ਐਨਕਾਊਂਟਰ 'ਚ ਮਾਰੇ 'ਜੈਪਾਲ ਭੁੱਲਰ' ਦਾ ਅੱਜ ਹੋਵੇਗਾ ਅੰਤਿਮ ਸੰਸਕਾਰ, ਦੁਬਾਰਾ ਕਰਵਾਇਆ ਗਿਆ ਸੀ ਪੋਸਟਮਾਰਟਮ

Wednesday, Jun 23, 2021 - 08:50 AM (IST)

ਐਨਕਾਊਂਟਰ 'ਚ ਮਾਰੇ 'ਜੈਪਾਲ ਭੁੱਲਰ' ਦਾ ਅੱਜ ਹੋਵੇਗਾ ਅੰਤਿਮ ਸੰਸਕਾਰ, ਦੁਬਾਰਾ ਕਰਵਾਇਆ ਗਿਆ ਸੀ ਪੋਸਟਮਾਰਟਮ

ਚੰਡੀਗੜ੍ਹ (ਹਾਂਡਾ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਗੈਂਗਸਟਰ ਜੈਪਾਲ ਭੁੱਲਰ ਦਾ ਦੁਬਾਰਾ ਪੋਸਟਮਾਰਟਮ ਪੀ. ਜੀ. ਆਈ. ਵਿਚ ਗਠਿਤ ਕੀਤੇ ਗਏ ਡਾਕਟਰੀ ਬੋਰਡ ਦੀ ਦੇਖ-ਰੇਖ ਵਿਚ ਹੋ ਗਿਆ ਹੈ, ਜਿਸ ਦੀ ਰਿਪੋਰਟ ਪੀ. ਜੀ. ਆਈ. ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਾਖ਼ਲ ਕੀਤੀ ਜਾਵੇਗੀ। ਹਾਈਕੋਰਟ ਵੱਲੋਂ ਦਿੱਤੇ ਗਏ ਸਮੇਂ ਮੁਤਾਬਕ ਜੈਪਾਲ ਦੀ ਲਾਸ਼ ਲੈ ਕੇ ਉਸ ਦੇ ਪਰਿਵਾਰ ਵਾਲੇ ਅਤੇ ਵਕੀਲ ਪੀ. ਜੀ. ਆਈ. ਦੀ ਮੋਰਚਰੀ ਵਿਚ ਪੁੱਜੇ ਅਤੇ ਪੋਸਟਮਾਰਟਮ ਪ੍ਰਕਿਰਿਆ ਪੂਰੀ ਹੋਣ ਤੱਕ ਉੱਥੇ ਹੀ ਮੌਜੂਦ ਰਹੇ, ਜਿਨ੍ਹਾਂ ਨੂੰ ਸ਼ਾਮ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਸੌਂਪ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪਟਿਆਲਾ ਪੁਲਸ ਦੀ ਵੱਡੀ ਕਾਰਵਾਈ, ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਦਾ ਪਰਦਾਫ਼ਾਸ਼,3 ਕਾਬੂ

ਪਰਿਵਾਰ ਅਨੁਸਾਰ ਬੁੱਧਵਾਰ ਨੂੰ ਦੁਪਹਿਰ 2 ਵਜੇ ਫਿਰੋਜ਼ਪੁਰ ਵਿਚ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜੈਪਾਲ ਦੇ ਪਿਤਾ ਨੇ ਹਾਈਕੋਰਟ ਵਿਚ ਪਟੀਸ਼ਨ ਦਰਜ ਕੀਤੀ ਸੀ ਅਤੇ ਸ਼ੱਕ ਜਤਾਇਆ ਸੀ ਕਿ ਉਨ੍ਹਾਂ ਦੇ ਪੁੱਤਰ ਨੂੰ ਪਹਿਲਾਂ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ ਸੀ ਅਤੇ ਉਸ ਦੇ ਸਰੀਰ ’ਤੇ ਕਈ ਜਖ਼ਮਾਂ ਦੇ ਵੀ ਨਿਸ਼ਾਨ ਸਨ। ਮੌਤ ਤੋਂ ਬਾਅਦ ਪੁਲਸ ਨੇ ਖ਼ੁਦ ਨੂੰ ਬਚਾਉਣ ਲਈ ਐਨਕਾਊਂਟਰ ਮੀਡੀਆ ਦੇ ਸਾਹਮਣੇ ਦਿਖਾਇਆ ਹੈ। ਇਸ ਨੂੰ ਲੈ ਕੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦੁਬਾਰਾ ਪੋਸਟਮਾਰਟਮ ਦੀ ਮਨਜ਼ੂਰੀ ਦਿੱਤੀ ਸੀ।

