ਲੋਕ ਸਭਾ ਚੋਣਾਂ ਦੀ ਦਸਤਕ ਦੇ ਨਾਲ ਹੀ ਮਹਾਦੇਵ ਐਪ ਸਕੈਮ ’ਚ ਸ਼ਾਮਲ ਲੋਕਾਂ ਖ਼ਿਲਾਫ਼ ਤੇਜ਼ ਹੋਈ ਜਾਂਚ

Sunday, Mar 03, 2024 - 11:20 AM (IST)

ਲੋਕ ਸਭਾ ਚੋਣਾਂ ਦੀ ਦਸਤਕ ਦੇ ਨਾਲ ਹੀ ਮਹਾਦੇਵ ਐਪ ਸਕੈਮ ’ਚ ਸ਼ਾਮਲ ਲੋਕਾਂ ਖ਼ਿਲਾਫ਼ ਤੇਜ਼ ਹੋਈ ਜਾਂਚ

ਜਲੰਧਰ (ਵਿਸ਼ੇਸ਼)- ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਤਿਆਰੀਆਂ ’ਚ ਰੁੱਝ ਗਈਆਂ ਹਨ। ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਆਪਣੀ ਜਿੱਤ ਲਈ ਹਰਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਲਈ ਬਹੁਤ ਜ਼ਿਆਦਾ ਪੈਸਾ ਵੀ ਖ਼ਰਚ ਹੁੰਦਾ ਹੈ। ਅਜਿਹੇ ਸਮੇਂ ’ਚ ਸਾਰੀਆਂ ਸਿਆਸੀ ਪਾਰਟੀਆਂ ਜ਼ਿਆਦਾ ਤੋਂ ਜ਼ਿਆਦਾ ਫੰਡ ਲੈ ਕੇ ਆਪਣੀ ਪੂਰੀ ਤਾਕਤ ਲਾ ਦਿੰਦੀਆਂ ਹਨ। ਇਸ ਸਭ ਦਰਮਿਆਨ ਇਕ ਵਾਰ ਫਿਰ ਬਹੁਚਰਚਿਤ ਮਹਾਦੇਵ ਐਪ ਦੋਬਾਰਾ ਸੁਰਖੀਆਂ ’ਚ ਆ ਗਿਆ ਹੈ। ਕਾਰਨ ਇਹ ਹੈ ਕਿ ਇਸ ਐਪ ਦੇ ਵੱਡੇ ਸਕੈਮ ’ਚ ਕਾਂਗਰਸ ਦੇ ਇਕ ਸਾਬਕਾ ਮੁੱਖ ਮੰਤਰੀ ਦਾ ਨਾਂ ਵੀ ਉਛਲਿਆ ਸੀ, ਜਿਸ ਤੋਂ ਬਾਅਦ ਕੇਂਦਰੀ ਜਾਂਚ ਏਜੰਸੀਆਂ ਲਗਾਤਾਰ ਇਸ ਸਕੈਮ ’ਚ ਸ਼ਾਮਲ ਲੋਕਾਂ ਦੀ ਗ੍ਰਿਫ਼ਤਾਰੀ ’ਚ ਦੋਬਾਰਾ ਜੁਟ ਗਈਆਂ ਹਨ।

