ਪੰਜਾਬ ਜੇਲ ਵਿਭਾਗ ਨੇ ਸਿੱਧੂ ਤੇ ਨਸ਼ਿਆਂ ਦੇ ਸ਼ੱਕੀ ਨੂੰ ਇਕੋ ਬੈਰਕ ’ਚ ਰੱਖਣ ਦੇ ਦਾਅਵੇ ਨੂੰ ਕੀਤਾ ਸਿਰੇ ਤੋਂ ਖਾਰਿਜ

05/23/2022 1:13:27 AM

ਚੰਡੀਗੜ੍ਹ/ਜਲੰਧਰ (ਰਮਨਜੀਤ, ਧਵਨ)-ਪੰਜਾਬ ਦੇ ਜੇਲ ਵਿਭਾਗ ਨੇ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਵਿਚ ਜੇਲ ਵਿਭਾਗ ’ਤੇ ਲਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਵਿਭਾਗ ਨੇ ਬੁਲਾਰੇ ਰਾਹੀਂ ਕਿਹਾ ਕਿ ਜੇਲ ਪ੍ਰਸ਼ਾਸਨ ਵਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਨਹੀਂ ਕੀਤੀ ਗਈ ਅਤੇ ਵਿਭਾਗ ਵਲੋਂ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੁਝ ਗ਼ੈਰ-ਪ੍ਰਮਾਣਿਤ ਖ਼ਬਰਾਂ ਰਾਹੀਂ ਇਹ ਪ੍ਰਚਾਰਿਆ ਜਾ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਕੁਝ ਸਮੇਂ ਲਈ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਇਕ ਬੈਰਕ ਵਿਚ ਰੱਖਿਆ ਗਿਆ ਸੀ, ਜਿਸ ਖਿਲਾਫ਼ ਕਈ ਮੁਕੱਦਮੇ ਦਰਜ ਹਨ।

ਇਹ ਵੀ ਪੜ੍ਹੋ :-ਸੂਬਾ ਸਰਕਾਰ ਮੂੰਗ ਦੀ ਸਾਰੀ ਫ਼ਸਲ ਖਰੀਦਣ ਦੀ ਜ਼ਿੰਮੇਵਾਰੀ ਚੁੱਕੇ : ਸਿਕੰਦਰ ਸਿੰਘ ਮਲੂਕਾ

ਬੁਲਾਰੇ ਨੇ ਕਿਹਾ ਕਿ ਇਹ ਸਾਰੀਆਂ ਖਬਰਾਂ ਤੇ ਰਿਪੋਰਟਾਂ ਬੇਬੁਨਿਆਦ ਹਨ। ਇੰਦਰਜੀਤ ਸਿੰਘ ਵੱਖਰੀ ਬੈਰਕ ਵਿਚ ਬੰਦ ਹੈ ਅਤੇ ਜੇਲ ਵਿਚ ਦਾਖਲ ਹੋਣ ਤੋਂ ਬਾਅਦ ਉਸ ਨੇ ਕਦੇ ਵੀ ਸਿੱਧੂ ਨਾਲ ਕੋਈ ਵੀ ਬੈਰਕ ਸਾਂਝੀ ਨਹੀਂ ਕੀਤੀ। ਸਿੱਧੂ ਉਸ ਬੈਰਕ ਵਿਚ ਬੰਦ ਹਨ, ਜਿੱਥੇ ਕੁਝ ਹੋਰ ਕੈਦੀ ਵੀ ਬੰਦ ਹਨ ਅਤੇ ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ ਕੈਦੀਆਂ ਦੇ ਪਿਛੋਕੜ ਦੀ ਚੰਗੀ ਤਰ੍ਹਾਂ ਪੜਤਾਲ ਕਰਨ ਪਿੱਛੋਂ ਹੀ ਸਿੱਧੂ ਨੂੰ ਇਨ੍ਹਾਂ ਨਾਲ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ :-ਘੱਲੂਘਾਰੇ ਨੂੰ ਮੁੱਖ ਰੱਖਦਿਆਂ ਸਤਿੰਦਰ ਸਰਤਾਜ ਨੇ ਸ਼ੋਅਜ਼ ਸਬੰਧੀ ਲਿਆ ਇਹ ਫ਼ੈਸਲਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News