ਸ੍ਰੀ ਅਨੰਦਪੁਰ ਸਾਹਿਬ 'ਚ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਹੋਲਾ-ਮਹੱਲਾ ਸੰਪੰਨ, ਨਿਹੰਗ ਸਿੰਘਾਂ ਨੇ ਕੱਢਿਆ ਮਹੱਲਾ
Tuesday, Mar 26, 2024 - 05:11 PM (IST)
ਸ੍ਰੀ ਅਨੰਦਪੁਰ ਸਾਹਿਬ (ਚੋਵੇਸ਼ ਲਟਾਵਾ)- ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਪ੍ਰਸਿੱਧ ਛੇ ਦਿਨਾਂ ਕੌਮੀ ਤਿਉਹਾਰ ਹੋਲਾ-ਮਹੱਲਾ ਅੱਜ ਜੈਕਾਰਿਆਂ ਦੀ ਗੂੰਜ ਵਿੱਚ ਆਪਣੀਆਂ ਅਮੀਠੀਆ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਇਥੇ ਇਕ ਪਾਸੇ ਜਿੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਿੰਨ ਦਿਨਾਂ ਤੋਂ ਚੱਲ ਰਹੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉੱਥੇ ਹੀ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮਹੱਲਾ ਕੱਢਿਆ ਗਿਆ ਜੋਕਿ ਚਰਨ ਗੰਗਾ ਸਟੇਡੀਅਮ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਜੰਗਜੂ ਕਰਤੱਬ ਵਿਖਾਉਣਗੀਆਂ, ਜਿਸ ਵਿੱਚ ਗਤਕੇਬਾਜ਼ੀ ਘੋੜ ਸਵਾਰੀ ਨੇਜਾਬਾਜ਼ੀ ਤੀਰਕਮਾਨ ਅਤੇ ਹੋਰ ਕਈ ਤਰ੍ਹਾਂ ਦੀਆਂ ਵਿਰਾਸਤੀ ਅਤੇ ਖਾਲਸਈ ਫ਼ੌਜਾਂ ਗੁਰੂ ਨੂੰ ਸਮਰਪਿਤ ਹੋ ਕੇ ਇਕੱਠੀਆਂ ਖੇਡਦੀਆਂ ਹਨ।
ਜ਼ਿਕਰਯੋਗ ਹੈ ਕਿ ਖਾਲਸਾ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਏ ਜਾ ਰਹੇ ਖਾਲਸੇ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਅਤੇ ਕੌਮੀ ਤਿਉਹਾਰ ਹੋਲੇ-ਮਹੱਲੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੂਰੇ ਜਾਹੋ-ਜਲਾਲ ਅਤੇ ਪੁਰਾਤਨ ਰਵਾਇਤਾਂ ਅਨੁਸਾਰ ਸ਼ੁਰੂ ਹੋਇਆ ਹੋਲਾ-ਮਹੱਲਾ ਅੱਜ ਸੰਪੰਨ ਹੋ ਗਿਆ ਹੈ। ਹੋਲੇ-ਮਹੱਲੇ ਮੌਕੇ ਖਾਲਸੇ ਦੀ ਧਰਤੀ 'ਤੇ ਬੇਹੱਦ ਰੌਣਕਾਂ ਲੱਗੀਆਂ ਹੋਈਆਂ ਹਨ। ਲੱਖਾਂ ਦੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਨਤਮਸਤਕ ਹੋ ਰਹੇ ਹਨ।
ਇਹ ਵੀ ਪੜ੍ਹੋ: 'ਹੋਲੀ' ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਨਹਿਰ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ
ਡੀ. ਸੀ. ਅਤੇ ਐੱਸ. ਐੱਸ. ਪੀ. ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ
ਸ਼ਾਂਤੀਪੂਰਵਕ ਅਤੇ ਸੁਚਾਰੂ ਢੰਗ ਨਾਲ ਚੱਲ ਰਹੇ ਕੌਮੀ ਤਿਉਹਾਰ ਹੋਲਾ ਮਹੱਲਾ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਮੈਨੇਜਰ ਗੁਰਪ੍ਰੀਤ ਸਿੰਘ ਰੋਡੇ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਐੱਸ. ਜੀ. ਪੀ. ਸੀ. ਮੈਂਬਰ ਅਮਰਜੀਤ ਸਿੰਘ ਚਾਵਲਾ, ਵਧੀਕ ਮੈਨੇਜਰ ਹਰਦੇਵ ਸਿੰਘ, ਸੂਚਨਾ ਅਫ਼ਸਰ ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।
