ਹੁਸ਼ਿਆਰਪੁਰ ਜ਼ਿਲ੍ਹੇ ''ਚ ਕੋਰੋਨਾ ਮ੍ਰਿਤਕਾਂ ਦਾ ਵਧਿਆ ਗ੍ਰਾਫ਼, 8 ਹੋਰ ਮੌਤਾਂ
Thursday, Mar 11, 2021 - 11:18 PM (IST)
ਹੁਸ਼ਿਆਰਪੁਰ, (ਘੁੰਮਣ)- ਜ਼ਿਲ੍ਹੇ ਅੰਦਰ ਕੋਰੋਨਾ ਦਾ ਪ੍ਰਕੋਪ ਵਧਣ ਦੇ ਨਾਲ-ਨਾਲ ਮੌਤਾਂ ਦਾ ਗ੍ਰਾਫ਼ ਵੀ ਵਧ ਰਿਹਾ ਹੈ। ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਕੋਰੋਨਾ ਨਾਲ 8 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿਚ 62 ਸਾਲਾ ਔਰਤ ਵਾਸੀ ਹੁਸ਼ਿਆਰਪੁਰ ਦੀ ਮੌਤ ਆਈ. ਵੀ. ਵਾਈ. ਹਸਪਤਾਲ, ਹੁਸ਼ਿਆਰਪੁਰ, 56 ਸਾਲਾ ਵਿਅਕਤੀ ਵਾਸੀ ਮੁਕੇਰੀਆਂ ਦੀ ਮੌਤ ਪੀ. ਜੀ. ਆਈ., ਚੰਡੀਗੜ੍ਹ, 47 ਸਾਲਾ ਵਿਅਕਤੀ ਵਾਸੀ ਗਡ਼੍ਹਸ਼ੰਕਰ ਦੀ ਮੌਤ ਪੀ. ਜੀ. ਆਈ., ਚੰਡੀਗਡ਼੍ਹ, 50 ਸਾਲਾ ਔਰਤ ਵਾਸੀ ਪੰਡੋਰੀ ਖੁਰਦ ਦੀ ਮੌਤ ਜੌਹਲ ਹਸਪਤਾਲ, ਜਲੰਧਰ, 55 ਸਾਲਾ ਵਿਅਕਤੀ ਵਾਸੀ ਪਿੰਡ ਥਲੀ ਦੀ ਮੌਤ ਨਿੱਜੀ ਹਸਪਤਾਲ, ਜਲੰਧਰ, 63 ਸਾਲਾ ਔਰਤ ਵਾਸੀ ਰਾਮਪੁਰ ਬਿਲੜੋ ਦੀ ਮੌਤ ਮੈਡੀਕਲ ਕਾਲਜ, ਪਟਿਆਲਾ, 42 ਸਾਲਾ ਵਿਅਕਤੀ ਦੀ ਮੌਤ ਨਿੱਜੀ ਹਸਪਤਾਲ, ਜਲੰਧਰ ਅਤੇ 76 ਸਾਲਾ ਵਿਅਕਤੀ ਵਾਸੀ ਮਨਸੂਰਪੁਰ ਦੀ ਮੌਤ ਮੈਡੀਕਲ ਕਾਲਜ, ਪਟਿਆਲਾ ਵਿਖੇ ਹੋ ਗਈ ਹੈ, ਜਿਸ ਤੋਂ ਬਾਅਦ ਮ੍ਰਿਤਕਾਂ ਦੀ ਕੁੱਲ ਗਿਣਤੀ 396 ਤੱਕ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਪ੍ਰਾਪਤ ਹੋਈ 117 ਸੈਂਪਲਾਂ ਦੀ ਰਿਪੋਰਟ ’ਚ 9 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 9651 ਹੋ ਗਈ ਹੈ।
ਕੋਵਿਡ ਬਾਰੇ ਤਾਜ਼ਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਅੱਜ ਜ਼ਿਲੇ ’ਚ 1669 ਨਵੇਂ ਸੈਂਪਲ ਲਏ ਗਏ ਹਨ ਅਤੇ ਹੁਣ ਤੱਕ ਜ਼ਿਲ੍ਹੇ ਅੰਦਰ 3,38,209 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 3,24,645 ਸੈਂਪਲ ਨੈਗੇਟਿਵ, 5600 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ ਅਤੇ 202 ਸੈਂਪਲ ਇਨਵੈਲਿਡ ਹਨ। ਇਸ ਤੋਂ ਇਲਾਵਾ ਐਕਟਿਵ ਕੇਸਾਂ ਦੀ ਗਿਣਤੀ 952 ਹੈ, ਜਦਕਿ 8665 ਮਰੀਜ਼ ਰਿਕਰਵਰ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 9 ਨਵੇਂ ਆਏ ਕੇਸਾਂ ਵਿਚ 4 ਹੁਸ਼ਿਆਰਪੁਰ ਸ਼ਹਿਰ ਅਤੇ 5 ਸੈਂਪਲ ਹੋਰ ਸਿਹਤ ਕੇਂਦਰਾਂ ਨਾਲ ਸਬੰਧਤ ਹਨ। ਸਿਵਲ ਸਰਜਨ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮਹਾਮਾਰੀ ਨੂੰ ਸਧਾਰਨ ਨਾ ਲੈਂਦੇ ਹੋਏ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।