ਯੂਕ੍ਰੇਨ ’ਚ ਮਿਜ਼ਾਈਲ ਤਾਂ ਭਾਰਤ ਵਿਚ ਡਿੱਗਿਆ ਮਹਿੰਗਾਈ ਦਾ ਬੰਬ, ਹਰ ਆਈਟਮ ਹੋਈ ਮਹਿੰਗੀ

Monday, Mar 07, 2022 - 01:19 PM (IST)

ਜਲੰਧਰ (ਖੁਰਾਣਾ)- ਇਨ੍ਹੀਂ ਦਿਨੀਂ ਰੂਸ ਆਪਣੇ ਗੁਆਂਢੀ ਦੇਸ਼ ਯੂਕ੍ਰੇਨ ’ਤੇ ਮਿਜ਼ਾਈਲਾਂ ਸੁੱਟ ਰਿਹਾ ਹੈ, ਜਿਸ ਕਾਰਨ 10-20 ਲੱਖ ਲੋਕ ਪ੍ਰਭਾਵਿਤ ਹੋਏ ਹਨ ਪਰ ਇਸ ਦੌਰਾਨ ਭਾਰਤ ’ਚ ਮਹਿੰਗਾਈ ਦਾ ਬੰਬ ਡਿੱਗਣ ਨਾਲ ਕਰੋੜਾਂ ਲੋਕ ਇਸ ਦੀ ਲਪੇਟ ਵਿਚ ਆ ਗਏ ਹਨ। ਕੇਂਦਰ ਦੀ ਮੋਦੀ ਸਰਕਾਰ ਜੀ. ਡੀ. ਪੀ., ਥੋਕ ਮੁੱਲ ਸੂਚਕ ਅੰਕ, ਕੁੱਲ ਘਰੇਲੂ ਉਤਪਾਦ, ਰੇਪੋ ਰੇਟ ਆਦਿ ਦੇ ਮਾਮਲੇ ਵਿਚ ਭਾਵੇਂ ਜਿੰਨੇ ਮਰਜ਼ੀ ਅੰਕੜੇ ਦਿਖਾਵੇ ਅਤੇ ਆਪਣੀ ਸਥਿਤੀ ਸਪੱਸ਼ਟ ਕਰੇ ਪਰ ਹਾਲਾਤ ਇਹ ਹਨ ਕਿ ਪੂਰੇ ਭਾਰਤ ਵਿਚ ਹੀ ਕੱਪੜੇ ਨੂੰ ਛੱਡ ਕੇ ਰੋਟੀ ਅਤੇ ਮਕਾਨ ਨਾਲ ਸਬੰਧਤ ਹਰ ਆਈਟਮ ਮਹਿੰਗੀ ਹੋ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਹੀ ਇਲੈਕਟ੍ਰੀਕਲ, ਇਲੈਕਟ੍ਰੋਨਿਕਸ, ਮਸ਼ੀਨ ਟੂਲਜ਼, ਹਾਰਡਵੇਅਰ, ਪੈਕੇਜਿੰਗ ਮਟੀਰੀਅਲ ਆਦਿ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਆਈਟਮਾਂ ਦੀਆਂ ਕੀਮਤਾਂ 20 ਤੋਂ 30 ਫ਼ੀਸਦੀ ਤੱਕ ਵਧੀਆਂ ਹਨ, ਜਿਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ’ਤੇ ਹੋਇਆ ਹੈ।

ਪਿਛਲੇ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਕੱਚੇ ਮਾਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਉਸ ਨਾਲ ਸਾਰੇ ਛੋਟੇ-ਵੱਡੇ ਉਤਪਾਦਕ ਅਤੇ ਉਦਯੋਗਿਕ ਤੇ ਵਪਾਰਕ ਪ੍ਰਤੀਨਿਧੀ ਕਾਫ਼ੀ ਪਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਸਾਹਮਣੇ ਪੂੰਜੀ ਸੰਕਟ ਖੜ੍ਹਾ ਹੋ ਗਿਆ ਹੈ। ਅਜਿਹੇ ’ਚ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ਪਰ ਚੋਣਾਂ ’ਚ ਰੁੱਝੇ ਸਿਆਸਤਦਾਨਾਂ ਵੱਲੋਂ ਦੇਸ਼ ’ਚ ਵਧ ਰਹੀ ਮਹਿੰਗਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ਇਹ ਵੀ ਪੜ੍ਹੋ: ਪਾਣੀ ਖ਼ਰੀਦਣ ਲਈ ਨਕਦੀ ਨਹੀਂ: ATM ਕਾਰਡ ਹੋਏ ਬੰਦ, ਜਾਣੋ ਕਿਹੜੇ ਹਾਲਾਤ 'ਚੋਂ ਲੰਘ ਰਹੇ ਨੇ ਯੂਕ੍ਰੇਨ 'ਚ ਫਸੇ ਵਿਦਿਆਰਥੀ