ਇਸ ਵਾਰ ਹੋਲਾ ਹਮੱਲਾ ਮੌਕੇ ਸੰਗਤਾਂ ਦੀ ਭਾਰੀ ਆਮਦ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਸੁਚਾਰੂ ਪ੍ਰਬੰਧਾਂ ’ਤੇ ਤਸੱਲੀ ਪ੍ਰਗਟ ਕਰਦੇ ਹੋਏ ਡੀ. ਸੀ. ਨੇ ਕਿਹਾ ਕਿ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਕੀਤੇ ਜਾ ਰਹੇ ਪ੍ਰਬੰਧਾਂ, ਮੀਟਿੰਗਾਂ ਅਧਿਕਾਰੀਆਂ ਵੱਲੋਂ ਸੇਵਾ ਦੀ ਭਾਵਨਾ ਨਾਲ ਕੀਤੀ ਡਿਊਟੀ ਦਾ ਅਸਰ ਸਮੁੱਚੇ ਮੇਲਾ ਖੇਤਰ ’ਚ ਆਈਆਂ ਸੰਗਤਾਂ ਦੇ ਚਿਹਰੇ ਦੀ ਮੁਸਕਾਨ ਤੋਂ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਵੱਲੋਂ ਸਿੰਗਲ ਯੂਜ ਪਲਾਸਟਿਕ ਨਾ ਵਰਤਣ, ਹੁੱਲੜਬਾਜ਼ੀ ਬੰਦ ਕਰਨ, ਵਾਹਨਾਂ ’ਤੇ ਸਟੰਟ ਨਾ ਕਰਨ, ਲੰਗਰਾਂ ਵਿਚ ਮਿਆਰੀ ਪਦਾਰਥਾਂ ਦੀ ਵਰਤੋਂ, ਸਵੱਛਤਾ ਆਦਿ ਦੀ ਅਪੀਲ ਦਾ ਜ਼ਮੀਨੀ ਪੱਧਰ ’ਤੇ ਭਾਰੀ ਅਸਰ ਹੋਇਆ ਹੈ।
ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ 'ਚ ਹੋਲੇ-ਮਹੱਲੇ ਦੀਆਂ ਲੱਗੀਆਂ ਰੌਣਕਾਂ, ਲੱਖਾਂ ਦੀ ਗਿਣਤੀ 'ਚ ਸੰਗਤ ਹੋ ਰਹੀ ਨਤਮਸਤਕ
ਪਹਿਲਾਂ ਨਾਲੋਂ ਮੇਲਾ ਖੇਤਰ ਵਿਚ ਸੰਗਤਾਂ ਦੀ ਵੱਧ ਆਮਦ ਹੋਣ ਦੇ ਬਾਵਜੂਦ ਲੋਕਾਂ ਨੂੰ ਅਸੀਂ ਵੱਧ ਸਹੂਲਤਾਂ ਦੇਣ ’ਚ ਸਫ਼ਲ ਹੋਏ ਹਾਂ। ਉਨ੍ਹਾਂ ਨੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਅਤੇ ਮੈਨੇਜਰ ਗੁਰਪ੍ਰੀਤ ਸਿੰਘ ਰੋਡੇ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸਮੁੱਚੇ ਪ੍ਰਬੰਧਾਂ ਲਈ ਪ੍ਰਸ਼ਾਸਨ ਨੂੰ ਸਮੇਂ ਸਮੇਂ ਸਹਿਯੋਗ ਦਿੱਤਾ ਅਤੇ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਜਾਣੂ ਕਰਵਾਇਆ।
ਗੁਲਨੀਤ ਸਿੰਘ ਖੁਰਾਣਾ ਸੀਨੀਅਰ ਪੁਲਸ ਕਪਤਾਨ ਰੂਪਨਗਰ ਨੇ ਦੱਸਿਆ ਕਿ ਇਸ ਵਾਰ ਸੁਰੱਖਿਆ ਫੋਰਸ ਪਹਿਲਾਂ ਤੋਂ ਵਧੇਰੇ ਮੁਸਤੈਦ ਹੈ। ਸਾਡੇ ਸੁਰੱਖਿਆ ਕਰਮਚਾਰੀ ਸੇਵਾ ਦੀ ਭਾਵਨਾ ਨਾਲ ਕੰਮ ਕਰ ਰਹੇ ਹਨ ਅਤੇ ਹੋਲਾ ਹਮੱਲਾ ਸਮਾਪਤ ਹੋਣ ਤੋਂ ਬਾਅਦ ਹੀ ਸਮੁੱਚਾ ਟ੍ਰੈਫਿਕ ਸੁਚਾਰੂ ਹੋਣ ’ਤੇ ਹੀ ਸੁਰੱਖਿਆ ਫੋਰਸਾਂ ਵਾਪਸ ਜਾਣਗੀਆਂ। ਉਨ੍ਹਾਂ ਦੱਸਿਆ ਕਿ ਨਾਕਿਆਂ ’ਤੇ ਤਾਇਨਾਤ ਕਰਮਚਾਰੀ ਸ਼ਰਧਾਲੂਆਂ ਨੂੰ ਜ਼ਰੂਰੀ ਜਾਣਕਾਰੀ ਵੀ ਦੇ ਰਹੇ ਹਨ ਅਤੇ ਲੋੜ ਪੈਣ ’ਤੇ ਉਨ੍ਹਾਂ ਦੀ ਮਦਦ ਵੀ ਕਰ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਕਾਮੇਡੀਅਨ ਸੰਦੀਪ ਉਰਫ਼ ਪਤੀਲਾ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ਼, ਘਟਨਾ CCTV 'ਚ ਕੈਦ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8