ਨੋਟਾਂ ਵਾਲਾ ਪਰਸ ਦੇਖ ਕੇ ਵੀ ਨਹੀਂ ਡੋਲਿਆ ਇਮਾਨ, ਪੇਸ਼ ਕੀਤੀ ਵੱਡੀ ਮਿਸਾਲ
Saturday, Aug 19, 2017 - 01:53 PM (IST)
ਧਾਰੀਵਾਲ (ਖੋਸਲਾ, ਬਲਬੀਰ) : ਈਮਾਨਦਾਰੀ ਦੀ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਇਕ ਢਾਬੇ ਦੇ ਮਾਲਕ ਨੇ 70 ਹਜ਼ਾਰ ਰੁਪਏ ਨਕਦ ਅਤੇ ਹੋਰ ਜ਼ਰੂਰੀ ਕਾਗਜ਼ਾਤ ਵਾਲਾ ਲੱਭਿਆ ਪਰਸ ਉਸਦੇ ਅਸਲੀ ਮਾਲਕ ਨੂੰ ਸੌਂਪਿਆ। ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਨਹਿਰ ਧਾਰੀਵਾਲ ਦੇ ਕਿਨਾਰੇ ਰੋਕੀ ਢਾਬੇ ਦੇ ਮਾਲਿਕ ਲੱਕੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਢਾਬੇ 'ਤੇ ਕੰਮ ਕਰਨ ਵਾਲੇ ਵਿਅਕਤੀ ਨੂੰ ਇਕ ਪਰਸ ਲੱਭਿਆ, ਜਿਸਨੂੰ ਉਸਨੇ ਸਾਨੂੰ ਫੜਾ ਦਿੱਤਾ ਅਤੇ ਜਦੋਂ ਪਰਸ ਖੋਲ ਕੇ ਦੇਖਿਆ ਤਾਂ ਉਸ ਵਿਚ 70 ਹਜ਼ਾਰ ਰੁਪਏ ਨਕਦ, ਇਕ ਲੱਖ ਰੁਪਏ ਦਾ ਚੈਕ ਅਤੇ ਕੁਝ ਹੋਰ ਜ਼ਰੂਰੀ ਕਾਗਜ਼ਾਤ ਸਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਪਰਸ ਦੇ ਮਾਲਕ ਦੀ ਭਾਲ ਕਰਕੇ ਜਗਤਾਰ ਸਿੰਘ ਅਤੇ ਸਤਵਿੰਦਰ ਸਿੰਘ ਵਾਸੀ ਗੁਰਦਾਸਪੁਰ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਅਮਾਨਤ ਮੋਹਤਬਾਰ ਵਿਅਕਤੀਆਂ ਦੀ ਹਾਜ਼ਰੀ ਵਿਚ ਉਨ੍ਹਾਂ ਨੂੰ ਸੌਂਪ ਦਿੱਤੀ ਗਈ। ਇਸ ਮੌਕੇ ਰੋਕੀ ਕੁਮਾਰ, ਲੱਕੀ ਖੋਸਲਾ, ਰਕੇਸ਼ ਕੁਮਾਰ, ਪ੍ਰਕਾਸ਼ ਚੰਦ, ਬਾਬਾ ਜੀ, ਹਨੀ ਮਹਾਜਨ ਆਦਿ ਹਾਜ਼ਰ ਸਨ।
