀ ਕਮ ਬਿਜ਼ਨਸ ਪਾਰਟਨਰ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਭਰਤ ਕੁਮਾਰ ਨੇ 15 ਮਈ, 2021 ਦੀ ਸ਼ਾਮ ਨੂੰ ਜਗਰਾਓਂ ਦੀ ਅਨਾਜ ਮੰਡੀ ਵਿਖੇ ਜਗਰਾਓਂ ਪੁਲਸ ਦੇ 2 ਏ.ਐੱਸ.ਆਈਜ਼ ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਦੇ ਕਤਲ ਤੋਂ ਬਾਅਦ ਜੈਪਾਲ ਭੁੱਲਰ ਅਤੇ ਜੱਸੀ ਨੂੰ ਮੋਰੈਨਾ, ਗਵਾਲੀਅਰ ਤੋਂ ਫਰਾਰ ਹੋਣ ਅਤੇ ਉਨ੍ਹਾਂ ਲਈ ਕੋਲਕਾਤਾ ਵਿਚ ਲੁਕਣ ਦਾ ਪ੍ਰਬੰਧ ਕਰਨ ਵਿਚ ਸਹਾਇਤਾ ਕੀਤੀ ਸੀ।

ਇਹ ਵੀ ਪੜ੍ਹੋ : ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਦੇ ਐਨਕਾਊਂਟਰ ਦੀਆਂ ਪਹਿਲਾਂ ਤਸਵੀਰਾਂ ਆਈਆਂ ਸਾਹਮਣੇ

ਭਰਤ ਨੂੰ 9 ਜੂਨ ਨੂੰ ਰਾਜਪੁਰਾ ਖੇਤਰ ਦੇ ਸ਼ੰਭੂ ਬਾਰਡਰ ਨੇੜਿਓਂ .30 ਬੋਰ ਦੀ ਪਿਸਤੌਲ ਅਤੇ ਹੌਂਡਾ ਅਕੌਰਡ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਵਲੋਂ ਕੀਤੇ ਗਏ ਖੁਲਾਸਿਆਂ ਦੇ ਆਧਾਰ ’ਤੇ ਪੰਜਾਬ ਪੁਲਸ ਨੇ ਪੱਛਮੀ ਬੰਗਾਲ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਦੋਵੇਂ ਗੈਂਗਸਟਰ ਜੈਪਾਲ ਅਤੇ ਜੱਸੀ, ਕੋਲਕਾਤਾ ਵਿਚ ਕਿਰਾਏ ਦੇ ਫਲੈਟ ਵਿਚ ਰਹਿ ਰਹੇ ਹਨ। ਏ. ਡੀ. ਜੀ. ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਇਹ ਪਾਇਆ ਗਿਆ ਹੈ ਕਿ ਸੁਮਿਤ ਕੁਮਾਰ ਅਤੇ ਭਰਤ ਕੁਮਾਰ ਜੋ ਸਾਲ 2015 ਤੋਂ ਬਿਜ਼ਨਸ ਪਾਰਟਨਰ ਸਨ, ਵੱਖ-ਵੱਖ ਦੇਸ਼ਾਂ ਅਤੇ ਹੋਰ ਰਾਜਾਂ ਤੋਂ ਖਰੀਦੇ ਵਿਦੇਸ਼ੀ ਟੈਲੀਕਾਮ ਦੇ ਮੋਬਾਇਲ ਨੰਬਰਾਂ ਸਮੇਤ ਫੈਂਸੀ ਮੋਬਾਇਲ ਨੰਬਰਾਂ ਦੀ ਗੈਰ-ਕਨੂੰਨੀ ਵਿਕਰੀ ਵਿਚ ਸ਼ਾਮਲ ਸਨ ਅਤੇ ਉਹ ਅਜਿਹੇ ਮੋਬਾਇਲ ਨੰਬਰ ਬਹੁਤ ਮਹਿੰਗੇ ਮੁੱਲ ’ਤੇ ਪੰਜਾਬ ਅਤੇ ਹਰਿਆਣਾ ਵਿਚ ਵੇਚਦੇ ਸਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਪੁਲਸ ਲਈ ਸਿਰਦਰਦੀ ਬਣੇ ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਦਾ ਐਨਕਾਊਂਟਰ

ਉਨ੍ਹਾਂ ਦੱਸਿਆ ਕਿ ਭਰਤ ਕੋਲ ਕਾਂਸਟੇਬਲ ਅਮਰਜੀਤ ਸਿੰਘ ਦੀ ਅਧਿਕਾਰਤ ਆਈ.ਡੀ. ਵੀ ਸੀ, ਜਿਸ ਦੀ ਵਰਤੋਂ ਗਵਾਲੀਅਰ ਤੋਂ ਫਰਾਰ ਹੋਣ ਵੇਲੇ ਟੋਲ ਪਲਾਜ਼ਿਆਂ ਤੋਂ ਲੰਘਣ ਲਈ ਕੀਤੀ ਗਈ ਸੀ। ਏ.ਡੀ.ਜੀ.ਪੀ. ਅਮਿਤ ਪ੍ਰਸਾਦ ਨੇ ਕਿਹਾ ਕਿ ਹਾਲਾਂਕਿ ਭਰਤ ਨੇ ਦਾਅਵਾ ਕੀਤਾ ਕਿ ਕਾਂਸਟੇਬਲ ਅਮਰਜੀਤ ਉਸ ਦਾ ਅਤੇ ਸੁਮਿਤ ਦਾ ਦੋਸਤ ਹੈ ਪਰ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਸ ਕੋਲ ਅਮਰਜੀਤ ਦੀ ਅਧਿਕਾਰਤ ਆਈ. ਡੀ. ਕਿਉਂ ਸੀ ਅਤੇ ਕੀ ਕਾਂਸਟੇਬਲ ਅਮਰਜੀਤ ਸਿੰਘ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਭਰਤ ਵਲੋਂ ਉਸ ਦੀ ਅਧਿਕਾਰਤ ਆਈ.ਡੀ. ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅਪਰਾਧਿਕ ਕਾਰਵਾਈਆਂ ਅਤੇ ਗਤੀਵਿਧੀਆਂ ਵਿਚ ਭਰਤ ਅਤੇ ਸੁਮਿਤ ਦੀ ਭੂਮਿਕਾ ਦੀ ਜਾਂਚ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਬਠਿੰਡਾ ’ਚ ਖ਼ੌਫਨਾਕ ਵਾਰਦਾਤ, ਪਤੀ ਨੇ ਸੁੱਤੀ ਪਈ ਪਤਨੀ ਦਾ ਕਹੀ ਨਾਲ ਵੱਢਿਆ ਗਲ਼ਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News