ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਢਿੱਲੀ ਕਾਰਜ-ਸ਼ੈਲੀ ’ਤੇ 'ਜਾਗੋ ਪਾਰਟੀ' ਨੇ ਜਤਾਇਆ ਇਤਰਾਜ਼

Sunday, May 30, 2021 - 08:09 PM (IST)

ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਢਿੱਲੀ ਕਾਰਜ-ਸ਼ੈਲੀ ’ਤੇ 'ਜਾਗੋ ਪਾਰਟੀ' ਨੇ ਜਤਾਇਆ ਇਤਰਾਜ਼

ਜਲੰਧਰ/ਨਵੀਂ ਦਿੱਲੀ (ਚਾਵਲਾ)- ਫ਼ਿਲਮ ਅਭਿਨੇਤਾ ਅਮਿਤਾਭ ਬੱਚਨ ਪਾਸੋਂ ਲਈ ਗਈ ਕਰੋੜਾਂ ਰੁਪਏ ਦੀ ਰਾਸ਼ੀ ਦੇ ਮਾਮਲੇ ਵਿਚ ਕਮੇਟੀ ਦਾ ਬਚਾਅ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਦੇ ਹੈੱਡ ਗ੍ਰੰਥੀਆਂ ਦੀ ਆੜ ਵਿਚ ਕਮੇਟੀ ਨੂੰ ਦੋਸ਼-ਮੁਕਤ ਕਰਨ ਦੀ ਕੀਤੀ ਗਈ ਕੋਸ਼ਿਸ਼ ’ਤੇ ਵਿਵਾਦ ਪੈਦਾ ਹੋ ਗਿਆ ਹੈ।

ਇਹ ਵੀ ਪੜ੍ਹੋ- ਜਲੰਧਰ ਦੀ ਮਸ਼ਹੂਰ ਪਰਾਂਠਿਆਂ ਵਾਲੀ ਬੇਬੇ ਦਾ ਦੇਹਾਂਤ

ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਾਲਕਾ ਦੇ ਬਿਆਨ ਨੂੰ ਸਿੱਖ ਮਰਿਆਦਾ ਨੂੰ ਨਜ਼ਰਅੰਦਾਜ਼ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿੱਲੀ ਕਮੇਟੀ ਵੱਲੋਂ ਚੁਨੌਤੀ ਦੇਣ ਦੇ ਰੂਪ ਵਿਚ ਪਰਿਭਾਸ਼ਿਤ ਕੀਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਪਾਸੇ ਧਿਆਨ ਦੇਣ ਦੀ ਅਪੀਲ ਕਰਦੇ ਹੋਏ ਜੀ. ਕੇ. ਨੇ ਕਿਹਾ ਕਿ ਕਾਲਕਾ ਨੇ ਕੱਲ ਅੰਮ੍ਰਿਤਸਰ ਵਿਚ ਹੈੱਡ ਗ੍ਰੰਥੀਆਂ ਦਾ ਹਵਾਲਾ ਦੇ ਕੇ ਦਾਅਵਾ ਕੀਤਾ ਸੀ ਕਿ ਕਮੇਟੀ ਕਿਸੇ ਵੱਲੋਂ ਭੇਟ ਕੀਤੀ ਗਈ ਰਾਸ਼ੀ ਨੂੰ ਨਾਮਨਜ਼ੂਰ ਨਹੀਂ ਕਰ ਸਕਦੀ। ਇਸ ਦਾ ਮਤਲਬ ਇਹ ਹੋਇਆ ਕਿ ਕਮੇਟੀ ਆਪਣੇ ਹੈੱਡ ਗ੍ਰੰਥੀਆਂ ਦੀ ਆੜ ਲੈ ਕੇ ਅਮਿਤਾਭ ਬੱਚਨ ਤੋਂ ਸਵੀਕਾਰ ਕੀਤੀ ਗਈ ਰਾਸ਼ੀ ਨੂੰ ਤਰਕਸੰਗਤ ਸਾਬਤ ਕਰ ਰਹੀ ਹੈ, ਜਦੋਂ ਕਿ ਇਸ ਬਾਰੇ ਸਾਰੀਆਂ ਸ਼ਿਕਾਇਤਾਂ ਸ੍ਰੀ ਅਕਾਲ ਤਖ਼ਤ ਸਾਹਿਬ ’ਚ ਵਿਚਾਰ ਅਧੀਨ ਹਨ। ਅਜਿਹੇ ’ਚ ਕਮੇਟੀ ਵੱਲੋਂ ਹੈੱਡ ਗ੍ਰੰਥੀਆਂ ਪਾਸੋਂ ਦੋਸ਼-ਮੁਕਤੀ ਦਾ ਪ੍ਰਮਾਣ ਪੱਤਰ ਲੈਣਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਾਧੂ ਅਧਿਕਾਰਾਂ ਨੂੰ ਸਿੱਧੀ ਚੁਨੌਤੀ ਹੈ।