ਕੇਂਦਰੀ ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਇਸ ਘਪਲੇ ’ਚ ਸ਼ਾਮਲ ਲੋਕ ਕਾਂਗਰਸ ਦੀ ਮਦਦ ਕਰਨ ਲਈ ਪੈਸੇ ਦੀ ਵਰਤੋਂ ਕਰ ਸਕਦੇ ਹਨ। ਸਕੈਮ ਰਾਹੀਂ ਇਕੱਠਾ ਕੀਤਾ ਗਿਆ ਪੈਸਾ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਲਈ ਵਰਤਿਆ ਜਾ ਸਕਦਾ ਹੈ। ਇਸ ਨੂੰ ਵੇਖਦੇ ਹੋਏ ਕੇਂਦਰੀ ਜਾਂਚ ਏਜੰਸੀਆਂ ਨੇ ਐਪ ਨਾਲ ਜੁੜੇ ਹੋਏ ਬਹੁਤ ਸਾਰੇ ਲੋਕਾਂ ਦੀ ਭਾਲ ਤੇਜ਼ ਕਰ ਦਿੱਤੀ ਹੈ। ਜਾਣਕਾਰੀ ਮਿਲੀ ਹੈ ਕਿ ਇਕ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.), ਜੋਕਿ ਇਸ ਆਨਲਾਈਨ ਐਪ ਘਪਲੇ ਦੀ ਜਾਂਚ ਕਰ ਰਹੀ ਹੈ, ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਸ ਨੇ ਤਕਰੀਬਨ 580 ਕਰੋੜ ਰੁਪਏ ਅਤੇ ਹੋਰ ਸਾਮਾਨ ਜ਼ਬਤ ਕਰ ਲਿਆ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਤੇਜ਼ ਬਾਰਿਸ਼ ਨਾਲ ਹੋਈ ਗੜ੍ਹੇਮਾਰੀ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਇਸ ਤੋਂ ਇਲਾਵਾ ਈ. ਡੀ. ਨੇ ਤਕਰੀਬਨ 572 ਕਰੋੜ ਰੁਪਏ ਦੀ ਇਕ ਹੋਰ ਪ੍ਰਾਪਟੀ ਜ਼ਬਤ ਕੀਤੀ ਹੈ, ਜਿਸ ਤੋਂ ਬਾਅਦ ਇਸ ਮਾਮਲੇ ’ਚ ਹੁਣ ਤਕ ਜ਼ਬਤ ਕੁੱਲ ਪ੍ਰਾਪਰਟੀ ਦੀ ਰਕਮ ਤਕਰੀਬਨ 1,296 ਕਰੋੜ ਹੋ ਗਈ ਹੈ। ਇਸੇ ਹਫਤੇ ਈ. ਡੀ. ਨੇ ਕੋਲਕਾਤਾ, ਗੁਰੂਗ੍ਰਾਮ, ਦਿੱਲੀ, ਇੰਦੌਰ, ਮੁੰਬਈ ਅਤੇ ਰਾਏਪੁਰ ’ਚ ਸਰਚ ਮੁਹਿੰਮ ਚਲਾਈ, ਜਿਸ ਦੌਰਾਨ 1.86 ਕਰੋੜ ਰੁਪਏ ਦੀ ਨਕਦੀ ਅਤੇ 1.78 ਕਰੋੜ ਰੁਪਏ ਦੀਆਂ ਹੋਰ ਕੀਮਤੀ ਚੀਜ਼ਾਂ ਜ਼ਬਤ ਕਰ ਲਈਆਂ ਹਨ। ਈ. ਡੀ. ਨੇ ਦੁਬਈ ਦੇ ਰਹਿਣ ਵਾਲੇ ਹਵਾਲਾ ਕਾਰੋਬਾਰੀ ਹਰਿਸ਼ੰਕਰ ਟਿੱਬਰਵਾਲ ਬਾਰੇ ਵੀ ਵੱਡਾ ਖੁਲਾਸਾ ਕੀਤਾ ਹੈ। ਜਾਂਚ ਏਜੰਸੀ ਅਨੁਸਾਰ ਟਿੱਬਰਵਾਲ ਮਹਾਦੇਵ ਆਨਲਾਈਨ ਐਪ ਦੇ ਮਾਲਕਾਂ ਨੂੰ ਵੱਡੇ ਪੱਧਰ ’ਤੇ ਫਾਇਨਾਂਸ ਕਰਦੇ ਸਨ। ਈ. ਡੀ. ਤੋਂ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਮਹਾਦੇਵ ਆਨਲਾਈਨ ਬੁੱਕ ਅਤੇ ਉਸਦੀ ਸਹਿਯੋਗੀ ਕੰਪਨੀ ਰੈੱਡੀ ਅੰਨਾ ਬੁੱਕ ਅਤੇ ਫੇਅਰ ਪਲੇਅ ਰਾਹੀਂ ਹਰ ਮਹੀਨੇ 450 ਕਰੋੜ ਰੁਪਏ ਦੀ ਇਨਕਮ ਹਾਸਲ ਕੀਤੀ ਜਾ ਰਹੀ ਸੀ। ਇਸ ਹਿਸਾਬ ਨਾਲ ਹਰ ਰੋਜ਼ ਤਕਰੀਬਨ 3 ਲੱਖ ਰੁਪਏ ਕਮਾਈ ਦੱਸੀ ਜਾਂਦੀ ਹੈ।

