ਇਤਿਹਾਸ ਦੀ ਡਾਇਰੀ: ਆਜ਼ਾਦ ਭਾਰਤ ਦੀ ਪਹਿਲੀ ਆਮ ਚੋਣਾਂ ਦੀ ਕਹਾਣੀ (ਵੀਡੀਓ)

Monday, Feb 10, 2020 - 10:59 AM (IST)

ਜਲੰਧਰ (ਬਿਊਰੋ): ਜਗਬਾਣੀ ਦੀ ਖਾਸ ਪੇਸ਼ਕਸ਼ 'ਇਤਿਹਾਸ ਦੀ ਡਾਇਰੀ' 'ਚ ਅੱਜ ਦੀ ਸਪੈਸ਼ਲ ਰਿਪੋਰਟ 'ਚ ਗੱਲ ਕਰਾਂਗੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਭਾਰਤ 'ਚ ਹੋਈਆਂ ਲੋਕ ਸਭਾ ਚੋਣਾਂ ਦੀ, ਜਿਸ 'ਚ ਅੱਜ ਦੇ ਦਿਨ 10 ਫਰਵਰੀ ਨੂੰ ਜਵਾਹਰ ਲਾਲ ਨਹਿਰੂ ਦੀ ਪ੍ਰਸਿੱਧੀ ਨੇ ਆਲ ਇੰਡੀਆ ਕਾਂਗਰਸ ਪਾਰਟੀ ਨੂੰ ਬਹੁਮਤ ਨਾਲ ਜਿੱਤ ਦਿਵਾਈ, ਇਸਦੇ ਨਾਲ ਹੀ ਗੱਲ ਕਰਾਂਗੇ ਇਲਾਹਾਬਾਦ 'ਚ ਵਾਪਰੀ ਉਸ ਦੁਖਦਾਈ ਘਟਨਾ ਦੀ,ਜਿਸ 'ਚ ਕਈਆਂ ਨੂੰ ਆਪਣੀ ਜਾਨ ਗਵਾਣੀ ਪਈ। ਸ਼ੁਰੂਆਤ ਕਰਾਂਗੇ ਦੇਸ਼ 'ਚ ਹੋਈਆਂ ਪਹਿਲੀ ਲੋਕ ਸਭਾ ਚੋਣਾਂ ਤੋਂ.....

1947 'ਚ ਅੰਗ੍ਰੇਜ਼ਾਂ ਤੋਂ ਆਜ਼ਾਦੀ ਮਿਲਣ ਮਗਰੋਂ ਭਾਰਤ 'ਚ ਪਹਿਲੀ ਵਾਰ 1951-1952 'ਚ ਆਮ ਚੋਣਾਂ ਹੋਈਆਂ ਸਨ। ਸੁਤੰਤਰ ਭਾਰਤ ਦੀ ਇਸ ਪਹਿਲੀ ਮਹੱਤਵਪੂਰਨ ਚੋਣ 'ਤੇ ਪੂਰੀ ਦੁਨੀਆ ਦੀ ਨਿਗਾਹ ਟਿੱਕੀ ਹੋਈ ਸੀ।ਹਰ ਇੱਕ ਦੇ ਮਨ 'ਚ ਸਿਰਫ਼ ਇੱਕ ਹੀ ਸਵਾਲ ਸੀ ਕਿ ਕੀ ਭਾਰਤ ਲੋਕਤੰਤਰ ਦੀ ਇੰਨ੍ਹੀ ਵੱਡੀ ਕਵਾਇਦ ਨੂੰ ਸਫਲਤਾਪੂਰਵਕ ਪੂਰਾ ਕਰ ਸਕੇਗਾ? ਪਰ ਜਦੋਂ ਮੁੱਖ ਚੋਣ ਕਮਿਸ਼ਨਰ ਸੁਕੁਮਾਰ ਸੇਨ ਦੀ ਯੋਗ ਅਗਵਾਈ ਹੇਠ ਚੋਣਾਂ ਸਫਲਤਾਪੂਰਵਕ ਪੂਰੀਆਂ ਹੋਈਆਂ ਤਾਂ ਦੁਨੀਆ ਹੈਰਾਨ ਰਹਿ ਗਈ। ਬਿਨ੍ਹਾਂ ਸ਼ੱਕ ਇਨ੍ਹਾਂ ਆਮ ਚੋਣਾਂ ਤੋਂ ਪਹਿਲਾਂ ਪੰਡਿਤ ਜਵਾਹਰਲਾਲ ਨਹਿਰੂ ਅੰਤਰਿਮ ਸਰਕਾਰ ਦੇ ਪ੍ਰਧਾਨਮੰਤਰੀ ਸਨ ਤੇ ਨਹਿਰੂ ਦਾ ਜਲਵਾ ਇਨ੍ਹਾਂ ਆਮ ਚੋਣਾਂ 'ਚ ਵੀ ਬਰਕਰਾਰ ਰਿਹਾ ਤੇ ਉਨ੍ਹਾਂ ਦੀ ਅਗਵਾਈ 'ਚ ਕਾਂਗਰਸ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ।

