ਸਰਹੱਦੀ ਖੇਤਰ 'ਚ ਲੋਕਾਂ ਦੀਆਂ ਜਾਨਾਂ ਤੇ ਜ਼ਮੀਨਾਂ ਨਿਗਲਣ ਲੱਗਾ ਗੈਰ ਕਾਨੂੰਨੀ ਰੇਤ ਮਾਫੀਆ
Saturday, Mar 14, 2020 - 06:07 PM (IST)
ਅਜਨਾਲਾ (ਗੁਰਿੰਦਰ ਸਿੰਘ ਬਾਠ) : ਬੀਤੇ ਕੱਲ ਸਰਹੱਦੀ ਖੇਤਰ ਅਜਨਾਲਾ ਦੇ ਪਿੰਡ ਖਾਨਵਾਲ ਦੇ ਕਿਸਾਨ ਗੁਰਦੀਪ ਸਿੰਘ ਪੁੱਤਰ ਅਨੂਪ ਸਿੰਘ ਨੇ ਪੁਲਸ ਥਾਣਾ ਅਜਨਾਲਾ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਸਰਹੱਦੀ ਖੇਤਰ 'ਚ ਆਮ ਲੋਕਾਂ ਦੀਆਂ ਜਾਨਾਂ ਅਤੇ ਜ਼ਮੀਨਾਂ 'ਤੇ ਗੈਰ ਕਾਨੂੰਨੀ ਰੇਤ ਮਾਫੀਆ ਖਤਰਾ ਬਣ ਕੇ ਮੰਡਰਾ ਰਿਹਾ ਹੈ। ਬੀਤੇ ਕੁਝ ਦਿਨਾਂ 'ਚ ਸਰਹੱਦੀ ਖੇਤਰ 'ਚ ਗੈਰ ਕਾਨੂੰਨੀ ਤਰੀਕੇ ਨਾਲ ਕੀਤੀ ਜਾ ਰਹੀ ਰੇਤ ਦੀ ਪੁਟਾਈ ਨਾਲ ਆਮ ਲੋਕਾਂ ਦੀਆਂ ਜਾਨਾਂ ਤੇ ਜ਼ਮੀਨਾਂ ਨੂੰ ਨਿਗਲਣ ਲੱਗ ਪਿਆ ਹੈ। ਉੱਥੇ ਹੀ ਆਮ ਲੋਕਾਂ ਦੀਆਂ ਜ਼ਮੀਨਾਂ ਦਾ ਵੀ ਵੱਡੇ ਪੱਧਰ 'ਤੇ ਨੁਕਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਰਖਾਸਤ 'ਚ ਇਹ ਵੀ ਦੋਸ਼ ਲਗਾਇਆ ਕਿ ਉਸਦੀ ਖਨਵਾਲ ਪਿੰਡ 'ਚ ਸਥਿਤ ਜ਼ਮੀਨ ਦੇ ਨਾਲ ਲੱਗਦੀ ਜ਼ਮੀਨ 'ਚੋਂ ਰਾਜਸੀ ਧੋਂਸ ਨਾਲ ਰੇਤਾ ਦੀ ਪੁਟਾਈ ਦਾ ਕੰਮ ਜੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ। ਜਿਸ ਨਾਲ ਉਸਦੀ ਜ਼ਮੀਨ ਨੂੰ ਵੱਡੇ ਪੱਧਰ 'ਤੇ ਨੁਕਸਾਨ ਹੋ ਰਿਹਾ ਹੈ ਅਤੇ ਨਾਲ ਹੀ ਉਸ ਨੂੰ ਉਕਤ ਧੱਕੇਸ਼ਾਹੀ ਵਿਰੁੱਧ ਆਵਾਜ਼ ਚੁੱਕਣ ਬਦਲੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ।
