ਜਾਖੜ ਤੋਂ ਬਾਅਦ ਕਾਂਗਰਸ ’ਚ ਨਵਾਂ ਘਮਸਾਣ, ਮਨਪ੍ਰੀਤ ਬਾਦਲ ਖੇਮੇ ਨੇ ਖੋਲ੍ਹਿਆ ਵੜਿੰਗ ਖ਼ਿਲਾਫ਼ ਮੋਰਚਾ
Tuesday, May 17, 2022 - 10:02 PM (IST)
ਚੰਡੀਗੜ੍ਹ : ਸੁਨੀਲ ਜਾਖੜ ਤੋਂ ਬਾਅਦ ਮਨਪ੍ਰੀਤ ਬਾਦਲ ਖੇਮੇ ਦੇ ਬਾਗੀ ਸੁਰ ਨਜ਼ਰ ਆ ਰਹੇ ਹਨ। ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਾਲੇ ਜੈਜੀਤ ਸਿੰਘ ਜੌਹਲ ਨੇ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਏ ਜਾਣ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਜੈਜੀਤ ਸਿੰਘ ਨੇ ਕਿਹਾ ਕਿ ਚੋਣਾਂ ਸਮੇਂ ਅਮਰਿੰਦਰ ਸਿੰਘ ਰਾਜਾ ਵੜਿੰਗ ਸਟੇਜ ’ਤੇ ਆਖਦੇ ਸਨ ਕਿ ਬਠਿੰਡਾ ਤੋਂ ਲੈ ਕੇ ਜਲਾਲਾਬਾਦ ਤੱਕ ਬਾਦਲਾਂ ਨੂੰ ਹਰਾਓ। ਵੜਿੰਗ ਆਖ ਰਹੇ ਸਨ ਕਿ ਮਨਪ੍ਰੀਤ ਬਾਦਲ ਨੂੰ ਵੀ ਹਰਾਇਆ ਜਾਵੇ। ਇਸ ਤੋਂ ਇਲਾਵਾ ਭਾਰਤ ਭੂਸ਼ਣ ਆਸ਼ੂ ਦੀ ਇਕ ਆਡੀਓ ਵਾਇਰਲ ਹੋਈ ਸੀ, ਜਿਸ ਵਿਚ ਉਹ ਆਖ ਰਹੇ ਸਨ ਕਿ ਮਨਪ੍ਰੀਤ ਬਾਦਲ ਨੂੰ ਹਰਾ ਦਿਓ। ਕੱਲ੍ਹ ਹੀ ਕਾਂਗਰਸ ਦਾ ਚਿੰਤਨ ਕੈਂਪ ਖ਼ਤਮ ਹੋਇਆ, ਇਸ ਬਾਰੇ ਵੀ ਚਿੰਤਨ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲਗਾਏ ਗਏ ਜਨਤਾ ਦਰਬਾਰ ’ਤੇ ਕੀ ਬੋਲੇ ਨਵਜੋਤ ਸਿੰਘ ਸਿੱਧੂ
ਜੈਜੀਤ ਨੇ ਕਿਹਾ ਕਿ ਮਨਪ੍ਰੀਤ ਬਾਦਲ ਕਾਂਗਰਸ ਦੇ ਹੀ ਉਮੀਦਵਾਰ ਸਨ ਅਤੇ ਪੰਜੇ ਦੇ ਚੋਣ ਨਿਸ਼ਾਨ ’ਤੇ ਚੋਣ ਲੜ ਰਹੇ ਸਨ, ਜੇਕਰ ਤੁਸੀਂ ਆਪਣੇ ਹੀ ਉਮੀਦਵਾਰ ਨੂੰ ਚੋਣਾਂ ਵਿਚ ਹਰਾਉਣ ਦੀ ਗੱਲ ਕਰਦੇ ਹੋ ਅਤੇ ਅਜਿਹਾ ਬਿਆਨ ਦੇਣ ਵਾਲੇ ਨੂੰ ਵੱਡੇ ਅਹੁਦੇ ਦੇ ਕੇ ਨਿਵਾਜ਼ਦੇ ਹੋ ਤਾਂ ਇਸ ਨਾਲ ਵਰਕਰਾਂ ਵਿਚ ਗ਼ਲਤ ਸੰਦੇਸ਼ ਜਾਂਦਾ ਹੈ। ਫਿਰ ਸੁਨੀਲ ਜਾਖੜ ਨੂੰ ਕਿਉਂ ਨੋਟਿਸ ਭੇਜਿਆ ਗਿਆ। ਫਿਰ ਨਵਜੋਤ ਸਿੱਧੂ ਵੀ ਸਹੀ ਹੈ, ਜੇ ਅਜਿਹਾ ਹੈ ਤਾਂ ਵਰਕਰਾਂ ਨੂੰ ਵੀ ਇਜਾਜ਼ਤ ਦਿੱਤੀ ਜਾਵੇ ਕਿ ਉਹ ਜਿਸ ਖ਼ਿਲਾਫ਼ ਮਰਜ਼ੀ ਬੋਲ ਸਕਣ। ਕਾਂਗਰਸ ਹਾਈਕਮਾਨ ਨੂੰ ਰਾਜਾ ਵੜਿੰਗ ਅਤੇ ਭਾਰਤ ਭੂਸ਼ਣ ਆਸ਼ੂ ਨੂੰ ਪੁੱਛਣਾ ਜ਼ਰੂਰ ਚਾਹੀਦਾ ਸੀ ਕਿ ਉਨ੍ਹਾਂ ਨੇ ਕਾਂਗਰਸ ਉਮੀਦਵਾਰ ਖ਼ਿਲਾਫ਼ ਅਜਿਹੀ ਬਿਆਨਬਾਜ਼ੀ ਕਿਉਂ ਕੀਤੀ ਜਦਕਿ ਮਨਪ੍ਰੀਤ ਬਾਦਲ ਨੇ ਅੱਜ ਤੱਕ ਕਿਸੇ ਖ਼ਿਲਾਫ਼ ਕੋਈ ਬਿਆਨ ਨਹੀਂ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕਈ ਡੇਰਿਆਂ ’ਤੇ ਬਿਜਲੀ ਵਿਭਾਗ ਦਾ ਛਾਪਾ, 88 ਲੱਖ ਤੋਂ ਵੱਧ ਦਾ ਕੀਤਾ ਜੁਰਮਾਨਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?