ਆਜ਼ਾਦੀ ਦਿਹਾੜੇ 'ਤੇ ਸਪੈਸ਼ਲ, ਜਾਣੋ ਤਿਰੰਗੇ ਦੇ ਇਤਿਹਾਸ ਬਾਰੇ
Wednesday, Aug 15, 2018 - 04:39 PM (IST)

ਜਲੰਧਰ— ਆਜ਼ਾਦੀ ਦਿਹਾੜਾ ਸਿਰਫ ਇਕ ਦਿਨ ਹੀ ਨਹੀਂ ਸਗੋਂ ਉਨ੍ਹਾਂ ਸੂਰਬੀਰਾਂ, ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਨ ਦਾ ਵੀ ਦਿਨ ਹੈ, ਜਿਨਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ। ਦੱਸਣਯੋਗ ਹੈ ਕਿ 15 ਅਗਸਤ ਭਾਰਤ ਵਾਸੀਆਂ ਲਈ ਇਕ ਪਵਿੱਤਰ ਮੂਰਤ ਜਿਹਾ ਦਿਨ ਹੈ, ਜਿਸ ਦਿਨ ਭਾਰਤ ਸੰਪੂਰਨ ਆਜ਼ਾਦ ਹੋਇਆ ਜਦੋਂ ਅਸੀਂ ਆਪਣਾ ਸੰਵਿਧਾਨ ਲਿਖ ਸਕੇ। ਇਹ ਉਹ ਦਿਨ ਹੈ ਕਿ ਜਦੋਂ ਸਾਨੂੰ ਆਪਣਾ ਭਵਿੱਖ ਤੈਅ ਕਰਨ ਦੀ ਤਾਕਤ ਮਿਲੀ। ਭਾਰਤ ਵਾਸੀਆਂ ਵੱਲੋਂ 72ਵਾਂ ਆਜ਼ਾਦੀ ਦਿਹਾੜਾ ਅੱਜ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਤਿੰਨ ਰੰਗਾਂ ਨਾਲ ਸਜਿਆ ਤਿਰੰਗਾ ਭਾਰਤ ਦੇ ਕੌਨੇ-ਕੌਨੇ 'ਚ ਲਹਿਰਾਇਆ ਜਾ ਰਿਹਾ ਹੈ। ਇਸ ਦਿਨ ਸਾਰਾ ਦੇਸ਼ ਤਿਰੰਗੇ ਦੇ ਹੇਠਾਂ ਇਕਜੁੱਟ ਹੋਇਆ ਦਿਖਾਈ ਦਿੰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਇਸ ਤਿਰੰਗੇ ਦੇ ਇਤਿਹਾਸ ਬਾਰੇ। ਕੀ ਤੁਸੀਂ ਤਿਰੰਗੇ ਦੇ ਤਿੰਨ ਰੰਗਾਂ ਦਾ ਮਤਲਬ ਜਾਣਦੇ ਹੋ। ਅੱਜ ਅਸੀਂ ਤੁਹਾਨੂੰ ਤਿਰੰਗੇ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਾਂ।
ਜਾਣੋ ਕੀ ਹੈ ਤਿਰੰਗੇ ਦਾ ਇਤਿਹਾਸ
'ਤਿਰੰਗਾ' ਜੋ ਭਾਰਤ ਦੀ ਏਕਤਾ ਅਤੇ ਸ਼ਾਨ ਦਾ ਪ੍ਰਤੀਕ ਹੈ, ਜਿਸ ਨੂੰ ਤਿੰਨ ਰੰਗਾਂ ਦੇ ਸੁਮੇਲ ਨਾਲ ਸਜਾਇਆ ਗਿਆ ਹੈ, ਆਖਿਰ ਭਾਰਤ ਲਈ ਇਹ ਤਿਰੰਗਾ ਝੰਡਾ ਹੀ ਕਿਉਂ।
