ਜਗਬਾਣੀ ਵਿਸ਼ੇਸ਼ ਰਿਪੋਰਟ : ਵੱਡੀ ਗਿਣਤੀ ’ਚ ਠੀਕ ਹੋਣ ਲੱਗੇ ਕੋਰੋਨਾ ਪੀੜਤ
Thursday, Apr 30, 2020 - 08:09 PM (IST)
ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਮੌਜੂਦਾ ਦੌਰ ਅੰਦਰ ਕੋਰੋਨਾ ਵਾਇਰਸ ਧਰਤੀ ਦੇ ਚੱਪੇ-ਚੱਪੇ ’ਤੇ ਫੈਲ ਚੁੱਕਾ ਹੈ। ਇਸ ਵਾਇਰਸ ਦੀ ਦਹਿਸ਼ਤ ਨੇ ਸਮੁੱਚੀ ਦੁਨੀਆਂ ਨੂੰ ਖੌਫਜ਼ਦਾ ਕੀਤਾ ਹੋਇਆ ਹੈ। ਧਰਤੀ ਦੇ ਹਰ ਕੋਨੇ ਵਿਚੋਂ ਕੋਰੋਨਾ ਵਾਇਰਸ ਦੇ ਕਹਿਰ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਪਰ ਇਸ ਸਭ ਦੌਰਾਨ ਚੰਗੀ ਗੱਲ ਇਹ ਹੈ ਕਿ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਤੇਜ਼ੀ ਆਉਣੀ ਸ਼ੁਰੂ ਹੋ ਚੁੱਕੀ ਹੈ। ਪਿਛਲੇ 20 ਦਿਨਾਂ ਦੌਰਾਨ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ ਵਿਚ ਕਰੀਬ 4 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।
ਤਾਜ਼ਾ ਅੰਕੜਿਆਂ ਮੁਤਾਬਕ ਅਪ੍ਰੈਲ ਮਹੀਨੇ ਦੀ 10 ਤਰੀਕ ਨੂੰ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ 77.73 ਸੀ, ਜੋ ਕਿ 29 ਅਪ੍ਰੈਲ ਦੇ ਅੰਕੜਿਆਂ ਮੁਤਾਬਕ ਵਧ ਕੇ 81.43 ’ਤੇ ਪੁੱਜ ਗਈ ਹੈ। ਠੀਕ ਹੋਣ ਵਾਲੇ ਮਰੀਜ਼ਾਂ ਦੀ ਇਹ ਦਰ ਮਾਰਚ ਮਹੀਨੇ ਦੀ 7 ਤਰੀਕ ਤੋਂ ਡਿੱਗਣੀ ਸ਼ੁਰੂ ਹੋਈ ਸੀ, ਜਿਸ ਵਿਚ ਹੁਣ ਫਿਰ ਸੁਧਾਰ ਹੋਣਾ ਸ਼ੁਰੂ ਹੋਇਆ ਹੋ ਗਿਆ ਹੈ।
ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ 10 ਲੱਖ ਤੋਂ ਟੱਪੀ
ਅਮਰੀਕਨ ਵੈੱਬਸਾਈਟ ਵਰਲਡਓਮੀਟਰ ਦੇ ਤਾਜ਼ਾ ਅੰਕੜਿਆਂ ਮੁਤਾਬਕ, ਜਿੱਥੇ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਸਵਾ 2 ਲੱਖ ਦੇ ਕਰੀਬ ਹੈ, ਉੱਥੇ ਹੀ ਇਸ ਬਿਮਾਰੀ ਨਾਲ ਲੜ ਕੇ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ 10 ਲੱਖ ਤੋਂ ਟੱਪ ਚੁੱਕੀ ਹੈ।
