ਕੇਸਰੀ ਰੰਗ ‘ਚ ਰੰਗੀ ਗਈ ‘ਗੁਰੂ ਨਗਰੀ’ ਸ੍ਰੀ ਕੇਸਗੜ੍ਹ ਸਾਹਿਬ, ਵੱਡੀ ਗਿਣਤੀ ’ਚ ਸੰਗਤ ਹੋਈ ਨਤਮਸਤਕ
Sunday, Mar 28, 2021 - 10:51 PM (IST)
ਸ੍ਰੀ ਅਨੰਦਪੁਰ ਸਾਹਿਬ-(ਦਲਜੀਤ ਸਿੰਘ ਅਰੋੜਾ)-ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਖ਼ਾਲਸਾਈ ਜਾਹੋ-ਜਹਾਲ ਦੇ ਪ੍ਰਤੀਕ ਕੌਮੀ ਤਿਉਹਾਰ ਹੋਲਾ-ਮਹੱਲਾ ਦੇ ਅੱਜ ਦੂਜੇ ਦਿਨ ਗੁਰੂ ਨਗਰੀ ਕੇਸਰੀ ਰੰਗ ‘ਚ ਨਜਰ ਆਈ। ਦੇਸ਼ ਵਿਦੇਸ਼ ਤੋਂ ਇੱਥੇ ਪਹੁੰਚੀਆਂ ਲੱਖਾਂ ਦੀ ਗਿਣਤੀ ਸੰਗਤਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁ: ਸੀਸ ਗੰਜ ਸਾਹਿਬ, ਗੁ: ਭੋਰਾ ਸਾਹਿਬ ਗੁਰੂ ਕੇ ਮਹਿਲ, ਗੁ: ਬਾਬਾ ਸੰਗਤ ਸਿੰਘ, ਗੁ: ਕਿਲ੍ਹਾਂ ਫਤਿਹਗੜ੍ਹ ਸਾਹਿਬ, ਗੁ: ਕਿਲ੍ਹਾਂ ਲੋਹਗੜ੍ਹ ਸਾਹਿਬ, ਗੁ: ਕਿਲ੍ਹਾਂ ਹੋਲਗੜ੍ਹ ਸਾਹਿਬ ਸਮੇਤ ਸਮੂਹ ਇਤਿਹਾਸਿਕ ਗੁ: ਸਾਹਿਬਾਨਾਂ ‘ਚ ਘੰਟਿਆਂਬੱਧੀ ਲਾਈਨਾਂ ‘ਚ ਲੱਗ ਕੇ ਮੱਥਾ ਟੇਕਿਆ ਅਤੇ ਗੁਰੂ ਸਾਹਿਬਾਨ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਅਤੇ ਤਖ਼ਤ ਸਾਹਿਬ ਦੇ ਸਾਹਮਣੇ ਬਣੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਲਗਾਤਾਰ ਚਲ ਰਹੇ ਧਾਰਮਿਕ ਸਮਾਗਮਾਂ ‘ਚ ਅੱਜ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੋਰ, ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ, ਸਾਬਕਾ ਸਾਂਸਦ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਸ਼ਮੂਲੀਅਤ ਕਰਦਿਆਂ ਸੰਗਤਾਂ ਨੂੰ ਕੋਮੀ ਤਿਉਹਾਰ ਹੋਲਾ ਮਹੱਲਾ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਗੁਰੂ ਸਾਹਿਬਾਨ ਵਲੋਂ ਭਾਰਤੀ ਲੋਕਾਂ ‘ਚ ਸਮੇਂ ਦੀਆਂ ਜਾਬਰ ਅਤੇ ਜਾਲਿਮ ਸਰਕਾਰਾਂ ਦਾ ਟਾਕਰਾ ਕਰਨ ਲਈ ਪੁਰਾਤਨ ਹੋਲੀ ਦੇ ਤਿਉਹਾਰ ਨੂੰ ਨਵਾਂ ਰੂਪ ਦੇ ਕੇ 1700 ਈਸਵੀ ਵਿੱਚ ਹੋਲਾ ਮਹੱਲਾ ਦੀ ਪ੍ਰੰਪਰਾ ਆਰੰਭ ਕੀਤੀ ਸੀ, ਜਿਸ ‘ਚ ਲੋਕਾਂ ਨੂੰ ਜੰਗੀ ਕਲਾ ਦੇ ਅਭਿਆਸ ਕਰਵਾਉਣ ਲਈ ਤਲਵਾਰਬਾਜੀ, ਨੇਜੇਬਾਜੀ ਦੇ ਗੁਰ ਸਿਖਾਕੇ ਜੁਲਮ ਦਾ ਟਾਕਰਾ ਕਰਨ ਲਈ ਤਿਆਰ ਕੀਤਾ ਗਿਆ।
ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਹੋਲੇ ਮਹੱਲੇ ਦੇ ਪਾਵਨ ਤਿਉਹਾਰ ਮੋਕੇ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਤੇ ਚੱਲਦਿਆਂ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ। ਤਖਤ ਸਾਹਿਬ ਵਿਖੇ ਬੀਤੇ ਕੱਲ ਤੋਂ ਚੱਲ ਰਹੇ ਧਾਰਮਿਕ ਸਮਾਗਮਾਂ ਦੋਰਾਨ ਕੋਮ ਦੇ ਪ੍ਰਸਿੱਧ ਰਾਗੀ, ਢਾਡੀ ਜੱਥਿਆਂ ਅਤੇ ਕਥਾ ਵਾਚਕਾਂ ਵੱਲੋਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਪਾਵਨ ਸ਼ਸ਼ਤਰਾਂ ਦੇ ਦਰਸ਼ਨ ਅਤੇ ਸੰਖੇਪ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ।
ਇਸ ਮੌਕੇ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਫੂਲਾ ਸਿੰਘ, ਮੈਨੇਜਰ ਮਲਕੀਤ ਸਿੰਘ, ਐਡੀਸ਼ਨਲ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਯੂਥ ਅਕਾਲੀ ਦਲ ਦੇ ਜਿਲ੍ਹਾਂ ਪ੍ਰਧਾਨ ਸੰਦੀਪ ਸਿੰਘ ਕਲੋਤਾਂ, ਇਸਤਰੀ ਅਕਾਲੀ ਦੀ ਜਿਲ੍ਹਾਂ ਪ੍ਰਧਾਨ ਬੀਬੀ ਕੁਲਵਿੰਦਰ ਕੋਰ, ਮਨਜੀਤ ਸਿੰਘ ਬਾਸੋਵਾਲ, ਸੂਚਨਾ ਅਫ਼ਸਰ ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ ਬੇਦੀ ਸਮੇਤ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।