ਦਰਅਸਲ ਅੰਗਰੇਜ਼ਾਂ ਖਿਲਾਫ ਅੰਦੋਲਨ ਦੌਰਾਨ ਪੂਰੇ ਦੇਸ਼ ਨੂੰ ਇਕ ਸੂਤਰ 'ਚ ਬੰਨਣ ਲਈ ਇਕ ਝੰਡੇ ਦੀ ਜ਼ਰੂਰਤ ਪਈ, ਜਿਸ ਦੇ ਮੱਦੇਨਜ਼ਰ 1906 'ਚ ਪਹਿਲਾ ਰਾਸ਼ਟਰੀ ਝੰਡਾ ਅੰਗਰੇਜ਼ਾਂ ਖਿਲਾਫ ਤਿਆਰ ਕੀਤਾ ਗਿਆ। ਇਸ 'ਚ ਕੇਸਰੀ, ਪੀਲਾ ਅਤੇ ਹਰਾ ਰੰਗ ਸੀ, ਜਿਸ 'ਤੇ ਕਮਲ ਦੇ ਫੁੱਲ ਅਤੇ ਵੰਦੇ ਮਾਤਰਮ ਲਿਖਿਆ ਸੀ, ਜਿਸ ਨੂੰ ਪਹਿਲੀ ਵਾਰ ਕਲਕੱਤਾ ਦੇ ਬਾਗਾਨ ਚੌਕ 'ਚ ਲਹਿਰਾਇਆ ਗਿਆ। ਸਮਾਂ ਬੀਤਿਆ, ਫਿਰ ਨਵਾਂ ਝੰਡਾ 1917 'ਚ ਸਾਹਮਣੇ ਆਇਆ। 5 ਲਾਲ, 4 ਹਰੀ ਪੱਟੀਆਂ ਅਤੇ ਸਪਤਰਿਸ਼ੀ ਦੇ ਪ੍ਰਤੀਕ ਸਿਤਾਰਿਆਂ ਨਾਲ ਸਜਿਆ ਇਹ ਝੰਡਾ, ਜਿਸ ਨੂੰ ਡਾ. ਐਨੀ ਬੇਸੈਂਟ ਅਤੇ ਲੋਕ ਪ੍ਰਸਿੱਧ ਤਿਲਕ ਨੇ ਇਕ ਘਰੇਲੂ ਅੰਦੋਲਨ ਦੌਰਾਨ ਲਹਿਰਾਇਆ ਸੀ। ਭਾਰਤੀ ਰਾਸ਼ਟਰੀ ਝੰਡੇ ਦਾ ਅਹਿਮ ਸਫਰ ਉਸ ਸਮੇਂ ਸ਼ੁਰੂ ਹੋਇਆ ਜਦੋਂ 1921 'ਚ ਮਹਾਤਮਾ ਗਾਂਧੀ ਨੇ ਭਾਰਤ ਲਈ ਝੰਡੇ ਦੀ ਗੱਲ ਕਹੀ। 1921 'ਚ ਪਿੰਗਲੀ ਵੈਂਕਿਆ ਨੇ ਜੋ ਝੰਡਾ ਤਿਆਰ ਕੀਤਾ ਸੀ, ਉਸ 'ਚ ਸਿਰਫ ਦੋ ਰੰਗ ਸੀ ਲਾਲ ਅਤੇ ਹਰਾ। ਤਿਰੰਗੇ ਵਿਚਾਲੇ ਸਫੇਦ ਰੰਗ ਅਤੇ ਚਰਖੇ ਦਾ ਸੁਝਾਅ ਮਹਾਤਮਾ ਗਾਂਧੀ ਅਤੇ ਲਾਲਾ ਹੰਸਰਾਜ ਨੇ ਦਿੱਤਾ ਸੀ। ਇਸ ਤੋਂ ਬਾਅਦ ਵੀ ਤਿਰੰਗੇ 'ਚ ਕਈ ਬਦਲਾਅ ਕੀਤੇ ਗਏ। ਫਿਰ ਕੁਝ ਸਾਲਾਂ ਬਾਅਦ 1931 'ਚ ਰਾਸ਼ਟਰੀ ਝੰਡਾ ਬਣਾਉਣ ਲਈ ਪ੍ਰਸਤਾਵ ਪਾਸ ਕੀਤਾ ਗਿਆ।