PunjabKesari

ਚੋਣਾਂ ਦੇ ਦੌਰ ਤੋਂ ਬਾਅਦ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਧਣਗੀਆਂ, ਮਹਿੰਗਾਈ ਹੋਵੇਗੀ ਬੇਕਾਬੂ
ਆਰਥਿਕ ਮਾਮਲਿਆਂ ਦੇ ਮਾਹਿਰਾਂ ਦਾ ਮੰਨਣਾ ਹੈ ਕਿ 7 ਮਾਰਚ ਤੋਂ ਬਾਅਦ ਦੇਸ਼ ’ਚ ਮਹਿੰਗਾਈ ਬੇਕਾਬੂ ਹੋ ਸਕਦੀ ਹੈ ਕਿਉਂਕਿ ਯੂ. ਪੀ. ’ਚ ਇਨ੍ਹੀਂ ਦਿਨੀਂ ਚੋਣਾਂ ਦੇ ਵੱਖ-ਵੱਖ ਪੜਾਅ ਚੱਲ ਰਹੇ ਹਨ, ਜੋ 7 ਮਾਰਚ ਨੂੰ ਖਤਮ ਹੋ ਜਾਣਗੇ। ਚੋਣਾਂ ਨੂੰ ਮੁੱਖ ਰੱਖਦਿਆਂ ਕੇਂਦਰ ਦੀ ਭਾਜਪਾ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ’ਚ ਵਾਧੇ ’ਤੇ ਰੋਕ ਲਾਈ ਹੋਈ ਹੈ ਪਰ ਦੇਸ਼ ਦੀਆਂ ਤੇਲ ਕੰਪਨੀਆਂ ਜ਼ਿਆਦਾ ਸਮਾਂ ਇੰਤਜ਼ਾਰ ਨਹੀਂ ਕਰਨਗੀਆਂ ਅਤੇ ਚੋਣਾਂ ਦਾ ਦੌਰ ਖ਼ਤਮ ਹੁੰਦੇ ਹੀ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ’ਚ ਵਾਧਾ ਕਰ ਦਿੱਤਾ ਜਾਵੇਗਾ, ਜਿਸ ਨਾਲ ਦੇਸ਼ ਵਿਚ ਮਹਿੰਗਾਈ ਬੇਕਾਬੂ ਵੀ ਹੋ ਸਕਦੀ ਹੈ।
ਜ਼ਿਕਰਯੋਗ ਗੱਲ ਇਹ ਹੈ ਕਿ ਪੈਟਰੋਲੀਅਮ ਨਾਲ ਸਬੰਧਤ ਪਦਾਰਥਾਂ ਦੀ ਮਹਿੰਗਾਈ ਦਾ ਅਸਰ ਹਰ ਆਮ-ਖਾਸ ਵਿਅਕਤੀ ’ਤੇ ਪੈਂਦਾ ਹੈ ਅਤੇ ਟਰਾਂਸਪੋਰਟੇਸ਼ਨ ਮਹਿੰਗੀ ਹੋਣ ਦਾ ਬਹਾਨਾ ਲਾ ਕੇ ਹਰ ਚੀਜ਼ ਦੀਆਂ ਕੀਮਤਾਂ ਵਧਾ ਦਿੱਤੀਆਂ ਜਾਂਦੀਆਂ ਹਨ। ਮੌਜੂਦਾ ਸਮੇਂ ਵਿਚ ਜਿਹੜੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ 30 ਫੀਸਦੀ ਦਾ ਵਾਧਾ ਹੋਇਆ ਹੈ, ਉਨ੍ਹਾਂ ਦੀ ਮਹਿੰਗਾਈ 40 ਤੋਂ 50 ਫ਼ੀਸਦੀ ਤੱਕ ਪਹੁੰਚ ਸਕਦੀ ਹੈ।

