ਨਾਜਾਇਜ਼ ਸ਼ਰਾਬ ਫੈਕਟਰੀ ਦਾ ਗਰਮਾਇਆ ਮਾਮਲਾ, ਅਕਾਲੀ ਦਲ ''ਤੇ ਕਾਂਗਰਸ ਵਲੋਂ ਇਕ-ਦੂਜੇ ''ਤੇ ਸਿਆਸੀ ਹਮਲੇ
Friday, May 22, 2020 - 12:10 PM (IST)
ਪਟਿਆਲਾ/ਘਨੌਰ (ਜੋਸਨ, ਅਲੀ): ਸ਼ੰਭੂ ਤੋਂ ਫੜੀ ਗਈ ਨਾਜਾਇਜ਼ ਸ਼ਰਾਬ ਫੈਕਟਰੀ ਸਬੰਧੀ ਲੰਘੇ ਦਿਨ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਦੀ ਜ਼ਮੀਨ ਤੋਂ ਫੜੀ ਗਈ ਵੱਡੇ ਪੱਧਰ 'ਤੇ ਕੱਚੀ ਸ਼ਰਾਬ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੋਵੇਂ ਇਕ-ਦੂਜੇ ਦੇ ਸਾਹਮਣੇ ਹੋ ਗਏ ਹਨ। ਜਿੱਥੇ ਅੱਜ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਜ਼ਿਲੇ ਦੀ ਸਮੂਹ ਲੀਡਰਸ਼ਿਪ ਨੂੰ ਲੈ ਕੇ ਕਾਂਗਰਸ ਨੂੰ ਮਾਈਨਿੰਗ ਅਤੇ ਨਾਜਾਇਜ਼ ਸ਼ਰਾਬ ਦਾ ਅਸਲ ਦੋਸ਼ੀ ਦੱਸਿਆ ਹੈ, ਉਥੇ ਹੀ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਸੀਨੀਅਰ ਲੀਡਰਸ਼ਿਪ ਨੂੰ ਨਾਲ ਲੈ ਕੇ ਅਕਾਲੀ ਦਲ ਨੂੰ ਨਾਜਾਇਜ਼ ਸ਼ਰਾਬ ਦਾ ਅਸਲ ਸਰਗਣਾ ਦੱਸ ਕੇ ਦੋਸ਼ ਲਾਇਆ ਹੈ ਕਿ ਇਕ ਸੀਨੀਅਰ ਅਕਾਲੀ ਆਗੂ ਦੀ ਜ਼ਮੀਨ ਤੋਂ ਹਜ਼ਾਰਾਂ ਲੀਟਰ ਕੱਚੀ ਸ਼ਰਾਬ ਦਾ ਫੜੇ ਜਾਣਾ ਇਹ ਸਪੱਸ਼ਟ ਕਰਦਾ ਹੈ ਕਿ ਇਹ ਸਾਰਾ ਕੁਝ ਅਕਾਲੀ ਦਲ ਦੇ ਆਗੂ ਹੀ ਕਰ ਰਹੇ ਹਨ। ਦੋਵਾਂ ਪਾਰਟੀਆਂ ਦੇ ਆਗੂਆਂ ਵੱਲੋਂ ਵੱਖਰੀਆਂ-ਵੱਖਰੀਆਂ ਪ੍ਰੈੱਸ ਕਾਨਫਰੰਸਾਂ ਨਾਲ ਅੱਜ ਪੂਰੀ ਤਰ੍ਹਾਂ ਜ਼ਿਲਾ ਪਟਿਆਲਾ ਦਾ ਮਾਹੌਲ ਗਰਮਾਇਆ ਰਿਹਾ। ਉਧਰ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ 'ਸਿੱਟ' ਇਸ ਮੁੱਦੇ 'ਤੇ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਜਲਦ ਹੀ ਸਾਰਾ ਸੱਚ ਜਨਤਾ ਦੇ ਸਾਹਮਣੇ ਹੋਵੇਗਾ।