ਪੰਜਾਬ ਦੇ ਕੁਝ ਬੁੱਕੀ ਵੀ ਈ. ਡੀ. ਦੇ ਰਾਡਾਰ ’ਤੇ
ਉਧਰ ਜਾਣਕਾਰੀ ਮਿਲੀ ਹੈ ਕਿ ਮਹਾਦੇਵ ਐਪ ਦੇ ਤਾਰ ਪੰਜਾਬ ਨਾਲ ਵੀ ਜੁੜੇ ਹੋਏ ਹਨ, ਜਿਸ ਨੂੰ ਲੈ ਕੇ ਈ. ਡੀ. ਵੱਲੋਂ ਪੰਜਾਬ ’ਚ ਵੀ ਮਹਾਦੇਵ ਐਪ ਦੇ ਸਹਿਯੋਗੀ ਲੋਕਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਪਤਾ ਲੱਗਿਆ ਹੈ ਕਿ ਪੰਜਾਬ ਦੇ ਲੁਧਿਆਣਾ ਅਤੇ ਜਲੰਧਰ ਸ਼ਹਿਰਾਂ ਨਾਲ ਸਬੰਧਤ ਕੁਝ ਬੁੱਕੀ ਈ. ਡੀ. ਦੇ ਰਾਡਾਰ ’ਤੇ ਹਨ, ਜਿਨ੍ਹਾਂ ਦੇ ਕਥਿਤ ਤੌਰ ’ਤੇ ਮਹਾਦੇਵ ਐਪ ’ਚ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਤਾ ਲੱਗਿਆ ਹੈ ਕਿ ਪੰਜਾਬ ਦੇ ਕੁਝ ਅਜਿਹੇ ਬੁੱਕੀ ਪਹਿਲਾਂ ਤੋਂ ਹੀ ਮਹਾਦੇਵ ਐਪ ਨਾਲ ਜੁੜੇ ਹੋਏ ਹਨ ਅਤੇ ਦੁਬਈ ’ਚ ਮਹਾਦੇਵ ਐਪ ’ਚ ਸ਼ਾਮਲ ਲੋਕਾਂ ਨਾਲ ਇਨ੍ਹਾਂ ਦੀ ਹਿੱਸੇਦਾਰੀ ਹੈ। ਦੁਬਈ ਦੇ ਨਾਲ-ਨਾਲ ਇਨ੍ਹਾਂ ਦਾ ਸਬੰਧ ਗੋਆ ਨਾਲ ਵੀ ਦੱਸਿਆ ਜਾ ਰਿਹਾ ਹੈ, ਜਿੱਥੇ ਇਨ੍ਹਾਂ ’ਚੋਂ ਕੁਝ ਲੋਕ ਅੱਜਕਲ੍ਹ ਬੁੱਕ ਚਲਾ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੀ ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ, ਜਲੰਧਰ ਤੋਂ 165 ਨਵੇਂ ਮੁਹੱਲਾ ਕਲੀਨਿਕਾਂ ਦੀ ਕੀਤੀ ਸ਼ੁਰੂਆਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News