ਇਹ ਵੀ ਪੜ੍ਹੋ: BBMB ਅਤੇ ਯੂਕ੍ਰੇਨ ਮੁੱਦੇ ਨੂੰ ਲੈ ਕੇ CM ਚੰਨੀ ਨੇ ਅਮਿਤ ਸ਼ਾਹ ਕੋਲੋਂ ਮਿਲਣ ਦਾ ਮੰਗਿਆ ਸਮਾਂ

ਦੇਸ਼ ’ਚ ਕਾਲਾਬਾਜ਼ਾਰੀ ਕਰਨ ਵਾਲੇ ਕਈ ਗਿਰੋਹ ਸਰਗਰਮ, ਸਰਕਾਰੀ ਰੈਗੂਲੇਟਰ ਨੂੰ ਜਾਗਣਾ ਪਵੇਗਾ : ਬਲਰਾਮ ਕਪੂਰ
ਲੋਹੇ, ਸਟੀਲ ਅਤੇ ਹੋਰ ਮੈਟਲ ਉਤਪਾਦਾਂ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ’ਤੇ ਚਿੰਤਾ ਜ਼ਾਹਰ ਕਰਦਿਆਂ ਜੇ. ਐੱਮ. ਪੀ. ਗਰੁੱਪ ਦੇ ਬਲਰਾਮ ਕਪੂਰ ਨੇ ਕਿਹਾ ਕਿ ਲੋਹੇ ਅਤੇ ਹੋਰ ਮੈਟਲ ਉਤਪਾਦਾਂ ਦਾ ਰੂਸ ਜਾਂ ਯੂਕ੍ਰੇਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਸਗੋਂ ਜੰਗ ਨੂੰ ਆਧਾਰ ਬਣ ਕੇ ਕਾਲਾਬਾਜ਼ਾਰੀ ਕਰਨ ਵਾਲਿਆਂ ਨੇ ਆਪਣੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਹੈ। ਦੇਸ਼ ’ਚ ਇਸ ਸਮੇਂ ਵੱਖ-ਵੱਖ ਪਦਾਰਥਾਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਕਈ ਗਿਰੋਹ ਸਰਗਰਮ ਹੋ ਚੁੱਕੇ ਹਨ, ਜਿਸ ਪ੍ਰਤੀ ਸਰਕਾਰੀ ਰੈਗੂਲੇਟਰ ਨੂੰ ਸਰਗਰਮ ਹੋਣਾ ਹੋਵੇਗਾ।

PunjabKesari

ਫਿਲਹਾਲ ਸਰਕਾਰੀ ਅਧਿਕਾਰੀ ਇਸ ਮਾਮਲੇ ਵਿਚ ਸੰਜੀਦਾ ਨਹੀਂ ਹਨ। ਇਸ ਮਾਮਲੇ ਵਿਚ ਕੇਂਦਰ ਸਰਕਾਰ ਦੇ ਕਾਰਪੋਰੇਟ ਮੰਤਰਾਲੇ, ਉਦਯੋਗ ਮੰਤਰਾਲੇ ਅਤੇ ਸਟੀਲ ਮੰਤਰਾਲੇ ਨੂੰ ਅੱਗੇ ਆਉਣਾ ਹੋਵੇਗਾ। ਜੇਕਰ ਵੱਡੇ-ਵੱਡੇ ਗੋਦਾਮਾਂ ’ਤੇ ਛਾਪੇਮਾਰੀ ਕੀਤੀ ਜਾਵੇ ਤਾਂ ਸਾਫ਼ ਪਤਾ ਲੱਗੇਗਾ ਕਿ ਦੇਸ਼ ’ਚ ਕੱਚੇ ਮਾਲ ਦੀ ਕੋਈ ਘਾਟ ਨਹੀਂ ਹੈ ਅਤੇ ਨਕਲੀ ਘਾਟ ਵਿਖਾ ਕੇ ਮਨਚਾਹੀਆਂ ਕੀਮਤਾਂ ਵਸੂਲੀਆਂ ਜਾ ਰਹੀਆਂ ਹਨ।

 

ਇਹ ਵੀ ਪੜ੍ਹੋ: ਜਲੰਧਰ ਵਿਖੇ ਨਿੱਜੀ ਹਸਪਤਾਲ ਦੀ ਨਰਸ ਨੇ ਕੀਤੀ ਖ਼ੁਦਕੁਸ਼ੀ, ਹੋਸਟਲ ਦੇ ਕਮਰੇ ’ਚ ਲਟਕਦੀ ਮਿਲੀ ਲਾਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News