ਪਤੀ ਦੀ ਬੀਮਾਰੀ ਨਾਲ ਮੌਤ, ਸਦਮੇ ’ਚ ਪਤਨੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Friday, Jul 30, 2021 - 06:02 PM (IST)
ਲੁਧਿਆਣਾ (ਰਾਜ) : ਦਿੱਲੀ ’ਚ ਪਤੀ ਦੀ ਬੀਮਾਰੀ ਨਾਲ ਮੌਤ ਹੋ ਗਈ। ਲੁਧਿਆਣਾ ’ਚ ਬੈਠੀ ਪਤਨੀ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਲੱਗਣ ’ਤੇ ਥਾਣਾ ਫੋਕਲ ਪੁਆਇੰਟ ਦੀ ਪੁਲਸ ਮੌਕੇ ’ਤੇ ਪੁੱਜੀ। ਮ੍ਰਿਤਕਾ ਦੀ ਪਛਾਣ ਢੰਡਾਰੀ ਖੁਰਦ ਦੀ ਨੀਤੂ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤੀ ਹੈ। ਜਾਣਕਾਰੀ ਮੁਤਾਬਕ ਨੀਤੂ ਆਪਣੇ ਪਤੀ ਨਾਲ ਢੰਡਾਰੀ ਖੁਰਦ ’ਚ ਕਿਰਾਏ ’ਤੇ ਰਹਿੰਦੀ ਸੀ। ਉਸ ਦੀ ਲਵ ਮੈਰਿਜ਼ ਹੋਈ ਸੀ। ਕੁਝ ਮਹੀਨੇ ਪਹਿਲਾਂ ਉਸ ਦਾ ਪਤੀ ਬੀਮਾਰ ਹੋ ਗਿਆ ਸੀ, ਉਨ੍ਹਾਂ ਕੋਲ ਇਲਾਜ ਲਈ ਪੈਸੇ ਨਹੀਂ ਸਨ, ਇਸ ਲਈ ਉਹ ਪਤੀ ਨੂੰ ਦਿੱਲੀ ’ਚ ਆਪਣੇ ਜੇਠ ਦੇ ਘਰ ਛੱਡ ਆਈ ਸੀ, ਜਿੱਥੇ ਉਸ ਦੇ ਪਤੀ ਦਾ ਇਲਾਜ ਚੱਲ ਰਿਹਾ ਸੀ। ਉਥੇ ਪਤੀ ਨੂੰ ਛੱਡ ਕੇ ਨੀਤੂ ਵਾਪਸ ਲੁਧਿਆਣਾ ਆ ਕੇ ਰਹਿਣ ਲੱਗ ਗਈ ਸੀ।
ਇਹ ਵੀ ਪੜ੍ਹੋ : ਘਰ ਦੀ ਗ਼ਰੀਬੀ ਤੋੜਨ ਚਾਰ ਮਹੀਨੇ ਪਹਿਲਾਂ ਦੁਬਈ ਗਏ ਨੌਜਵਾਨ ਦੀ ਮੌਤ, ਹਾਲੋਂ-ਬੇਹਾਲ ਹੋਇਆ ਪਰਿਵਾਰ
ਜਦੋਂ ਅੱਜ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਦੀ ਬੀਮਾਰੀ ਕਾਰਨ ਮੌਤ ਹੋ ਗਈ ਹੈ ਤਾਂ ਉਹ ਇਹ ਸਦਮਾ ਝੱਲ ਨਹੀਂ ਸਕੀ ਅਤੇ ਖੁਦ ਵੀ ਫਾਹਾ ਲੈ ਖੁਦਕੁਸ਼ੀ ਕਰ ਲਈ। ਗੁਆਂਢੀਆਂ ਨੇ ਉਸ ਨੂੰ ਫਾਹੇ ’ਤੇ ਝੂਲਦੇ ਦੇਖ ਪੁਲਸ ਨੂੰ ਸੂਚਨਾ ਦਿੱਤੀ। ਉਧਰ ਪੁਲਸ ਦਾ ਕਹਿਣਾ ਹੈ ਕਿ ਨੀਤੂ ਦੇ ਮਾਪੇ ਕਿੱਥੇ ਹਨ, ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ। ਫਿਲਹਾਲ ਮੋਬਾਇਲ ਤੋਂ ਮਿਲੇ ਨੰਬਰ ’ਤੇ ਗੱਲ ਕੀਤੀ ਹੈ, ਜੋ ਕਿ ਖੁਦ ਨੂੰ ਨੀਤੂ ਦਾ ਦਿਓਰ ਦੱਸ ਰਿਹਾ ਸੀ। ਉਸ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਗਈ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਲਾਸ਼ ਦਾ ਪੋਸਟਮਾਰਟਮ ਹੋਵੇਗਾ ਅਤੇ ਪੂਰੀ ਸਥਿਤੀ ਸਪੱਸ਼ਟ ਹੋ ਸਕੇਗੀ।
ਇਹ ਵੀ ਪੜ੍ਹੋ : ਦਿੱਲੀ ਅੰਦੋਲਨ ਤੋਂ ਪਰਤੇ ਕਿਸਾਨ ਦੀ ਬੀਮਾਰ ਹੋਣ ਕਾਰਨ ਮੌਤ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