ਨਾਜਾਇਜ਼ ਅਸਲੇ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਲੁੱਟਾਂ-ਖੋਹਾਂ ਕਰਨ ਵਾਲੇ 6 ਗ੍ਰਿਫਤਾਰ
Tuesday, Mar 18, 2025 - 01:53 PM (IST)

ਪਟਿਆਲਾ (ਬਲਜਿੰਦਰ) : ਥਾਣਾ ਅਨਾਜ ਮੰਡੀ ਦੀ ਪੁਲਸ ਨੇ ਐੱਸ. ਐੱਚ. ਓ. ਇੰਸਪੈਕਟਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਲੁੱਟਾਂ-ਖੋਹਾਂ ਕਰਨ ਵਾਲੇ 6 ਵਿਅਕਤੀਆਂ ਨੂੰ 5 ਨਾਜਾਇਜ਼ ਅਸਲਿਆਂ ਅਤੇ 47 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤੋਂ ਖੋਹ ਕੀਤੀ ਐਕਟਿਵਾ ਅਤੇ 1 ਤਲਵਾਰ ਲੋਹਾ ਵੀ ਬਰਾਮਦ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਐੱਸ. ਪੀ. ਸਿਟੀ ਵੈਭਵ ਚੌਧਰੀ ਅਤੇ ਡੀ. ਐੱਸ. ਪੀ. ਸਿਟੀ-2 ਮਨੋਜ ਗੌਰਸੀ ਦੀ ਅਗਵਾਈ ਹੇਠ ਅਮਨ ਸੁਰਾ ਪੁੱਤਰ ਰਤਨ ਸਿੰਘ ਵਾਸੀ ਪਿੰਡ ਬੁਗਾਨਾ ਥਾਣਾ ਬਰਵਾਲਾ ਜ਼ਿਲ੍ਹਾ ਹਿਸਾਰ, ਅਨਿਲ ਬੱਚੀ ਪੁੱਤਰ ਵੀਰਭਾਨ ਵਾਸੀ ਪਿੰਡ ਬੁਗਾਨਾ ਥਾਣਾ ਬਰਵਾਲਾ ਜ਼ਿਲ੍ਹਾ ਹਿਸਾਰ, ਅਨੀਸ਼ ਸੁਰਾ ਪੁੱਤਰ ਸਤਪਾਲ ਵਾਸੀ ਪਿੰਡ ਬੁਗਾਨਾ ਥਾਣਾ ਬਰਵਾਲਾ ਜ਼ਿਲ੍ਹਾ ਹਿਸਾਰ, ਸਾਜ਼ਿਦ ਖਾਨ ਪੁੱਤਰ ਸੁਭਾਸ਼ ਵਾਸੀ ਪਿੰਡ ਬੁਗਾਨਾ ਥਾਣਾ ਬਰਵਾਲਾ ਜ਼ਿਲ੍ਹਾ ਹਿਸਾਰ, ਗਜਿੰਦਰ ਸਿੰਘ ਮਲਿਕ ਪੁੱਤਰ ਜੈਵੀਰ ਮਲਿਕ ਵਾਸੀ ਪਿੰਡ ਧਨਾਨਸੁੰ ਥਾਣਾ ਸਦਰ ਹਿਸਾਰ ਹਰਿਆਣਾ ਅਤੇ ਸਮਨਪ੍ਰੀਤ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਸੇਖਵਾਂ ਥਾਣਾ ਜ਼ੀਰਾ ਫਿਰੋਜ਼ਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਖਿਲਾਫ ਥਾਣਾ ਅਨਾਜ ਮੰਡੀ ਵਿਖੇ 304 (2), 310 (4), 310 (5) ਬੀ. ਐੱਨ. ਐੱਸ. ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਖ਼ਿਲਾਫ ਪਹਿਲਾਂ ਵੀ ਕੇਸ ਦਰਜ ਹਨ। ਉਕਤ ਵਿਅਕਤੀਆਂ ਨੇ ਅਮਨ ਨਗਰ ਏਰੀਏ ’ਚੋਂ ਐਕਟਿਵਾ ਦੀ ਖੋਹ ਕੀਤੀ ਸੀ, ਜਿਸ ਐਕਟਿਵਾ ਨੂੰ ਆਉਣ ਵਾਲੇ ਦਿਨਾਂ ’ਚ ਵੱਡੀ ਵਾਰਦਾਤ ਵਿਚ ਵਰਤਣਾ ਸੀ। ਪੁਲਸ ਵੱਲੋਂ ਖੋਹ ਕੀਤੀ ਗਈ ਐਕਟਿਵਾ ਨੂੰ ਵੀ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ’ਚ ਸਾਹਮਣੇ ਆਇਆ ਕਿ ਹਿਸਾਰ ਹਰਿਆਣਾ ’ਚ ਇਨ੍ਹਾਂ ਖਿਲਾਫ ਕਈ ਕੇਸ ਦਰਜ ਹਨ। ਕੇਸਾਂ ਦੀ ਰੰਜ਼ਿਸ਼ ’ਚ ਆਉਣ ਵਾਲੇ ਦਿਨਾਂ ’ਚ ਇਨ੍ਹਾਂ ਵੱਲੋਂ ਵਿਰੋਧੀ ਗਰੁੱਪ ਦੇ ਕਿਸੇ ਵਿਅਕਤੀ ਦਾ ਕਤਲ ਕਰਨਾ ਸੀ। ਹੁਣ ਉਕਤ ਵਿਅਕਤੀ ਪਟਿਆਲਾ ’ਚ ਵੀ ਕਿਸੇ ਵੱਡੀ ਡਕੈਤੀ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ’ਚ ਅਮਨ ਸੁਰਾ ਅਤੇ ਰਜਿੰਦਰ ਮਲਿਕ ਹਰਿਆਣਾ ਪੁਲਸ ਦੇ ਭਗੌੜੇ ਵੀ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫਤਾਰ ਅਮਨ ਸੁਰਾ ਖਿਲਾਫ 6 ਮੁਕੱਦਮੇ, ਅਨੀਸ਼ ਸੁਰਾ ਖਿਲਾਫ 4 ਕੇਸ, ਰਜਿੰਦਰ ਮਲਿਕ ਖਿਲਾਫ 1 ਅਤੇ ਸਮਨਪ੍ਰੀਤ ਸਿੰਘ ਖਿਲਾਫ 2 ਕੇਸ ਦਰਜ ਕੀਤੇ ਗਏ ਹਨ।