ਗੁਰਦੀਪ ਸਿੰਘ ਨੇ ਦੱਸਿਆ ਕਿ ਉਸਦੀ ਜ਼ਮੀਨ ਨਾਲ ਲੱਗਦਾ 22 ਫੁੱਟ ਦਾ ਰਸਤਾ ਵੀ ਉਕਤ ਰੇਤ ਮਾਫੀਆ ਦੀਆਂ ਓਵਰਲੋਡ ਗੱਡੀਆਂ ਨਾਲ ਧੱਸਦਾ ਜਾ ਰਿਹਾ ਹੈ, ਜਿਸ ਨਾਲ ਖੇਤ 'ਚ ਬੀਜੀ ਹੋਈ ਕਣਕ ਦੀ ਫਸਲ ਬਰਬਾਦ ਹੁੰਦੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬੀਤੇ ਦਿਨੀਂ ਇਨ੍ਹਾਂ ਗੈਰ-ਕਾਨੂੰਨੀ ਰੇਤ ਮਾਫੀਆ ਦੀਆਂ ਅਖਬਾਰਾਂ 'ਚ ਛਪੀਆਂ ਖਬਰਾਂ ਅਨੁਸਾਰ ਬੱਲੜਵਾਲ ਦੇ ਇੱਕ ਕਿਸਾਨ ਨੂੰ ਰੇਤ ਮਾਫੀਆ ਵਿਰੁੱਧ ਆਵਾਜ਼ ਚੁੱਕਣ ਕਾਰਨ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਸੀ ਅਤੇ ਰੇਤ ਮਾਫੀਆ ਦੀਆਂ ਗੈਰ ਕਾਨੂੰਨੀ ਰੇਤਾਂ ਨਾਲ ਲੱਦੀਆਂ ਓਵਰਲੋਡ ਗੱਡੀਆਂ ਦਾ ਸ਼ਿਕਾਰ ਹੋ ਕੇ ਪਹਿਲਾਂ ਵੀ ਕਈ ਸਰਹੱਦੀ ਪਿੰਡਾਂ ਦੇ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ।
ਉਹਨਾਂ ਐੱਸ. ਐੱਚ. ਓ ਅਜਨਾਲਾ ਨੂੰ ਲ਼ਿਖਤੀ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਉਕਤ ਗੈਰ ਕਾਨੂੰਨੀ ਰੇਤ ਮਾਫੀਏ 'ਤੇ ਨੱਥ ਪਾਈ ਜਾਵੇ। ਇਨਸਾਫ ਦੀ ਗੁਹਾਰ ਲਗਾਉਂਦਿਆਂ ਉਸ ਨੇ ਕਿਹਾ ਕਿ ਉਸ ਨਾਲ ਬੇਇਨਸਾਫੀ ਦਾ ਇਨਸਾਫ ਕਰਦਿਆਂ ਗੈਰ ਕਾਨੂੰਨੀ ਤਰੀਕੇ ਨਾਲ ਪੁਟਾਈ ਕਰ ਰਹੇ ਰੇਤ ਦੇ ਮੁੱਖ ਸਰਗਨੇ ਅਮਰਿੰਦਰ ਸਿੰਘ ਬਿਲੀ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਐੱਸ. ਐੱਚ. ਓ ਅਜਨਾਲਾ ਸ੍ਰ ਕਮਲਮੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਦੀਪ ਸਿੰਘ ਵੱਲੋਂ ਲ਼ਿਖਤੀ ਦਰਖਾਸਤ ਮਿਲ ਗਈ ਹੈ ਅਤੇ ਉਕਤ ਮਾਮਲੇ ਸਬੰਧੀ ਏ. ਐੱਸ. ਆਈ ਜਸਬੀਰ ਸਿੰਘ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ : ਪੰਜਾਬ 'ਚ ਸਿਨੇਮਾ ਹਾਲ, ਸ਼ੌਪਿੰਗ ਮਾਲ, ਰੈਸਟੋਰੈਂਟ ਤੇ ਜਿੰਮ ਬੰਦ ਕਰਨ ਦੇ ਹੁਕਮ
ਇਹ ਵੀ ਪੜ੍ਹੋ : ਵਿਆਹ ਦੇ 28 ਦਿਨਾਂ ਬਾਅਦ ਲਾੜੀ ਬਣੀ ਮਾਂ, ਜਾਣ ਦੰਗ ਰਹਿ ਗਿਆ ਸਾਰਾ ਟੱਬਰ