ਇਹ ਵੀ ਪੜ੍ਹੋ- ਉਦਯੋਗਾਂ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੀ ਮੰਗ ਨੂੰ ਲੈ ਕੇ ਭਾਜਪਾਈਆਂ ਵਲੋਂ ਰੋਸ ਪ੍ਰਦਰਸ਼ਨ

ਜੀ. ਕੇ. ਨੇ ਕਿਹਾ ਕਿ ਜਥੇਦਾਰ ਸਾਹਿਬ ਲਗਾਤਾਰ ਸਿਰਸਾ ਨੂੰ ਬਚਾਉਣ ਦੇ ਦਬਾਅ ਤਹਿਤ ਉਨ੍ਹਾਂ ਖ਼ਿਲਾਫ਼ ਕਿਸੇ ਵੀ ਮਾਮਲੇ ਵਿਚ ਸੁਣਵਾਈ ਨਹੀਂ ਕਰ ਰਹੇ। ਇਸ ਮੌਕੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਜਥੇਦਾਰ ਦੀ ਢਿੱਲੀ ਕਾਰਜ-ਸ਼ੈਲੀ ’ਤੇ ਅਫ਼ਸੋਸ ਜਤਾਉਂਦੇ ਹੋਏ ਜਥੇਦਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਬਚਾਉਣ ਦਾ ਤਰਲਾ ਮਾਰਿਆ। ਉੱਥੇ ਹੀ ਉਨ੍ਹਾਂ ਕਿਹਾ ਕਿ ਧਾਰਮਿਕ ਮਾਮਲਿਆਂ ਨੂੰ ਅਦਾਲਤਾਂ ਵੱਲ ਮਜਬੂਰਨ ਜਾਣ ਦਾ ਆਧਾਰ ਤਿਆਰ ਨਾ ਹੋਵੇ, ਇਹ ਵੀ ਜਥੇਦਾਰ ਸਾਹਿਬ ਨੇ ਵੇਖਣਾ ਹੈ। ਰਾਣਾ ਨੇ ਕਮੇਟੀ ਨੂੰ ਅਮਿਤਾਭ ਬੱਚਨ ਦੀ ਦਾਨ ਰਾਸ਼ੀ ਨੂੰ ਸਵੀਕਾਰ ਕਰਨ ਦੀ ਦਲੀਲ ਦੇਣ ਵਾਲੇ ਹੈੱਡ ਗ੍ਰੰਥੀਆਂ ਦੇ ਨਾਂ ਜਨਤਕ ਕਰਨ ਦੀ ਮੰਗ ਕੀਤੀ ਤਾਂ ਕਿ ਸੰਗਤ ਉਨ੍ਹਾਂ ਨੂੰ ਸਵਾਲ ਕਰ ਸਕੇ ।


author

Bharat Thapa

Content Editor

Related News