ਮਹਾਤਮਾ ਗਾਂਧੀ ਦੀ ਸੋਧ ਤੋਂ ਬਾਅਦ ਝੰਡੇ 'ਚ ਕੇਸਰੀ, ਸਫੇਦ ਅਤੇ ਹਰੇ ਰੰਗ ਦੀਆਂ ਪੱਟੀਆਂ ਵਿਚਾਲੇ ਚਰਖੇ ਦੀ ਜਗ੍ਹਾ ਅਸ਼ੋਕ ਚੱਕਰ ਰੱਖਿਆ ਗਿਆ। ਇਸ ਝੰਡੇ ਨੂੰ ਸੰਪੂਰਨ ਰੂਪ 'ਚ ਅਪਨਾਉਣ ਲਈ ਡਾ. ਰਾਜੇਂਦਰ ਪ੍ਰਸਾਦ ਦੀ ਅਗਵਾਈ 'ਚ ਇਕ ਕਮੇਟੀ ਦਾ ਗਠਨ ਕੀਤਾ ਗਿਆ। ਫਿਰ ਆਖਿਰਕਾਰ ਭਾਰਤ ਨੂੰ 22 ਜੁਲਾਈ 1947 ਨੂੰ ਆਪਣਾ ਰਾਸ਼ਟਰੀ ਝੰਡਾ ਮਿਲ ਹੀ ਗਿਆ, ਜਿਸ ਨੂੰ ਹਰ ਭਾਰਤ ਵਾਸੀ ਨੇ ਆਪਣੇ ਦਿਲ 'ਚ ਵਸਾਇਆ ਅਤੇ ਜੋਸ਼ੋ ਖਰੋਸ਼ ਨਾਲ ਲਹਿਰਾਇਆ।
ਤਿਰੰਗੇ ਦੇ ਤਿੰਨ ਰੰਗਾਂ ਦਾ ਮਹੱਤਵ
ਰਾਸ਼ਟਰੀ ਤਿਰੰਗੇ 'ਚ ਕੇਸਰੀ ਸਫੈਦ ਅਤੇ ਹਰਾ ਤਿੰਨੋਂ ਰੰਗਾਂ ਦਾ ਆਪਣਾ ਇਕ ਵੱਖਰਾ ਹੀ ਮਹੱਤਵ ਹੈ। ਕੇਸਰੀ ਰੰਗ ਜਿੱਥੇ ਸ਼ਕਤੀ ਦਾ ਪ੍ਰਤੀਕ ਹੈ, ਉਥੇ ਹੀ ਸਫੇਦ ਰੰਗ ਸ਼ਾਂਤੀ ਨੂੰ ਦਰਸਾਉਂਦਾ ਹੈ। ਜੇ ਗੱਲ ਕਰੀਏ ਹਰੇ ਰੰਗ ਦੀ ਤਾਂ ਹਰਾ ਰੰਗ ਹਰਿਆਲੀ ਅਤੇ ਅਮੀਰੀ ਨੂੰ ਦਿਖਾਉਂਦਾ ਹੈ। ਤਿੰਨਾਂ ਰੰਗਾਂ ਵਿਚਾਲੇ ਬਣਿਆ ਚੱਕਰ ਜੀਵਨ 'ਚ ਗਤੀਸ਼ੀਲਤਾ ਅਤੇ ਇਸ ਦੀਆਂ ਤਿਲੀਆਂ ਧਰਮ ਦੇ 24 ਨਿਯਮ ਦੱਸਦੀਆਂ ਹਨ। ਤਿਰੰਗੇ ਦੇ ਰੰਗਾਂ ਵਾਂਗ ਹੀ ਇਸ ਦੀ ਬਣਾਵਟ ਵੀ ਕਾਫੀ ਖਾਸ ਹੈ। ਤਿਰੰਗੇ ਦੀ ਲੰਬਾਈ ਅਤੇ ਚੌੜਾਈ ਦਾ ਅਨੁਪਾਤ 2:3 ਹੁੰਦਾ ਹੈ।
ਪਹਿਲੀ ਵਾਰ ਤਿਰੰਗਾ ਕਦੋਂ ਲਹਿਰਾਇਆ ਗਿਆ
ਰਾਸ਼ਟਰੀ ਝੰਡੇ ਦੀ ਰਚਨਾ 'ਚ ਕਈ ਵਾਰ ਬਦਲਾਵ ਕੀਤੇ ਗਏ। ਆਖੀਰ 'ਚ ਤਿੰਨ ਰੰਗਾਂ ਅਤੇ ਅਸ਼ੋਕ ਚੱਕਰ ਦਾ ਬਣਿਆ ਤਿਰੰਗਾ ਭਾਰਤ ਵਾਸੀਆਂ ਨੂੰ ਨਸੀਬ ਹੋਇਆ, ਜਿਸ ਨੂੰ ਸਵਿਕਾਰ ਕਰਨ ਤੋਂ ਬਾਅਦ ਪਹਿਲੀ ਵਾਰ 16 ਅਗਸਤ 1947 ਨੂੰ ਲਾਲ ਕਿਲੇ 'ਤੇ ਲਹਿਰਾਇਆ ਗਿਆ। ਇਸ ਦਿਨ ਤਿਰੰਗੇ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਲਹਿਰਾਇਆ ਸੀ।