ਰੰਧਾਵਾ ਦਾ ਬਿਆਨ ਹੋਰ ਸਖਤ ਕੀਤੀ ਜਾਵੇਗੀ ਜੇਲਾਂ ਦੀ ਸੁਰੱਖਿਆ
Tuesday, Jan 14, 2020 - 10:49 AM (IST)
ਚੰਡੀਗੜ੍ਹ (ਰਮਨਜੀਤ): ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੱਲ੍ਹ ਜੇਲਾਂ ਅੰਦਰ ਸੁਰੱਖਿਆ ਵਿਵਸਥਾ ਨੂੰ ਹੋਰ ਪੁਖਤਾ ਬਣਾਉਣ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਲੋੜੀਂਦਾ ਸਟਾਫ ਪੂਰਾ ਕਰਨ ਅਤੇ ਆਪਸੀ ਤਾਲਮੇਲ ਨੂੰ ਹੋਰ ਬਿਹਤਰ ਬਣਾਉਣ ਲਈ ਗ੍ਰਹਿ, ਜੇਲ ਤੇ ਪੁਲਸ ਸਣੇ ਹੋਰ ਵੱਖ-ਵੱਖ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਉਚ ਪੱਧਰੀ ਮੀਟਿੰਗ ਕੀਤੀ। ਰੰਧਾਵਾ ਨੇ ਦੱਸਿਆ ਕਿ ਸੂਬੇ ਦੀਆਂ ਜੇਲਾਂ 'ਚ ਬਣਾਏ ਜਾਣ ਵਾਲੇ 21 ਉੱਚ ਸੁਰੱਖਿਆ ਜ਼ੋਨਾਂ 'ਚੋਂ 12 ਮੁਕੰਮਲ ਹੋ ਗਏ ਹਨ ਅਤੇ ਜਦਕਿ ਬਾਕੀ 9 ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਇਹ ਜ਼ੋਨ ਅਤਿ ਆਧੁਨਿਕ ਸੁਰੱਖਿਆ ਤਕਨੀਕਾਂ ਨਾਲ ਲੈਸ ਹੋਣਗੇ, ਜਿਨ੍ਹਾਂ 'ਚ 'ਏ' ਕੈਟੇਗਰੀ ਦੇ ਅਪਰਾਧੀਆਂ ਨੂੰ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਜੇਲਾਂ 'ਚ ਸੁਰੱਖਿਆ ਦੇ ਪੱਖ ਤੋਂ ਸਿਰ ਤੋਂ ਪੈਰਾਂ ਤੱਕ ਸਰੀਰ ਦੀ ਜਾਂਚ ਲਈ ਸਕੈਨਰ (ਫੁੱਲ ਬਾਡੀ ਸਕੈਨਰ) ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਇਸ ਗੱਲ 'ਤੇ ਵੀ ਵਿਚਾਰ ਚਰਚਾ ਹੋਈ ਕਿ ਜੇਲਾਂ ਦੀਆਂ ਦੀਵਾਰਾਂ ਦੇ ਉਪਰ ਦੀ ਸੁੱਟੀਆਂ ਜਾਂਦੀਆਂ ਵਸਤਾਂ/ਮੋਬਾਇਲ ਆਦਿ ਨੂੰ ਰੋਕਣ ਲਈ ਅਜਿਹੀ ਸੁਰੱਖਿਆ ਵਿਵਸਥਾ ਕਾਇਮ ਕੀਤੀ ਜਾਵੇ, ਜੋ ਜੇਲਾਂ ਦੀ 100 ਫੀਸਦੀ ਸੁਰੱਖਿਆ ਨੂੰ ਯਕੀਨੀ ਬਣਾਵੇ। ਇਸ ਤੋਂ ਇਲਾਵਾ ਸੀ. ਸੀ. ਟੀ. ਵੀ. ਕੈਮਰੇ ਪਹਿਲਾਂ ਹੀ ਸਥਾਪਤ ਕੀਤੇ ਗਏ ਹਨ ਅਤੇ ਭਵਿੱਖ 'ਚ ਰੰਗਦਾਰ ਕੈਮਰੇ ਸਥਾਪਤ ਕਰਨ ਦੀ ਵੀ ਤਜਵੀਜ਼ ਹੈ।