1951 ਦੀਆਂ ਆਮ ਚੋਣਾਂ 'ਚ 14 ਰਾਸ਼ਟਰੀ ਪਾਰਟੀ,39 ਸੂਬਾ ਪੱਧਰ ਦੀ ਪਾਰਟੀ ਤੇ ਆਜ਼ਾਦ ਉਮੀਦਵਾਰ ਨੇ ਆਪਣੀ ਕਿਸਮਤ ਅਜ਼ਮਾਈ।ਇਨ੍ਹਾਂ ਸਾਰੀਆਂ ਪਾਰਟੀਆਂ ਦੇ ਕੁੱਲ 1,874 ਉਮੀਦਵਾਰ ਮੈਦਾਨ 'ਚ ਸਨ ਤੇ ਕੁਲ 18 ਕਰੋੜ ਵੋਟਰਾਂ 'ਚੋਂ ਲਗਭਗ 10 ਕਰੋੜ ਲੋਕਾਂ ਨੇ ਆਪਣੇ ਅਧਿਕਾਰਾਂ ਦਾ ਪ੍ਰਯੋਗ ਕੀਤਾ।ਰਾਸ਼ਟਰੀ ਪਾਰਟੀਆਂ 'ਚ ਮੁੱਖ ਤੌਰ 'ਤੇ ਕਾਂਗਰਸ,ਸੀ.ਪੀ.ਆਈ.,ਭਾਰਤੀ ਜਨਸੰਘ ਤੇ ਬਾਬਾ ਸਾਹਿਬ ਅੰਬੇਦਕਰ ਦੀ ਪਾਰਟੀ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਅਕਾਲੀ ਦਲ ਤੇ ਫਾਰਵਰਡ ਬਲਾਕ ਵਰਗੀਆਂ ਪਾਰਟੀਆਂ ਚੋਣਾਂ 'ਚ ਸ਼ਾਮਲ ਹੋਈਆਂ ਸਨ।ਹਰ ਪਾਰਟੀ ਆਪਣੇ-ਆਪਣੇ ਤਰੀਕੇ ਨਾਲ ਪ੍ਰਚਾਰ ਕਰਨ 'ਚ ਜੁਟ ਗਈ।ਨਹਿਰੂ ਨੇ ਫਿਰਕਾਪ੍ਰਸਤੀ 'ਤੇ ਹਮਲਾ ਬੋਲਿਆ ਤਾਂ ਅੰਬੇਦਕਰ ਨੇ ਨਹਿਰੂ ਦੀਆਂ ਨੀਤੀਆਂ 'ਤੇ ਲੋਕ ਸਭਾ ਚੋਣ 'ਚ ਭਾਰਤੀ ਰਾਸ਼ਟਰੀ ਕਾਂਗਰਸ ਵੱਲੋਂ ਪ੍ਰਧਾਨਮੰਤਰੀ ਜਵਾਹਰਲਾਲ ਨਹਿਰੂ ਹੀ ਸਟਾਰ ਪ੍ਰਚਾਰਕ ਸਨ। ਉਨ੍ਹਾਂ ਆਪਣੇ ਚੋਣ ਪ੍ਰਚਾਰ ਮੁਹਿੰਮ ਤਹਿਤ 40 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰਦੇ ਹੋਏ ਕਰੀਬ ਸਾਢੇ ਤਿੰਨ ਕਰੋੜ ਲੋਕਾਂ ਨੂੰ ਸੰਬੋਧਿਤ ਕੀਤਾ।ਹਾਲਾਂਕਿ ਵਿਰੋਧੀ ਪਾਰਟੀਆਂ ਕੋਲ ਕੰਮ ਕਰਨ ਦੇ ਮੌਕੇ ਸਨ, ਸ਼ਾਨਦਾਰ ਨੇਤਾ ਵੀ ਸਨ,ਪਰ ਉਨ੍ਹਾਂ ਕੋਲ ਅਜਿਹੀ ਵਿਸ਼ਾਲ ਮੁਹਿੰਮ ਚਲਾਉਣ ਲਈ ਸੰਗਠਨ, ਸਰੋਤ ਤੇ ਵਰਕਰ ਨਹੀਂ ਸਨ।
ਨਤੀਜਾ ਇਹ ਰਿਹਾ ਕਿ ਪੰਡਿਤ ਜਵਾਹਰਲਾਲ ਨਹਿਰੂ ਦੀ ਪ੍ਰਸਿੱਧੀ ਨੇ ਕਾਂਗਰਸ ਪਾਰਟੀ ਨੂੰ ਬਹੁਮਤ ਨਾਲ ਜਿੱਤਾ ਦਿੱਤਾ ਕਾਂਗਰਸ ਸੰਸਦ ਦੀ 489 ਸੀਟਾਂ 'ਚੋਂ 364 ਸੀਟਾਂ ਜਿੱਤਣ 'ਚ ਕਾਮਯਾਬ ਰਹੀ ਤੇ ਇਸ ਜਿੱਤ ਦਾ ਸਭ ਤੋਂ ਵੱਡਾ ਕਾਰਨ ਜਵਾਹਰਲਾਲ ਨਹਿਰੂ ਨੂੰ ਮੰਨਿਆ ਗਿਆ। ਕਾਂਗਰਸ ਤੋਂ ਬਾਅਦ ਸੀ.ਪੀ.ਆਈ ਦੂਜੀ ਸਭ ਤੋਂ ਵੱਡੀ ਪਾਰਟੀ ਬਣੀ,ਜਿਸਨੂੰ 16 ਸੀਟਾਂ ਮਿਲੀਆਂ। ਇਸਦੇ ਨਾਲ ਹੀ 12 ਸੀਟਾਂ ਦੇ ਨਾਲ ਸੋਸ਼ਲਿਸਟ ਪਾਰਟੀ ਤੀਜੇ ਸਥਾਨ 'ਤੇ ਰਹੀ। ਇਸ ਤੋਂ ਇਲਾਵਾ ਕਿਸਾਨ ਮਜ਼ਦੂਰ ਪ੍ਰਜਾ ਪਾਰਟੀ ਨੂੰ 9 ਸੀਟਾਂ ਤੇ ਹਿੰਦ ਮਜ਼ਦੂਰ ਸਭਾ ਨੂੰ 4 ਸੀਟਾਂ ਮਿਲੀਆਂ।