ਇਸ ਨਾਮੁਰਾਦ ਬਿਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਦਰ 82 ਫੀਸਦੀ, ਜਦਕਿ ਇਸਦੇ ਸਾਹਮਣੇ ਹਾਰ ਜਾਣ ਵਾਲੇ ਮਰੀਜ਼ਾਂ ਦੀ ਦਰ 18 ਫੀਸਦੀ ਦੇ ਕਰੀਬ ਹੈ। ਇਨ੍ਹਾਂ ਰਿਪੋਰਟਾਂ ਮੁਤਾਬਕ ਦੇਖਿਆ ਜਾਵੇ ਤਾਂ ਇਹ ਵਾਇਰਸ ਮਨੁੱਖ ਦੀ ਬਿਮਾਰੀ ਨਾਲ ਲੜਨ ਦੀ ਸ਼ਕਤੀ ਸਾਹਮਣੇ ਵੱਡਾ ਨਹੀਂ ਹੈ ਅਤੇ ਨਾ ਹੀ ਇਹ ਬਿਮਾਰੀ ਪੂਰੀ ਤਰ੍ਹਾਂ ਲਾ-ਇਲਾਜ ਹੈ। ਬਾਵਜੂਦ ਇਸ ਦੇ ਕਿ ਇਸ ਬਿਮਾਰੀ ਦੀ ਕੋਈ ਕਾਰਗਰ ਦਵਾਈ ਵੀ ਸਾਡੇ ਕੋਲ ਨਹੀਂ ਹੈ। ਫਿਰ ਵੀ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਕਾਫੀ ਵੱਡੀ ਹੈ।
ਕੋਰੋਨਾ ਵਾਇਰਸ ਦੇ ਇਲਾਜ ਲਈ ਕਾਰਗਰ ਦਵਾਈ ਲੱਭਣ ਦਾ ਵੀ ਹੋਇਆ ਦਾਅਵਾ
ਜਦੋਂ ਤੋਂ ਕੋਰੋਨਾ ਮਹਾਮਾਰੀ ਦਾ ਮਨੁੱਖੀ ਨਸਲ ’ਤੇ ਹਮਲਾ ਹੋਇਆ ਹੈ, ਸਿਹਤ ਮਾਹਰਾਂ ਨੇ ਅਨੇਕਾਂ ਤਜ਼ਰਬੇ ਕੀਤੇ ਅਤੇ ਵੱਖ-ਵੱਖ ਵਾਇਰਸ ਰੋਕੋ ਦਵਾਈਆਂ ਨਾਲ ਮਰੀਜ਼ਾਂ ਦਾ ਇਲਾਜ ਕਰਨ ਦੇ ਯਤਨ ਕੀਤੇ। ਇਸ ਵਿਚ ਉਨ੍ਹਾਂ ਨੂੰ ਕਾਫੀ ਹੱਦ ਤੱਕ ਸਫਲਤਾ ਵੀ ਮਿਲੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਲਾਹਕਾਰ ਡਾਕਟਰ ਐਨਥਨੀ ਫਾਉਸੀ ਦੇ ਮੁਤਾਬਕ ਰੇਮਡਿਸਿਵਿਰ ਨਾਂ ਦੀ ਦਵਾਈ ਨਾਲ ਮਰੀਜ਼ਾਂ ਦੇ ਠੀਕ ਹੋਣ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਉਹਨਾਂ ਨੇ ਕਿਹਾ ਦੱਸਿਆ ਕਿ ਰੇਮਡੇਸਿਵਿਰ ਦਵਾਈ ਦਾ ਅਮਰੀਕਾ, ਯੂਰਪ ਅਤੇ ਏਸ਼ੀਆ ਦੇ 68 ਥਾਵਾਂ 'ਤੇ 1063 ਲੋਕਾਂ 'ਤੇ ਟ੍ਰਾਇਲ ਕੀਤਾ ਗਿਆ ਸੀ। ਇਸ ਟ੍ਰਾਇਲ ਦੇ ਦੌਰਾਨ ਇਹ ਪਤਾ ਲੱਗਾ ਕਿ ਰੇਮਡੇਸਿਵਿਰ ਦਵਾਈ ਇਸ ਵਾਇਰਸ ਨੂੰ ਰੋਕ ਸਕਦੀ ਹੈ।
ਇਸ ਤੋਂ ਕੁਝ ਦਿਨ ਪਹਿਲਾਂ WHO ਦੇ ਡਾਕਟਰ ਬੌਰਸ ਐਲਵਾਰਡ ਨੇ ਵੀ ਆਪਣੇ ਚੀਨ ਦੇ ਦੌਰੇ ਤੋਂ ਬਾਅਦ ਰੇਮਡੇਸੀਵੀਰ ਦਵਾਈ ਨੂੰ ਕਾਰਗਰ ਦੱਸਿਆ ਸੀ। ਦੂਜੇ ਪਾਸੇ ਰੇਮਡੇਸਿਵਿਰ ਦਵਾਈ 'ਤੇ ਹੋਏ ਇਨ੍ਹਾਂ ਤਜ਼ਰਬਿਆਂ ਬਾਰੇ ਵਿਸ਼ਵ ਸਿਹਤ ਸੰਗਠਨ ਦੇ ਸੀਨੀਅਰ ਅਧਿਕਾਰੀ ਮਾਈਕਲ ਰੇਯਾਨ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਜਿਕਰਯੋਗ ਹੈ ਕਿ ਰੇਮਡੇਸਿਵਿਰ ਨਾਂ ਦੀ ਇਹ ਦਵਾਈ ਇਬੋਲਾ ਵਾਇਰਸ ਲਈ ਬਣਾਈ ਗਈ ਸੀ, ਜੋ ਉਸ ਸਮੇਂ ਟ੍ਰਾਇਲ ਦੇ ਦੌਰਾਨ ਫੇਲ ਹੋ ਗਈ।