ਮੀਟਿੰਗ 'ਚ ਜੇਲਾਂ ਲਈ ਲੋੜੀਂਦੇ ਸਟਾਫ ਦੀ ਪੂਰਤੀ ਲਈ ਨਵੀਂ ਭਰਤੀ ਅਤੇ ਪੁਲਸ ਵਿਭਾਗ ਤੋਂ ਡੈਪੂਟੇਸ਼ਨ 'ਤੇ ਅਧਿਕਾਰੀ ਲੈਣ ਲਈ ਵਿਚਾਰ ਚਰਚਾ ਹੋਈ ਜਿਸ ਬਾਰੇ ਖੁਲਾਸਾ ਕਰਦਿਆਂ ਰੰਧਾਵਾ ਨੇ ਦੱਸਿਆ ਕਿ 305 ਨਵੇਂ ਵਾਰਡਨਾਂ ਦੀ ਭਰਤੀ ਕੀਤੀ ਜਾਵੇਗੀ, ਜਿਸ ਸਬੰਧੀ ਮੰਤਰੀ ਮੰਡਲ ਵੱਲੋਂ ਮਨਜ਼ੂਰੀ ਮਿਲ ਗਈ ਸੀ। ਇਸ ਤੋਂ ਇਲਾਵਾ ਨਵੀਂ ਭਰਤੀ ਲਈ ਖਾਲੀ ਪੋਸਟਾਂ ਦਾ ਪਤਾ ਲਾਉਣ ਲਈ ਆਸਾਮੀਆਂ ਦਾ ਪੁਨਰਗਠਨ ਕੀਤਾ ਜਾਵੇ। ਪੁਲਸ ਵਿਭਾਗ ਕੋਲੋਂ 20 ਇੰਸਪੈਕਟਰ ਰੈਂਕ ਦੇ ਅਫਸਰਾਂ ਨੂੰ ਡੈਪੂਟੇਸ਼ਨ 'ਤੇ ਲੈ ਕੇ ਡਿਪਟੀ ਸੁਪਰਡੈਂਟ ਗਰੇਡ-2, ਦੋ ਸੀਨੀਅਰ ਏ. ਆਈ. ਆਈ./ਐੱਸ. ਪੀ. ਨੂੰ ਡੀ.ਆਈ.ਜੀ. ਜੇਲਾਂ ਅਤੇ ਤੇ 6 ਐੱਸ.ਪੀ. ਰੈਂਕ ਦੇ ਅਫਸਰਾਂ ਨੂੰ ਲੈ ਕੇ ਸੁਪਰਡੈਂਟ ਜੇਲ ਦੀ ਪੋਸਟ 'ਤੇ ਤਾਇਨਾਤ ਕਰਨ ਲਈ ਤਜਵੀਜ਼ ਤਿਆਰ ਕਰਨ ਦਾ ਫੈਸਲਾ ਹੋਇਆ ਹੈ।
ਜੇਲ ਮੰਤਰੀ ਨੇ ਅੱਗੇ ਦੱਸਿਆ ਕਿ ਸੂਬੇ ਦੀਆਂ 6 ਜੇਲਾਂ ਦੀ ਸੁਰੱਖਿਆ ਲਈ ਸੀ.ਆਰ.ਐੱਫ.ਪੀ. ਦੀ ਤਾਇਨਾਤੀ ਦਾ ਕੇਸ ਕੇਂਦਰ ਨੂੰ ਭੇਜਿਆ ਗਿਆ ਸੀ ਜਿਸ 'ਚੋਂ 4 ਜੇਲਾਂ ਅੰਮ੍ਰਿਤਸਰ, ਬਠਿੰਡਾ, ਕਪੂਰਥਲਾ ਤੇ ਲੁਧਿਆਣਾ ਵਿਖੇ ਸੀ.ਆਰ.ਪੀ.ਐੱਫ. ਤਾਇਨਾਤ ਕਰ ਦਿੱਤੀ ਗਈ ਹੈ। ਇਹ ਵੀ ਫੈਸਲਾ ਕੀਤਾ ਗਿਆ ਕਿ ਜੇਲਾਂ ਲਈ ਨਵੀਆਂ ਐਂਬੂਲੈਸਾਂ ਖਰੀਦਣ ਲਈ ਸੂਬੇ ਦੇ ਸੰਸਦ ਮੈਂਬਰਾਂ ਕੋਲ ਪਹੁੰਚ ਕੀਤੀ ਜਾਵੇ ਤਾਂ ਜੋ ਇਹ ਐੱਮ.ਪੀ.ਲੈਂਡ ਫੰਡ 'ਚੋਂ ਖਰੀਦੀਆਂ ਜਾ ਸਕਣ। ਮੀਟਿੰਗ 'ਚ ਵਧੀਕ ਮੁੱਖ ਸਕੱਤਰ ਗ੍ਰਹਿ ਸਤੀਸ਼ ਚੰਦਰਾ, ਪ੍ਰਮੁੱਖ ਸਕੱਤਰ ਜੇਲਾਂ ਆਰ.ਵੈਂਕਟ ਰਤਨਮ, ਡੀ.ਜੀ.ਪੀ. ਦਿਨਕਰ ਗੁਪਤਾ, ਏ.ਡੀ.ਜੀ.ਪੀ. (ਪ੍ਰਸ਼ਾਸਨ) ਗੌਰਵ ਯਾਦਵ, ਏ.ਡੀ.ਜੀ.ਪੀ. (ਜੇਲਾਂ) ਪ੍ਰਵੀਨ ਕੁਮਾਰ ਸਿਨਹਾ, ਆਈ.ਜੀ. (ਜੇਲਾਂ) ਆਰ.ਕੇ.ਅਰੋੜਾ, ਡੀ.ਆਈ.ਜੀ. (ਪ੍ਰਸ਼ਾਸਨ) ਗੁਰਪ੍ਰੀਤ ਸਿੰਘ ਤੂਰ, ਜਲ ਸਪਲਾਈ ਤੇ ਸੈਨੀਟੇਸ਼ਨ ਦੇ ਵਧੀਕ ਸਕੱਤਰ ਮੁਹੰਮਦ ਇਸਫਾਕ, ਲੋਕ ਨਿਰਮਾਣ ਵਿਭਾਗ ਦੇ ਐੱਸ.ਈ. ਸੁਖਦੇਵ ਸਿੰਘ ਆਦਿ ਹਾਜ਼ਿਰ ਸਨ।