ਹਾਈਕੋਰਟ ਦੀ ਨਿਗਰਾਨੀ ਹੇਠ ਹੋਵੇ ਬਾਹੋਮਾਜਰਾ ਨਕਲੀ ਸ਼ਰਾਬ ਫ਼ੈਕਟਰੀ ਦੀ ਜਾਂਚ : ਆਪ

Sunday, Apr 26, 2020 - 11:22 PM (IST)

ਚੰਡੀਗੜ੍ਹ, (ਰਮਨਜੀਤ)— ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਖੰਨਾ ਦੇ ਬਾਹੋਮਾਜਰਾ ਪਿੰਡ 'ਚ ਚੱਲਦੀ ਨਕਲੀ ਸ਼ਰਾਬ ਫ਼ੈਕਟਰੀ ਮਾਮਲੇ ਦੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਸਿੱਧੀ ਨਿਗਰਾਨੀ ਹੇਠ ਸਮਾਂਬੱਧ ਅਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਤਾਂ ਕਿ ਕਈ ਮਹੀਨਿਆਂ ਤੋਂ ਇੰਨੇ ਵੱਡੇ ਪੱਧਰ 'ਤੇ ਚੱਲ ਰਹੇ ਨਕਲੀ ਸ਼ਰਾਬ ਦੇ ਗੋਰਖ-ਧੰਦੇ 'ਚ ਸ਼ਾਮਲ ਸਾਰੇ ਪ੍ਰਤੱਖ-ਅਪ੍ਰਤੱਖ ਬੰਦਿਆਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਯਕੀਨੀ ਬਣ ਸਕੇ।
ਐਤਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਕਲੀ ਸ਼ਰਾਬ ਦਾ ਇੰਨੇ ਵੱਡੇ ਪੱਧਰ 'ਤੇ ਕਾਲਾ ਧੰਦਾ ਪੁਲਸ-ਪ੍ਰਸਾਸ਼ਨ ਅਤੇ ਸਿਆਸੀ ਪੁਸ਼ਤ ਪਨਾਹੀ ਤੋਂ ਬਗੈਰ ਮੁਮਕਿਨ ਨਹੀਂ। ਕੈਪਟਨ ਅਮਰਿੰਦਰ ਸਿੰਘ ਸਰਕਾਰ ਲਈ ਇਹ ਕੇਸ ਪਰਖ ਦੀ ਕਸੌਟੀ ਸਾਬਤ ਹੋਵੇਗਾ। ਹੁਣ ਦੇਖਣਾ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਬਚਾਉਣਗੇ ਜਾਂ ਫਿਰ ਸਰਕਾਰੀ ਖ਼ਜ਼ਾਨੇ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਕੇ ਕਰੋੜਾਂ ਰੁਪਏ ਬਣਾ ਰਹੇ ਇਸ ਸ਼ਰਾਬ ਮਾਫ਼ੀਆ ਦਾ ਬਚਾਅ ਕਰਨਗੇ?
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਤੌਰ ਮੁੱਖ ਵਿਰੋਧੀ ਆਮ ਆਦਮੀ ਪਾਰਟੀ ਅਤੇ ਪੰਜਾਬ ਦੀ ਬਹੁਗਿਣਤੀ ਆਮ ਜਨਤਾ ਨੂੰ ਪੰਜਾਬ ਪੁਲਸ ਦੇ ਮਾਮਲਿਆਂ 'ਚ ਸਿਆਸੀ ਲੋਕਾਂ ਖ਼ਾਸ ਕਰਕੇ ਸੱਤਾਧਾਰੀਆਂ ਦੇ ਹੱਦੋਂ-ਵੱਧ ਅਤੇ ਸਿੱਧੇ ਦਖ਼ਲ ਬਾਰੇ ਚੰਗੀ ਤਰ੍ਹਾਂ ਪਤਾ ਹੈ।
ਬੇਸ਼ੱਕ ਖੰਨਾ ਪੁਲਸ ਦੇ ਸੰਬੰਧਿਤ ਐੱਸ. ਐੱਚ. ਓ. ਨੇ ਦਲੇਰੀ ਭਰੀ ਕਾਰਵਾਈ ਕਰਕੇ ਇਸ ਨਕਲੀ ਸ਼ਰਾਬ ਦੀ ਫ਼ੈਕਟਰੀ ਦਾ ਭਾਂਡਾ ਭੰਨਿਆ ਹੈ, ਪਰ ਇਹ ਵੀ ਅਪੁਸ਼ਟ ਜਾਣਕਾਰੀਆਂ ਮਿਲ ਰਹੀਆਂ ਹਨ ਕਿ ਸਬੰਧਿਤ ਥਾਣੇ ਦਾ ਇਸ ਤੋਂ ਪਹਿਲਾਂ ਐੱਸ. ਐੱਚ. ਓ. ਇਸ ਨਕਲੀ ਸ਼ਰਾਬ ਗਿਰੋਹ ਦਾ ਹਿੱਸੇਦਾਰ ਸੀ। ਇੰਨਾ ਹੀ ਨਹੀਂ ਇਸ ਮਾਮਲੇ 'ਚ ਪੁਲਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਰਸੂਖਦਾਰ ਸਿਆਸੀ ਆਗੂਆਂ ਦਾ ਸਿੱਧਾ ਹੱਥ ਹੋਣ ਦੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਾਮਲੇ ਦੀ ਪੂਰੀ ਜਾਂਚ ਦਾ ਜ਼ਿੰਮਾ ਪੰਜਾਬ ਪੁਲਸ ਦੀ ਥਾਂ ਹਾਈਕੋਰਟ ਦੀ ਨਿਗਰਾਨੀ ਹੇਠ ਕਿਸੇ ਉੱਚ ਪੱਧਰੀ ਜਾਂਚ ਏਜੰਸੀ ਨੂੰ ਸੌਂਪਣ।
 


KamalJeet Singh

Content Editor

Related News