ਪੰਜਾਬ ’ਚ ਫਸੇ ਬ੍ਰਿਟਿਸ਼ ਨਾਗਰਿਕਾਂ ਲਈ ਆਸਾਨ ਨਹੀਂ ਸਵਦੇਸ਼ ਪਰਤਣਾ
Friday, Apr 10, 2020 - 01:25 AM (IST)
ਅੰਮ੍ਰਿਤਸਰ, (ਇੰਦਰਜੀਤ)- ਭਾਰਤ ’ਚ ਫਸੇ ਬ੍ਰਿਟਿਸ਼ ਨਾਗਰਿਕਾਂ ਲਈ ਆਪਣੇ ਵਤਨ ਪਰਤਣਾ ਮੁਸ਼ਕਲ ਹੋ ਗਿਆ ਹੈ। ਉਹ ਵੀ ਉਨ੍ਹਾਂ ਹਾਲਾਤ ’ਚ ਜਦੋਂ ਬਰਤਾਨੀਆ ਦੀ ਵਿਦੇਸ਼ ਸਕੱਤਰ ਡੋਮੀਨਿਕ ਰਾਬ ਨੂੰ ਇਨਫੈਕਸ਼ਨ ਹੈ, ਉਥੇ ਹੀ ਉਨ੍ਹਾਂ ਦਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਕੋਰੋਨਾ ਕਾਰਣ ਆਈ. ਸੀ. ਯੂ. ’ਚ ਹੈ। ਇਨ੍ਹਾਂ ਹਾਲਾਤ ’ਚ ਉਕਤ ਅੌਰਤ ਦਾ ਦਰਦ ਹੋਰ ਕੀ ਹੋ ਸਕਦਾ ਹੈ, ਜੋ ਲੁਧਿਆਣਾ ਸ਼ਹਿਰ ’ਚ ਆਪਣੇ ਪਿਤਾ ਦੀ ਮੌਤ ਉਪਰੰਤ ਉਸ ਦੇ ਸਸਕਾਰ ਅਤੇ ਸਮਾਜਿਕ ਕਿਰਿਆਵਾਂ ਪੂਰੀਆਂ ਕਰਨ ਲਈ ਅੰਮ੍ਰਿਤਸਰ ਏਅਰਪੋਰਟ ਰਾਹੀਂ ਭਾਰਤ ਆਈ ਸੀ। ਉਸ ਦੇ ਨਾਲ ਪਤੀ ਵੀ ਸੀ। ਉਸ ਨੂੰ ਇਸ ਗੱਲ ਦਾ ਕੀ ਪਤਾ ਨਹੀਂ ਸੀ ਕਿ ਕੋਰੋਨਾ ਵਾਇਰਸ ਕਾਰਣ ਉਸ ਦੀ ਉਡਾਣ ਰੱਦ ਹੋ ਜਾਵੇਗੀ।
12 ਮਾਰਚ ਨੂੰ ਭਾਰਤ ਆਈ 85 ਸਾਲਾ ਅੌਰਤ ਸਮੀਨਾ ਸ਼ਰਮਾ ਕਹਿੰਦੀ ਹੈ ਕਿ ਉਸ ਸਮੇਂ 7 ਅੰਤਰਰਾਸ਼ਟਰੀ ਉਡਾਣਾਂ ਯੂਨਾਈਟਿਡ ਕਿੰਗਡਮ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਨ ਪਰ ਇਸ ਦੌਰਾਨ ਉਥੇ ਜਾਣ ਵਾਲਿਆਂ ਦੀ ਗਿਣਤੀ 20 ਹਜ਼ਾਰ ਬ੍ਰਿਟਿਸ਼ ਨਾਗਰਿਕਾਂ ਦੀ ਸੀ। ਇਸ ਤੋਂ ਵੀ ਵੱਡੀ ਗੱਲ ਸੀ ਕਿ ਇਹ 7 ਉਡਾਣਾਂ ਦਿੱਲੀ ਅਤੇ ਮੁੰਬਈ ਤੋਂ ਜਾਣ ਵਾਲੀਆਂ ਸਨ, ਜਦਕਿ ਦਿੱਲੀ ਦਾ ਰਸਤਾ 7 ਘੰਟੇ ਦਾ ਸੀ। ਇਸ ਸਮੇਂ ਵਿਦੇਸ਼ ਸਕੱਤਰ ਡੋਮੀਨਿਕ ਰਾਬ ਵੀ ਬੇਵੱਸ ਹਨ ਕਿਉਂਕਿ ਉਸ ਦੇ ਕੋਲ ਵੀ ਕੋਰੋਨਾ ਪੀਡ਼ਤ ਲੋਕਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸੀ। ਇਸ ਦੌਰਾਨ 24 ਮਾਰਚ ਨੂੰ ਕਰਫਿਊ ਲੱਗ ਗਿਆ, ਜਿਸ ਕਾਰਣ ਮੁਸ਼ਕਲਾਂ ਹੋਰ ਵੱਧ ਗਈਆਂ। ਇਸੇ ਦੌਰਾਨ 6 ਅਪ੍ਰੈਲ ਨੂੰ ਬ੍ਰਿਟਿਸ਼ ਪਾਕਿਸਤਾਨ ਦੇ ਲੇਬਰ ਐੱਮ. ਪੀ. ਇਮਰਾਨ ਹੁਸੈਨ ਨੇ 56 ਐੱਮ. ਪੀਜ਼ ਦੇ ਹਸਤਾਖਰ ਵਾਲਾ ਇਕ ਪੱਤਰ ਸਕੱਤਰ ਡੋਮੀਨਿਕ ਰਾਬ ਨੂੰ ਲਿਖਿਆ, ਜਿਸ ਵਿਚ ਉਨ੍ਹਾਂ ਬਰਤਾਨੀਆ ਸਰਕਾਰ ਦੀ ਗੈਰ-ਜ਼ਿੰਮੇਵਾਰੀ ’ਤੇ ਵੀ ਖੁੱਲ੍ਹ ਕੇ ਸਵਾਲ ਚੁੱਕਿਆ ਅਤੇ ਕਿਹਾ ਕਿ ਉਥੋਂ ਦੀ ਸਰਕਾਰ ਹਮੇਸ਼ਾ ਕਮਰਸ਼ੀਅਲ ਉਡਾਣਾਂ ਦਾ ਮੁਨਾਫ਼ਾ ਲੈਣ ਲਈ ਹੀ ਇਨ੍ਹਾਂ ਦੀ ਵਰਤੋਂ ਕਰਦੀ ਹੈ, ਜਦਕਿ ਐਮਰਜੈਂਸੀ ’ਚ ਉਨ੍ਹਾਂ ਦਾ ਕੋਈ ਸਹਿਯੋਗ ਨਹੀਂ ਕੀਤਾ ਜਾਂਦਾ। ਉਨ੍ਹਾਂ ਇਹ ਵੀ ਕਿਹਾ ਕਿ ਬਰਤਾਨੀਆ ਸਰਕਾਰ ਇਸ ਸਮੇਂ ਆਪਣੀਆਂ ਰਾਇਲ ਏਅਰ ਫੋਰਸ ਦੀਆਂ ਚਾਰਟਰਡ ਉਡਾਣਾਂ ਦਾ ਪ੍ਰਯੋਗ ਇਨ੍ਹਾਂ ਹਾਲਾਤ ’ਚ ਕਰੇ ਅਤੇ ਆਪਣੇ ਨਾਗਰਿਕਾਂ ਨੂੰ ਬਰਤਾਨੀਆ ਪਹੁੰਚਾਏ। ਸਮੀਨਾ ਸ਼ਰਮਾ ਕਹਿੰਦੀ ਹੈ ਕਿ ਇਹ ਅਸਲ ’ਚ ਔਖਾ ਸਮਾਂ ਹੈ, ਜਦੋਂ ਬ੍ਰਿਟਿਸ਼ ਨਾਗਰਿਕ ਭਾਰਤ ’ਚ ਫਸੇ ਹੋਏ ਹਨ।