ਹੁਸ਼ਿਆਰਪੁਰ ਜ਼ਿਲ੍ਹੇ ’ਚ ਕੋਰੋਨਾ ਦੇ 125 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ, 6 ਦੀ ਮੌਤ
Sunday, Sep 13, 2020 - 01:47 AM (IST)
ਹੁਸ਼ਿਆਰਪੁਰ,(ਘੁੰਮਣ)- ਅੱਜ 6 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਜ਼ਿਲੇ ਵਿਚ ਮ੍ਰਿਤਕਾਂ ਦੀ ਕੁ੍ੱਲ ਗਿਣਤੀ 82 ਤੱਕ ਪਹੁੰਚ ਗਈ ਹੈ। ਮ੍ਰਿਤਕਾਂ ਵਿਚ 55 ਸਾਲ ਦੀ ਇਕ ਅਹਿਰਾਣਾ ਖੁਰਦ ਦੀ ਵਾਸੀ ਔਰਤ, ਜਿਸਨੂੰ ਜਲੰਧਰ ਰੈਫਰ ਕੀਤਾ ਗਿਆ ਸੀ, ਦੀ ਰਸਤੇ ਵਿਚ ਹੀ ਮੌਤ ਹੋ ਗਈ, 36 ਸਾਲ ਦਾ ਇਕ ਨੌਜਵਾਨ ਨਿਵਾਸੀ ਗਡ਼੍ਹਦੀਵਾਲਾ ਜਲੰਧਰ ਦੇ ਪ੍ਰਾਈਵੇਟ ਹਸਪਤਾਲ ’ਚ ਜ਼ੇਰੇ ਇਲਾਜ ਸੀ, ਤਲਵਾਡ਼ਾ ਦੀ 69 ਸਾਲਾ ਇਕ ਔਰਤ ਜਲੰਧਰ ਵਿਖੇ ਦਾਖਲ ਸੀ, ਦਸੂਹਾ ਦਾ 52 ਸਾਲ ਦਾ ਇਕ ਵਿਅਕਤੀ ਸਿਵਲ ਹਸਪਤਾਲ ਦਸੂਹਾ ’ਚ ਦਾਖਲ ਸੀ, ਬਸੀ ਖਵਾਜੂ ਹੁਸ਼ਿਆਰਪੁਰ ਦਾ 39 ਸਾਲ ਦਾ ਇਕ ਨੌਜਵਾਨ ਜਲੰਧਰ ’ਚ ਜ਼ੇਰੇ ਇਲਾਜ ਸੀ ਅਤੇ ਮੁਕੇਰੀਆਂ ਦੀ 65 ਸਾਲ ਦੀ ਇਕ ਔਰਤ, ਜੋ ਕਿ ਜਲੰਧਰ ਵਿਚ ਜ਼ੇਰੇ ਇਲਾਜ ਸੀ, ਸ਼ਾਮਲ ਹਨ। ਸਿਹਤ ਵਿਭਾਗ ਨੂੰ ਅੱਜ ਮਿਲੀ 1814 ਸੈਂਪਲਾਂ ਦੀ ਰਿਪੋਰਟ ਵਿਚ 125 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲੇ ’ਚ ਪਾਜ਼ੇਟਿਵ ਮਰੀਜ਼ਾਂ ਦੀ ਕੱੁਲ ਗਿਣਤੀ 2746 ਹੋ ਗਈ ਹੈ।
ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ 1511 ਸ਼ੱਕੀ ਮਰੀਜ਼ਾਂ ਦੇ ਨਵੇਂ ਸੈਂਪਲ ਲਏ ਗਏ ਹਨ। ਜ਼ਿਲੇ ਵਿਚ ਹੁਣ ਤੱਕ ਲਏ ਗਏ 75,544 ਸੈਂਪਲਾਂ ਵਿਚੋਂ 71,335 ਦੀ ਰਿਪੋਰਟ ਨੈਗੇਟਿਵ ਆਈ ਹੈ। ਜਦਕਿ 1786 ਸੈਂਪਲਾਂ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਇਸ ਤੋਂ ਇਲਾਵਾ 108 ਸੈਂਪਲ ਇਨਵੈਲਿਡ ਪਾਏ ਗਏ ਹਨ। 1766 ਮਰੀਜ਼ ਰਿਕਵਰ ਕਰ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 896 ਹੈ।
ਜਾਨ ਜ਼ੋਖਮ ’ਚ ਪਾ ਕੇ ਸਿਹਤ ਕਰਮਚਾਰੀ ਲੈ ਰਹੇ ਹਨ ਸੈਂਪਲ
ਸਿਵਲ ਹਸਪਤਾਲ ਹੁਸ਼ਿਆਰਪੁਰ ’ਚ ਕੋਰੋਨਾ ਵਾਇਰਸ ਦੀ ਟੈਸਟਿੰਗ ਲਈ ਸੈਂਪਲ ਲੈਣ ਦਾ ਕੰਮ ਰੋਜ਼ਾਨਾ ਸਵੇਰੇ 10 ਵਜੇ ਦੇ ਕਰੀਬ ਸ਼ੁਰੂ ਹੋ ਜਾਂਦਾ ਹੈ। ਨਵੀਨ ਸ਼ਰਮਾ, ਸਤਵੀਰ ਸਿੰਘ ਅਤੇ ਤਲਵਿੰਦਰ ਕੌਰ ’ਤੇ ਆਧਾਰਿਤ ਟੀਮ ਵੱਲੋਂ ਰੋਜ਼ਾਨਾ ਕਰੀਬ 300 ਵਿਅਕਤੀਆਂ ਦੇ ਸੈਂਪਲ ਲਏ ਜਾਂਦੇ ਹਨ। ਇਨ੍ਹਾਂ ਵਿਚੋਂ ਵੱਡੀ ਗਿਣਤੀ ’ਚ ਲੋਕ ਕੋਰੋਨਾ ਪਾਜ਼ੇਟਿਵ ਪਾਏ ਜਾਂਦੇ ਹਨ। ਜਾਨ ਜ਼ੋਖਮ ਵਿਚ ਪਾ ਕੇ ਇਹ ਸਿਹਤ ਕਰਮਚਾਰੀ ਸੈਂਪਲ ਲੈਣ ਦੀ ਸੇਵਾ ਨਿਭਾਅ ਰਹੇ ਹਨ। ਮਹਾਮਾਰੀ ਦੇ ਮਾਹੌਲ ਵਿਚ ਇਨ੍ਹਾਂ ’ਤੇ ਵੀ ਹਰ ਸਮੇਂ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ। ਗੱਲਬਾਤ ਦੌਰਾਨ ਉਕਤ ਕਰਮਚਾਰੀਆਂ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਉਨ੍ਹਾਂ ਦੀ ਡਿਊਟੀ ਦਾ ਹਿੱਸਾ ਹੈ। ਸਿਹਤ ਕਰਮਚਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਰੋਗ ਦੇ ਲੱਛਣ ਪ੍ਰਤੀਤ ਹੁੰਦਿਆਂ ਹੀ ਫੌਰੀ ਤੌਰ ’ਤੇ ਟੈਸਟ ਕਰਵਾਉਣ ਤਾਂ ਕਿ ਸਮਾਂ ਰਹਿੰਦੇ ਇਲਾਜ ਹੋ ਸਕੇ।