ਅੱਜ ਦੇ ਦਿਨ ਜਿਥੇ ਭਾਰਤ ਨੇ ਪਹਿਲੀ ਵਾਰ ਲੋਕਤੰਤਰੀ ਢੰਗ ਨਾਲ ਸਰਕਾਰ ਚੁਣ ਇਤਿਹਾਸ ਰਚਿਆ, ਉਥੇ ਹੀ 10 ਫਰਵਰੀ 2013 'ਚ ਇਲਾਹਾਬਾਦ 'ਚ ਅਜਿਹੀ ਘਟਨਾ ਵਾਪਰੀ,ਜਿਸਦਾ ਦਰਦ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਧਰਤੀ ਦਾ ਸਭ ਤੋਂ ਵੱਡਾ ਮੇਲਾ ਕਿਹਾ ਜਾਣ ਵਾਲਾ ਮਹਾਕੁੰਭ,ਜਿਸ ਦਿਨ ਗੰਗਾ,ਯਮੁਨਾ ਤੇ ਸਰਸਵਤੀ ਦੇ ਸੰਗਮ 'ਤੇ ਪਵਿੱਤਰ ਇਸ਼ਨਾਨ ਲਈ ਸਾਧੂ-ਸੰਤ,ਯੋਗੀ,ਤਪਸਵੀ ਸਮੇਤ ਕਰੋੜਾਂ ਦੀ ਤਦਾਦ 'ਚ ਸ਼ਰਧਾਲੂਆਂ ਦੀ ਭੀੜ ਪੁੱਜਦੀ ਹੈ। 10 ਫਰਵਰੀ 2013 ਨੂੰ ਉਸੇ ਕੁੰਭ 'ਚ ਸ਼ਾਹੀ ਇਸ਼ਨਾਨ ਲਈ ਪੁੱਜੇ ਸ਼ਰਧਾਲੂਆਂ 'ਚ ਮਚੀ ਭਗ-ਦੜ ਨਾਲ ਇਲਾਹਾਬਾਦ ਰੇਲਵੇ ਸਟੇਸ਼ਨ 'ਤੇ ਕਈ ਮੌਤਾਂ ਹੋਈਆਂ।