ਇਹ ਵੀ ਪੜ੍ਹੋ : ਬਠਿੰਡਾ ਤੋਂ ਵੱਡੀ ਖ਼ਬਰ: ਗੈਂਗਸਟਰ ਕੁਲਵੀਰ ਨਰੂਆਣਾ ’ਤੇ ਹਮਲਾ,ਚੱਲੀਆਂ ਤਾਬੜਤੋੜ ਗੋਲੀਆਂ

ਜੈਪਾਲ ਭੁੱਲਰ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਕਲਕੱਤਾ ਪੁਲਸ ਨੇ ਨਾ ਉਨ੍ਹਾਂ ਨੂੰ ਲਾਸ਼ ਵਿਖਾਈ ਅਤੇ ਨਾ ਹੀ ਪੋਸਟਮਾਰਟਮ ਰਿਪੋਰਟ ਦਿੱਤੀ। ਐੱਫ਼. ਆਈ. ਆਰ. ਵੀ ਨਹੀਂ ਦਿੱਤੀ। ਸਿਰਫ਼ ਲਾਸ਼ ਪੈਕ ਕਰਕੇ ਸਿੱਧਾ ਏਅਰਪੋਰਟ ਭੇਜ ਦਿੱਤੀ ਸੀ, ਇਸ ਲਈ ਉਨ੍ਹਾਂ ਨੇ ਦੁਬਾਰਾ ਪੋਸਟਮਾਰਟਮ ਲਈ ਹਾਈਕੋਰਟ ਦਾ ਦਰਵਾਜਾ ਖੜਕਾਇਆ। ਦੱਸਣਯੋਗ ਹੈ ਕਿ ਪੰਜਾਬ ਪੁਲਸ ਨੂੰ ਜਗਰਾਓਂ ਦੀ ਅਨਾਜ ਮੰਡੀ ਵਿਚ ਹੋਏ 2 ਏ. ਐੱਸ. ਆਈਜ਼ ਦੇ ਕਤਲ ਮਾਮਲੇ ਵਿਚ ਜੈਪਾਲ ਭੁੱਲਰ ਅਤੇ ਜੱਸੀ ਖਰੜ ਦੀ ਭਾਲ ਸੀ। ਜੈਪਾਲ ਭੁੱਲਰ ਦੇ ਪਰਿਵਾਰ ਦੇ ਵਕੀਲਾਂ ਨੇ ਦੱਸਿਆ ਕਿ ਜੇਕਰ ਪੀ. ਜੀ. ਆਈ. ਦੀ ਪੋਸਟਮਾਰਟਮ ਰਿਪੋਰਟ ਕੋਲਕਾਤਾ ਦੀ ਪੋਸਟਮਾਰਟਮ ਰਿਪੋਰਟ ਨਾਲ ਮੈਚ ਨਹੀਂ ਹੋਈ ਤਾਂ ਉਹ ਕੋਲਕਾਤਾ ਹਾਈਕੋਰਟ ਵਿਚ ਐਨਕਾਊਂਟਰ ਨੂੰ ਲੈ ਕੇ ਪਟੀਸ਼ਨ ਦਾਖ਼ਲ ਕਰਨਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News