ਜਥੇ ਨਾਲ ਪਾਕਿ ਗਈ ਹੁਸ਼ਿਆਰਪੁਰ ਦੀ ਨੂੰਹ ਹੋਈ ਗਾਇਬ, ਆਈ ਨਿਕਾਹ ਦੀ ਖਬਰ
Thursday, Apr 19, 2018 - 05:37 PM (IST)
ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਵਿਚ ਵਿਸਾਖੀ ਦੇ ਜਸ਼ਨ ਵਿਚ ਸ਼ਾਮਲ ਹੋਣ ਗਈ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੀ ਕਿਰਨ ਬਾਲਾ ਨੇ ਲਾਹੌਰ ਵਿਚ ਰਹਿਣ ਵਾਲੇ ਮੁਸਲਿਮ ਨੌਜਵਾਨ ਮੁਹੰਮਦ ਆਜ਼ਮ ਨਾਲ ਨਿਕਾਹ ਕਰ ਲਿਆ ਅਤੇ ਇਸਲਾਮ ਸਵੀਕਾਰ ਕਰ ਲਿਆ। ਹੁਣ ਉਸ ਨੇ ਆਪਣੇ ਵੀਜ਼ਾ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਹੈ। ਇਕ ਅੰਗਰੇਜੀ ਅਖਬਾਰ ਮੁਤਾਬਕ ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਵਿਚ ਰਹਿਣ ਵਾਲੀ ਮਨੋਹਰ ਲਾਲ ਦੀ ਬੇਟੀ ਕਿਰਨ ਬਾਲਾ ਨੇ ਪਾਕਿਸਤਾਨੀ ਵਿਦੇਸ਼ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਵੀਜ਼ਾ ਦੀ ਮਿਆਦ ਵਧਾਈ ਜਾਵੇ ਕਿਉਂਕਿ ਉਸ ਨੇ ਲਾਹੌਰ ਦੇ ਨਿਵਾਸੀ ਮੁਹੰਮਦ ਆਜ਼ਮ ਨਾਲ ਵਿਆਹ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕਿਰਨ ਅਤੇ ਆਜ਼ਮ ਦਾ ਵਿਆਹ ਬੀਤੀ 16 ਅਪ੍ਰੈਲ ਨੂੰ 'ਜਾਮਆ ਨਸੀਮਿਯਾ' ਵਿੱਦਿਅਕ ਸੰਸਥਾ ਵਿਚ ਹੋਇਆ।
ਕਿਰਨ ਨੇ ਆਪਣਾ ਨਾਂ ਬਦਲ ਕੇ ਆਮਨਾ ਬੀਬੀ ਰੱਖ ਲਿਆ ਹੈ। ਉਸ ਨੇ ਵਿਦੇਸ਼ ਮੰਤਰਾਲੇ ਨੂੰ ਲਿਖੇ ਪੱਤਰ ਵਿਚ ਇਸੇ ਨਾਂ ਦੀ ਹੀ ਵਰਤੋਂ ਕੀਤੀ ਹੈ। ਉਸ ਨੇ ਪੱਤਰ ਵਿਚ ਲਿਖਿਆ ਹੈ ਕਿ ਉਹ ਮੌਜੂਦਾ ਹਾਲਾਤ ਵਿਚ ਭਾਰਤ ਵਾਪਸ ਨਹੀਂ ਜਾਣਾ ਚਾਹੁੰਦੀ ਕਿਉਂਕਿ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਸ ਸਥਿਤੀ ਵਿਚ ਉਸ ਨੂੰ ਵੀਜ਼ਾ ਵਧਾਉਣ ਦੀ ਲੋੜ ਹੈ। ਵਿਦੇਸ਼ ਵਿਭਾਗ ਜਾਂ ਭਾਰਤੀ ਹਾਈ ਕਮਿਸ਼ਨ ਨੇ ਇਸ ਪੱਤਰ ਦੇ ਬਾਰੇ ਵਿਚ ਕੁਝ ਨਹੀਂ ਲਿਖਿਆ ਹੈ। ਕਿਰਨ ਬੀਤੇ 12 ਅਪ੍ਰੈਲ ਨੂੰ ਕਈ ਹੋਰ ਸਿੱਖ ਸ਼ਰਧਾਲੂਆਂ ਦੇ ਨਾਲ ਪਾਕਿਸਤਾਨ ਪਹੁੰਚੀ ਸੀ, ਜਿੱਥੇ ਉਸ ਨੇ ਇਸਲਾਮਾਬਾਦ ਦੇ ਨੇੜੇ ਹਸਨ ਅਬਦਾਲ ਇਲਾਕੇ ਵਿਚ ਗੁਰੂਦੁਆਰਾ ਪੰਜਾ ਸਾਹਿਬ ਵਿਚ ਵਿਸਾਖੀ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣਾ ਸੀ। ਉਸ ਦੇ ਵੀਜ਼ਾ ਦੀ ਮਿਆਦ 21 ਅਪ੍ਰੈਲ ਤੱਕ ਲਈ ਹੀ ਹੈ।