10 ਫਰਵਰੀ 2013 ਨੂੰ ਕੁੰਭ ਮੇਲੇ ਦੌਰਾਨ ਇਲਾਹਾਬਾਦ ਰੇਲਵੇ ਸਟੇਸ਼ਨ 'ਚ ਮੱਚੀ ਭਗਦੜ 'ਚ 36 ਦੇ ਕਰੀਬ ਲੋਕ ਮਾਰੇ ਗਏ ਸਨ, ਜਦਕਿ 39 ਦੇ ਕਰੀਬ ਲੋਕ ਜ਼ਖਮੀ ਹੋ ਗਏ ਸੀ। ਮਰਨ ਵਾਲਿਆਂ 'ਚ 28 ਔਰਤਾਂ ਤੇ 7 ਬੱਚੇ ਸ਼ਾਮਲ ਸਨ। ਜਿਆਦਾਤਰ ਯੂ.ਪੀ,ਬਿਹਾਰ,ਦਿੱਲੀ,ਮੱਧਪ੍ਰਦੇਸ਼ ਤੇ ਮਹਾਰਾਸ਼ਟਰ ਦੇ ਵਾਲੇ ਸੀ। ਇਸ ਹਾਦਸੇ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਗਈਆਂ। ਕੁਝ ਚਸ਼ਮਦੀਦਾਂ ਦਾ ਮੰਨਣਾ ਸੀ ਕਿ ਪਲੇਟਫਾਰਮ ਨੰ.6 'ਤੇ ਜੋ ਹਾਦਸਾ ਹੋਇਆ ਉਹ ਫੁਟਓਵਰ ਬ੍ਰਿਜ ਦੇ ਇੱਕ ਹਿੱਸੇ ਦੀ ਰੇਲਿੰਗ ਟੁੱਟਣ ਕਾਰਨ ਹੋਇਆ ਪਰ ਕੁਝ ਚਸ਼ਮਦੀਦਾਂ ਦਾ ਕਹਿਣਾ ਸੀ ਕਿ ਪੁਲਸ ਲਾਠੀਚਾਰਜ ਕਾਰਨ ਭਗ-ਦੜ ਮਚੀ ਤੇ ਭਗਦੜ ਕਾਰਨ ਫੁੱਟਓਵਰ ਬ੍ਰਿਜ ਦੀ ਰੇਲਿੰਗ ਟੁਟੀ,ਜਿਸ ਕਾਰਨ ਇਨ੍ਹਾਂ ਵੱਡਾ ਹਾਦਸਾ ਵਾਪਰਿਆ। ਹਾਲਾਂਕਿ ਡੀ.ਆਰ.ਐੱਮ. ਨੇ ਲਾਠੀਚਾਰਜ ਤੋਂ ਇਨਕਾਰ ਕੀਤਾ ਸੀ..

