ਪੰਜਾਬ ਦੀ ਸਿਆਸਤ ’ਚ ਵੱਡਾ ਨਾਂ ਸਨ ਇੰਦਰਜੀਤ ਸਿੰਘ ਜ਼ੀਰਾ, ਅਜਿਹਾ ਰਿਹੈ ਸਿਆਸੀ ਸਫ਼ਰ
Wednesday, May 12, 2021 - 06:21 PM (IST)
ਜ਼ੀਰਾ (ਵੈੱਬ ਡੈਸਕ): ਸਾਬਕਾ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਿਸਾਨ ਮਜ਼ਦੂਰ ਸੈੱਲ ਦੇ ਚੇਅਰਮੈਨ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਨਹੀਂ ਰਹੇ। ਵਿਧਾਇਕ ਕੁਲਬੀਰ ਜ਼ੀਰਾ ਦੇ ਪਿਤਾ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਲੜ ਰਹੇ ਸਨ। ਪਿਛਲੇ ਕੁੱਝ ਸਮੇਂ ਉਨ੍ਹਾਂ ਦਾ ਬੀਮਾਰੀ ਕਾਰਨ ਇਲਾਜ ਚੱਲ ਰਿਹਾ ਸੀ ਅਤੇ ਅੱਜ ਸਵੇਰੇ 5 ਵਜੇ ਉਨ੍ਹਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ। ਉਨ੍ਹਾਂ ਆਖ਼ਰੀ ਸਾਹ ਮੋਹਾਲੀ ਦੇ ਇਕ ਹਸਪਤਾਲ 'ਚ ਲਿਆ।ਉਨ੍ਹਾਂ ਦਾ ਸਸਕਾਰ ਜ਼ੀਰਾ ਨੇੜਲੇ ਉਨ੍ਹਾਂ ਦੇ ਜੱਦੀ ਪਿੰਡ ਬੱਸੀ ਬੂਟੇ ਵਾਲਾ 'ਚ ਅੱਜ ਬਾਅਦ ਦੁਪਹਿਰ 3 ਵਜੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ : ਪੰਜਾਬ ਦੇ ਸਾਬਕਾ ਮੰਤਰੀ 'ਇੰਦਰਜੀਤ ਸਿੰਘ ਜੀਰਾ' ਦਾ ਦਿਹਾਂਤ
ਸਿਆਸੀ ਸਫ਼ਰ ’ਤੇ ਇਕ ਝਾਤ
ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਨੇ 2017 ਦੀਆਂ ਚੋਣਾਂ ਤੋਂ ਪਹਿਲੋਂ ਲਗਭਗ ਸਾਹ ਸੱਤਹੀਣ ਹੋਈ ਕਾਂਗਰਸ ਪਾਰਟੀ ਨੂੰ ਪੰਜਾਬ ਵਿੱਚ ਪੈਰਾਂ ਭਾਰ ਕਰਨ ਅਤੇ ਸੱਤਾ ਦੀਆਂ ਪੌੜੀਆਂ ਚੜ੍ਹਾਉਣ ਵਿੱਚ ਮੁੱਖ ਭਾਗੀਦਾਰੀ ਨਿਭਾਈ ਸੀ। ਸਿਆਸਤ ਵਿੱਚ ਜਥੇਦਾਰ ਜ਼ੀਰਾ ਦਾ ਪਰਿਵਾਰ ਕਾਫ਼ੀ ਲੰਮੇ ਸਮੇਂ ਤੋਂ ਸ਼ਮੂਲੀਅਤ ਕਰਦਾ ਆ ਰਿਹਾ ਹੈ। ਜਥੇਦਾਰ ਜ਼ੀਰਾ ਦੇ ਪਿਤਾ ਜਥੇਦਾਰ ਗੁਰਦੀਪ ਸਿੰਘ ਐੱਸ.ਜੀ.ਪੀ.ਸੀ. ਦੇ ਮੈਂਬਰ ਰਹੇ। ਨੱਬੇ ਦੇ ਦਹਾਕੇ ਵਿਚ ਅਕਾਲੀ ਵਿਧਾਇਕ ਵਜੋਂ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਪੰਜਾਬ ਦੇ ਜੇਲ੍ਹ ਮੰਤਰੀ ਵੀ ਰਹੇ।ਜਥੇਦਾਰ ਜ਼ੀਰਾ ਟਕਸਾਲੀ ਪਰਿਵਾਰ 'ਚੋਂ ਸੀ। ਉਹ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ 'ਤੇ 1992 ਅਤੇ 1997 ਦੋ ਵਾਰ ਜ਼ੀਰਾ ਤੋ ਵਿਧਾਇਕ ਬਣੇ ਅਤੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਮੌਕੇ 1997 ਵਿਚ ਜੇਲ੍ਹ ਮੰਤਰੀ, ਸਿਹਤ ਮੰਤਰੀ ਵੀ ਰਹੇ। 2017 ਵਿਚ ਇੰਦਰਜੀਤ ਜ਼ੀਰਾ ਦੇ ਪੁੱਤਰ ਕੁਲਬੀਰ ਸਿੰਘ ਜ਼ੀਰਾ ਕਾਂਗਰਸ ਦੀ ਟਿਕਟ ’ਤੇ ਚੋਣ ਲੜੇ ’ਤੇ ਵਿਧਾਇਕ ਬਣੇ।
ਇਹ ਵੀ ਪੜ੍ਹੋ: ਰੂਪਨਗਰ ’ਚ ਇਨਸਾਨੀਅਤ ਸ਼ਰਮਸਾਰ, ਗਰਭਵਤੀ ਮਹਿਲਾ ਨੂੰ ਕੰਧ ਟਪਾਉਣ ਸਮੇਂ ਮੌਕੇ ’ਤੇ ਡਿੱਗੇ ਨਵਜਾਤ ਬੱਚੇ ਦੀ ਮੌਤ