ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਗੀਆਂ ਰੌਣਕਾਂ, ਤਸਵੀਰਾਂ ‘ਚ ਵੇਖੋ ਅਲੌਕਿਕ ਨਜ਼ਾਰਾ
Monday, Mar 29, 2021 - 03:52 PM (IST)
ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)- ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਖ਼ਾਲਸਾਈ ਜਾਹੋ-ਜਹਾਲ ਦੇ ਪ੍ਰਤੀਕ ਕੌਮੀ ਤਿਉਹਾਰ ਹੋਲਾ-ਮਹੱਲਾ ਦੇ ਅੱਜ ਤੀਜੇ ਦਿਨ ਵੀ ਰੌਣਕਾਂ ਲੱਗੀਆਂ ਹੋਈਆਂ ਹਨ।
ਦੇਸ਼ ਵਿਦੇਸ਼ ਤੋਂ ਇੱਥੇ ਪਹੁੰਚੀਆਂ ਲੱਖਾਂ ਦੀ ਗਿਣਤੀ ਸੰਗਤਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁ: ਸੀਸ ਗੰਜ ਸਾਹਿਬ, ਗੁ: ਭੋਰਾ ਸਾਹਿਬ ਗੁਰੂ ਕੇ ਮਹਿਲ, ਗੁ: ਬਾਬਾ ਸੰਗਤ ਸਿੰਘ, ਗੁ: ਕਿਲ੍ਹਾਂ ਫਤਿਹਗੜ੍ਹ ਸਾਹਿਬ, ਗੁ: ਕਿਲ੍ਹਾਂ ਲੋਹਗੜ੍ਹ ਸਾਹਿਬ, ਗੁ: ਕਿਲ੍ਹਾਂ ਹੋਲਗੜ੍ਹ ਸਾਹਿਬ ਸਮੇਤ ਸਮੂਹ ਇਤਿਹਾਸਿਕ ਗੁ: ਸਾਹਿਬਾਨਾਂ ‘ਚ ਘੰਟਿਆਂਬੱਧੀ ਲਾਈਨਾਂ ‘ਚ ਲੱਗ ਕੇ ਮੱਥਾ ਟੇਕਿਆ ਅਤੇ ਗੁਰੂ ਸਾਹਿਬਾਨ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਅਤੇ ਤਖ਼ਤ ਸਾਹਿਬ ਦੇ ਸਾਹਮਣੇ ਬਣੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ।
ਇਹ ਵੀ ਪੜ੍ਹੋ : ਕੇਸਰੀ ਰੰਗ ‘ਚ ਰੰਗੀ ਗਈ ‘ਗੁਰੂ ਨਗਰੀ’ ਸ੍ਰੀ ਕੇਸਗੜ੍ਹ ਸਾਹਿਬ, ਵੱਡੀ ਗਿਣਤੀ ’ਚ ਸੰਗਤ ਹੋਈ ਨਤਮਸਤਕ
ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਨਿਹੰਗ ਸਿੰਘਾਂ ਵਿਖੇ ਪਰਸੋਂ ਰੋਜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਰਬ ਲੋਹ ਅਤੇ ਦਸਮ ਗ੍ਰੰਥ ਜੀ ਦੀ ਗੁਰਬਾਣੀ ਦਾ ਪਰਵਾਹ ਚੱਲ ਰਿਹਾ ਹੈ, ਜਿਸ ਦੇ ਭੋਗ ਅੱਜ ਪੈਣ ਉਪਰੰਤ ਨਿਹੰਗ ਸਿੰਘਾਂ ਦੀ ਪੁਰਾਤਨ ਮਰਿਯਾਦਾ ਅਨੁਸਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋ ਮਹੱਲਾ ਕੱਢਿਆ ਜਾਵੇਗਾ। ਜਿਸ ਦੇ ਪ੍ਰਬੰਧ ਸੰਪੂਰਨ ਕਰ ਲਏ ਗਏ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ੍ਰ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਮਹੱਲੇ ਵਿੱਚ ਨਿਹੰਗ ਸਿੰਘ ਦਲਪੰਥਾਂ ਦੇ ਮੁਖੀ ਸਾਹਿਬਾਨ ਜਿਨ੍ਹਾਂ ਵਿਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ, ਬਾਬਾ ਅਵਤਾਰ ਸਿੰਘ ਸੁਰਸਿੰਘ ਦਲ ਪੰਥ ਬਿਧੀ ਚੰਦ ਸੰਪਰਦਾ, ਬਾਬਾ ਗੱਜਣ ਸਿੰਘ ਤਰਨਾ ਦਲ ਬਾਬਾ ਬਕਾਲਾ, ਬਾਬਾ ਨਿਹਾਲ ਸਿੰਘ ਮਿਸ਼ਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵਾਲਿਆਂ ਸਮੇਤ ਹੋਰ ਅਹਿਮ ਸਖਸ਼ੀਅਤਾਂ ਸ਼ਮੂਲੀਅਤ ਕਰਨਗੀਆਂ।
ਇਹ ਵੀ ਪੜ੍ਹੋ : ਕਿਸਾਨੀ ਕਾਨਫਰੰਸ ਦੌਰਾਨ ਬੋਲੇ ਰਾਜੇਵਾਲ, ਕਿਹਾ-ਮੋਦੀ ਦੇਸ਼ ਤੇ ਦੁਨੀਆ ਭਰ ’ਚ ਤਾਨਾਸ਼ਾਹ ਹਾਕਮ ਵਜੋਂ ਮਸ਼ਹੂਰ
ਸ੍ਰ. ਬੇਦੀ ਨੇ ਦੱਸਿਆ ਕਿ ਮਹੱਲਾ ਗੁ: ਸ਼ਹੀਦੀ ਬਾਗ ਸਾਹਿਬ ਤੋਂ ਆਰੰਭ ਹੋ ਕੇ ਗੁ: ਬਾਬਾ ਅਜੀਤਗੜ੍ਹ ਸਾਹਿਬ ਨਿਹੰਗ ਛਾਉਣੀ ਤਰਨਾ ਦਲ ਹਰੀਆਂ ਵੇਲਾਂ, ਗੁ: ਗੁਰੂ ਕਾ ਬਾਗ ਸਾਹਿਬ ਨਿਹੰਗ ਸਿੰਘ ਛਾਉਣੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤੋਂ ਹੁੰਦਾ ਹੋਇਆਂ ਨਵੀਂ ਆਬਾਦੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਵੇਰਕਾ ਚੌਕ, ਬੱਸ ਅੱਡਾ ਹੋ ਕੇ ਇਤਿਹਾਸਕ ਅਸਥਾਨ ਗੁ: ਮਾਤਾ ਜੀਤਾਂ ਜੀ ਸਾਹਿਬ ਵਿਖੇ ਨਤਮਸਤਕ ਹੋ ਕੇ ਪੁਰਾਤਨ ਚਰਨ ਗੰਗਾ ਸਟੇਡੀਅਮ ਵਿਖੇ ਪੁੱਜੇਗਾ ਜਿਥੇ ਨਿਹੰਗ ਸਿੰਘ ਸਿੱਖ ਰਵਾਇਤੀ ਬਾਣਿਆਂ, ਸ਼ਸਤਰਾਂ, ਘੋੜੇ, ਹਾਥੀਆਂ, ‘ਤੇ ਸਵਾਰ ਹੋ ਕੇ ਘੌੜ ਸਵਾਰੀ, ਨੇਜੇਬਾਜ਼ੀ, ਗਤਕੇਬਾਜ਼ੀ ਆਦਿ ਦਾ ਜੰਗਜੂ ਜੋਹਰ ਦਿਖਾ ਕੇ ਪੁਰਾਤਨ ਹੋਲੇ-ਮਹੱਲੇ ਤਿਉਹਾਰ ਨੂੰ ਨਵਾਂ ਕ੍ਰਾਂਤੀਕਾਰੀ ਰੂਪ ਦੇਣਗੇ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?