..ਤੇ ਹੁਣ ਗੱਲ 10 ਫਰਵਰੀ ਨੂੰ ਵਪਾਰੀਆਂ ਕੁਝ ਹੋਰ ਘਟਨਾਵਾਂ ਦੀ,ਜਿਨ੍ਹਾਂ ਨੇ ਇਤਿਹਾਸ ਦੇ ਪੰਨਿਆਂ 'ਚ ਕੁਝ ਕੌੜੀਆਂ ਤੇ ਕੁਝ ਮਿੱਠੀਆਂ ਯਾਦਾਂ ਛੱਡੀਆਂ...
1921-ਮਹਾਤਮਾ ਗਾਂਧੀ ਨੇ ਕਾਸ਼ੀ ਵਿੱਦਿਆਪੀਠ ਦਾ ਉਦਘਾਟਨ ਕੀਤਾ।  
1921- ਡਿਊਕ ਆਫ਼ ਕਨਾਟ ਨੇ ਇੰਡੀਆ ਗੇਟ ਦੀ ਨੀਂਹ ਰੱਖੀ ਸੀ।  
1992- ਵਿਦੇਸ਼ੀ ਸੈਲਾਨੀਆਂ ਲਈ ਅੰਡੇਮਾਨ ਤੇ ਨਿਕੋਬਾਰ ਟਾਪੂ ਖੋਲ੍ਹਿਆ ਗਿਆ।
2009- ਮਸ਼ਹੂਰ ਸ਼ਾਸਤਰੀ ਗਾਇਕ ਪੰਡਿਤ ਭੀਮਸੇਨ ਜੋਸ਼ੀ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਸੀ।
ਹੁਣ ਇੱਕ ਨਜ਼ਰ ਉਨ੍ਹਾਂ ਮਹਾਨ ਸ਼ਖਸੀਅਤਾਂ 'ਤੇ,ਜਿਨ੍ਹਾਂ ਦਾ ਅੱਜ ਦੇ ਦਿਨ ਹੋਇਆ ਸੀ ਜਨਮ..

ਜਨਮ
1970- ਹਿੰਦੀ ਮੰਚ ਦੇ ਕਵੀ ਕੁਮਾਰ ਵਿਸ਼ਵਾਸ ਦਾ ਹੋਇਆ ਸੀ ਜਨਮ
1847- ਬੰਗਲਾ ਕਵੀ ਲੇਖਕ ਨਵੀਨਚੰਦਰ ਸੇਨ ਦਾ ਜਨਮ ਹੋਇਆ ਸੀ।

ਮੌਤ
ਕਲਕੱਤਾ ਦੇ ਸੰਸਥਾਪਕ ਜੋਬ ਚਾਰਨੋਕ ਦੀ 1692 'ਚ ਮੌਤ ਹੋਈ ਸੀ।  
ਮਸ਼ਹੂਰ ਸਾਹਿਤਕਾਰ ਗੁਲਸ਼ੇਰ ਖਾਨ ਸ਼ਾਨੀ ਦੀ 1995 'ਚ ਮੌਤ ਹੋਈ ਸੀ।


author

Shyna

Content Editor

Related News