ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਜਲਦੀ ਲਾਗੂ ਹੋਵੇਗਾ ਸਰਵਿਸ ਰੂਲ : ਅਵਤਾਰ ਸਿੰਘ ਹਿੱਤ
Thursday, Aug 12, 2021 - 09:20 PM (IST)
ਚੰਡੀਗੜ੍ਹ,ਪਟਨਾ(ਜ.ਬ.)- ਤਖ਼ਤ ਸ੍ਰੀ ਹਰਿਮੰਦਿਰ ਜੀ ਪਟਨਾ ਸਾਹਿਬ ਦੀ ਨਵੀਂ ਬਣੀ ਕਮੇਟੀ ਨੇ ਜੱਥੇਦਾਰ ਅਵਤਾਰ ਸਿੰਘ ਹਿੱਤ ਦੀ ਪ੍ਰਧਾਨਗੀ ਹੇਠ ਕਾਰਜਭਾਰ ਸੰਭਾਲਦੇ ਹੀ ਪ੍ਰਬੰਧ ਨੂੰ ਬਿਹਤਰ ਬਣਾਉਣ ਲਈ ਕਾਰਜ ਸ਼ੁਰੂ ਕਰ ਦਿੱਤੇ ਹਨ। ਜੱਥੇਦਾਰ ਹਿੱਤ ਨੇ ਐਲਾਨ ਕੀਤਾ ਹੈ ਕਿ ਕਮੇਟੀ ਦੀ 29 ਅਗਸਤ ਨੂੰ ਹੋਣ ਜਾ ਰਹੀ ਪਹਿਲੀ ਬੈਠਕ ਵਿੱਚ ਹੀ ਸਰਵਿਸ ਰੂਲ ਨੂੰ ਲਾਗੂ ਕਰ ਦਿੱਤਾ ਜਾਵੇਗਾ, ਜਿਸ ਦਾ ਭਰਪੂਰ ਲਾਭ ਸੇਵਾਦਾਰਾਂ ਅਤੇ ਹੋਰ ਸਟਾਫ਼ ਨੂੰ ਮਿਲੇਗਾ। ਇਸ ਦੇ ਨਾਲ ਹੀ ਰਿਹਾਇਸ਼, ਲੰਗਰ ਅਤੇ ਟ੍ਰਾਂਸਪੋਰਟ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਕਈ ਪ੍ਰੋਗਰਾਮ ਰੱਖੇ ਜਾਣਗੇ, ਜਿਨ੍ਹਾਂ ਵਿਚ ਸੰਗਤ ਦਾ ਭਰਪੂਰ ਸਹਿਯੋਗ ਲਿਆ ਜਾਵੇਗਾ।
ਇਹ ਵੀ ਪੜ੍ਹੋ : ਮੱਥਾ ਟੇਕਣ ਆਏ ਨੌਜਵਾਨ ਸ਼ਰਧਾਲੂ ਦੀ ਸਰੋਵਰ ’ਚ ਡੁੱਬਣ ਨਾਲ ਮੌਤ
ਇਸੇ ਕਾਰਨ ਜੱਥੇਦਾਰ ਅਵਤਾਰ ਸਿੰਘ ਹਿੱਤ ਅਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਸੇਵਾਦਾਰਾਂ, ਸਟਾਫ਼ ਨਾਲ ਇੱਕ ਮੀਟਿੰਗ ਰੱਖੀ, ਜਿਸ ਵਿਚ ਉਨ੍ਹਾਂ ਭਰੋਸਾ ਦੁਆਇਆ ਕਿ ਨਵੀਂ ਕਮੇਟੀ ਸਟਾਫ਼ ਦੀ ਬੇਹਤਰੀ ਲਈ ਹਰ ਸੰਭਰ ਕੰਮ ਕਰੇਗੀ ਪਰ ਸਟਾਫ਼ ਨੂੰ ਕਮੇਟੀ ਨਾਲ ਪੂਰਾ ਸਹਿਯੋਗ ਕਰਦੇ ਹੋਏ ਗੁਰੂ ਸਾਹਿਬ ਪ੍ਰਤੀ ਆਪਣੀ ਜਵਾਬਦੇਹੀ ਨੂੰ ਧਿਆਨ ਵਿੱਚ ਰੱਖ ਕੇ ਡਿਊਟੀ ਕੀਤੀ ਜਾਣੀ ਚਾਹੀਦੀ ਹੈ। ਰਿਹਾਇਸ਼ ਤੇ ਲੰਗਰ ਦੇ ਪ੍ਰਬੰਧ ਨੂੰ ਬੇਹਤਰ ਬਣਾਉਣ 'ਤੇ ਧਿਆਨ ਦਿੱਤਾ ਜਾਵੇਗਾ। ਸਟਾਫ਼ ਵਿਚ ਇਸ ਗੱਲ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲਿਆ ਕਿ ਪਹਿਲੀ ਵਾਰ ਕਮੇਟੀ ਨੇ ਉਨ੍ਹਾ ਤੋਂ ਸੁਝਾਅ ਮੰਗੇ ਅਤੇ ਉਨ੍ਹਾਂ ਦੀ ਭਲਾਈ ਬਾਰੇ ਸੋਚਿਆ।
ਇਹ ਵੀ ਪੜ੍ਹੋ : ਦਿੱਲੀ ਦੇ ਸਿੱਖ ਗੋਲਕ ਦੇ ਡਾਕੂਆਂ ਤੋਂ ਸੁਚੇਤ ਰਹਿਣ : ਕੋਛੜ
ਜੱਥੇਦਾਰ ਹਿੱਤ ਨੇ ਸਟਾਫ਼ ਨੂੰ ਇਹ ਹਿਦਾਇਤ ਵੀ ਦਿੱਤੀ ਕਿ ਜੋ ਵੀ ਸਟਾਫ਼ ਜਾਂ ਸੇਵਾਦਾਰ ਕੇਸਾਂ ਦੀ ਬੇਅਦਬੀ ਜਾਂ ਮਰਿਆਦਾ ਦੀ ਉਲੰਘਣਾ ਕਰਦਾ ਪਾਇਆ ਜਾਵੇਗਾ ਤਾਂ ਉਸ ਵਿਰੁੱਧ ਕੜੀ ਕਾਰ੍ਹਵਾਈ ਕੀਤੀ ਜਾਵੇਗੀ। ਉਨ੍ਹਾ ਸਾਰੇ ਸਟਾਫ਼ ਨੂੰ ਅੰਮ੍ਰਿਤਪਾਨ ਕਰਨ ਦੀ ਵੀ ਸਲਾਹ ਦਿੱਤੀ। ਇਸੇ ਦੇ ਚਲਦੇ ਹਰਜੀਤ ਸਿੰਘ ਨੂੰ ਮੀਤ ਮੈਨੇਜਰ ਦੀ ਸੇਵਾ ਸੌਂਪੀ ਗਈ।
ਮੀਟਿੰਗ ਵਿੱਚ ਜੱਥੇਦਾਰ ਰਣਜੀਤ ਸਿੰਘ ਗੌਹਰ-ਏ-ਮਸਕੀਨ, ਤਖ਼ਤ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਸੋਹੀ, ਸਕੱਤਰ ਹਰਬੰਸ ਸਿੰਘ, ਸੂਰਜ ਸਿੰਘ ਨਲਵਾ ਅਤੇ ਸੁਦੀਪ ਸਿੰਘ ਮੌਜੁਦ ਰਹੇ।