ਗੁਰਦੁਆਰਾ ਰਕਾਬਗੰਜ ਵਿਖੇ ਫ਼ਿਲਮੀ ਗੀਤ ਵੱਜਣ ’ਤੇ ਜਾਗੋ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੀ ਸ਼ਿਕਾਇਤ

Monday, Jun 07, 2021 - 04:12 PM (IST)

ਜਲੰਧਰ/ਨਵੀਂ ਦਿੱਲੀ (ਚਾਵਲਾ) : ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕੋਵਿਡ ਸੈਂਟਰ ਵਿਚ ਹੈੱਪੀਨੈਸ ਥੈਰੇਪੀ ਦੇ ਨਾਂ ’ਤੇ ਰੋਮਾਂਟਿਕ ਫ਼ਿਲਮੀ ਗੀਤ ਵਜਾਉਣ ਦੇ ਮਾਮਲੇ ’ਚ ਜਾਗੋ ਪਾਰਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸ਼ਿਕਾਇਤ ਕੀਤੀ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ 1984 ਦੇ ਘੱਲੂਘਾਰੇ ਦੀ ਬਰਸੀ ’ਤੇ ਹੋਏ ਇਸ ਰੰਗੀਲੇ ਪ੍ਰੋਗਰਾਮ ਕਾਰਨ ਸਿੱਖ ਮਰਿਆਦਾ ਨੂੰ ਠੇਸ ਪਹੁੰਚਣ ਅਤੇ ਗੁਰਬਾਣੀ ਦੀ ਅਵੱਗਿਆ ਹੋਣ ਦਾ ਦਾਅਵਾ ਕਰਦੇ ਹੋਏ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਮਾਮਲੇ ’ਚ ਕਾਰਵਾਈ ਕਰਨ ਲਈ ਪੱਤਰ ਲਿਖਿਆ ਹੈ। ਇਸ ਸ਼ਿਕਾਇਤ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਦੀ ਮੰਗ ਕਰਦੇ ਹੋਏ ਜੀ. ਕੇ. ਨੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਸਲਾਹ ਵੀ ਜਥੇਦਾਰ ਨੂੰ ਦਿੱਤੀ ਹੈ।

ਇਹ ਵੀ ਪੜ੍ਹੋ : ਕੈਪਟਨ ਸਰਕਾਰ ਹੁਣ ਆਖਰੀ ਸਾਹਾਂ ’ਤੇ : ਬੋਨੀ ਅਜਨਾਲਾ

ਜੀ. ਕੇ. ਨੇ ਦੱਸਿਆ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਇਸ ਪਾਵਨ ਸ਼ਹੀਦੀ ਸਥਾਨ ’ਤੇ ਹੋਣ ਵਾਲੇ ਵਿਆਹ ਆਦਿ ਦੇ ਪ੍ਰੋਗਰਾਮਾਂ ਵਿੱਚ ਡੀ. ਜੇ., ਢੋਲ ਅਤੇ ਬੈਂਡ ਵਜਾਉਣ ਦੀ ਸਖ਼ਤ ਮਨਾਹੀ ਹੈ। ਬਰਾਤੀਆਂ ਨੂੰ ਢੋਲ ਅਤੇ ਬੈਂਡ ਵਜਾਉਣ ਦੀ ਵੀ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਤੋਂ 100 ਮੀਟਰ ਪਹਿਲਾਂ ਤਕ ਹੀ ਇਜਾਜ਼ਤ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸਿੱਖ ਕੌਮ ਜੂਨ 1984 ਦੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਨੂੰ 1 ਤੋਂ 6 ਜੂਨ ਤਕ ਹਰ ਸਾਲ ਯਾਦ ਕਰਦੀ ਹੈ, ਇਸ ਲਈ 1984 ਘੱਲੂਘਾਰੇ ਦੇ ਵੈਰਾਗੀ ਹਫ਼ਤੇ ਵਿਚ ਫ਼ਿਲਮੀ ਗੀਤਾਂ ਨੂੰ ਵਜਾਉਣਾ ਕੌਮ ਦੇ ਸ਼ਹੀਦਾਂ ਦੀ ਬੇਇੱਜ਼ਤੀ ਹੈ। ਜਥੇਦਾਰ ਨੂੰ ਲਗਾਤਾਰ ਦਿੱਲੀ ਕਮੇਟੀ ਪ੍ਰਬੰਧਕਾਂ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਨਾ ਕਰਨ ਦੀ ਦੁਹਾਈ ਦਿੰਦੇ ਹੋਏ ਜੀ. ਕੇ. ਨੇ ਕਿਹਾ ਕਿ ਜਥੇਦਾਰ ਦਿੱਲੀ ਦੀ ਸੰਗਤ ਦੇ ਸਬਰ ਦਾ ਇਮਤਿਹਾਨ ਨਾ ਲੈਣ ਤਾਂ ਬਿਹਤਰ ਹੋਵੇਗਾ।

ਇਹ ਵੀ ਪੜ੍ਹੋ : ਕੀ ਹਾਈਕਮਾਨ ਤੱਕ ਵੀ ਪਹੁੰਚਿਆ ਕੈਪਟਨ ਸਰਕਾਰ ਦੇ ਵੈਕਸੀਨ ਘਪਲੇ ਦਾ ਪੈਸਾ : ਰਾਘਵ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 

 


Anuradha

Content Editor

Related News