1947 ਹਿਜਰਤਨਾਮਾ-14 : ਬੀਬੀ ਹਰਨਾਮ ਕੌਰ

05/29/2020 3:24:08 PM

ਸਤਵੀਰ ਸਿੰਘ ਚਾਨੀਆਂ
92569-73526  

" ਮੈਂ ਹਰਨਾਮ ਕੌਰ ਪੁੱਤਰੀ ਬਾਵਾ ਰਾਮ ਪੁੱਤਰ ਸ਼੍ਰੀ ਲਾਲ ਚੰਦ ਬਸਤੀ ਦਾਨਿਸ਼ਮੰਦਾਂ-ਜਲੰਧਰ ਤੋਂ ਬੋਲਦੀ ਪਈ ਆਂ। ਪਿਤਾ ਜੀ ਬਾਵਾ ਰਾਮ, ਮਾਣਾ ਰਾਮ ਅਤੇ ਰਸੀਲਾ ਰਾਮ ਤਿੰਨ ਭਰਾ ਸਨ। ਮੇਰੇ ਅੱਗੋਂ ਹੋਰ ਚਾਰ ਭਰਾ ਕਰਮਵਾਰ ਹਰਨਾਮ ਦਾਸ, ਪਿਆਰਾ ਲਾਲ, ਗੁਰਦਾਸ ਰਾਮ, ਸੂਰਤੀ ਰਾਮ ਅਤੇ ਭੈਣ ਪੂਰੋ ਹਨ। ਸਾਡਾ ਜੱਦੀ ਪਿੰਡ ਓਧਰ ਅਰਜਾਦਾ, ਤਹਿਸੀਲ ਨਾਰੋਵਾਲ, ਜ਼ਿਲ੍ਹਾ ਸਿਆਲਕੋਟ ਆ। ਸਾਡੇ ਪਿੰਡ ਨੂੰ ਸਟੇਸ਼ਨ ਨਾਰੋਵਾਲ-ਸਿਆਲਕੋਟ ਜੰਕਸ਼ਨ ਅਤੇ ਡੁਮਾਲਾ ਲੱਗਦੈ। ਮੇਰੀ ਪੈਦਾਇਸ਼ ਕਰੀਬ 1935 ਦੀ ਅਤੇ ਮੇਰੇ ਛੋਟੇ ਭਾਈ ਸੂਰਤੀ ਰਾਮ, ਜੋ ਕਿ ਮੇਰੇ ਨਜਦੀਕ ਹੀ ਰਸੀਲਾ ਨਗਰ ਰਹਿੰਦੇ ਨੇ, ਦੀ 1940 ਦੀ ਹੈ। ਮੇਰਾ ਬਚਪਨ ਕਦੇ ਲਾਡ ਅਤੇ ਕਦੇ ਲੜਾਈ ਦੀਆਂ ਬਹੁਤੀਆਂ ਯਾਦਾਂ ਨਾਲ ਇਸੇ ਭਰਾ ਨਾਲ ਬਤੀਤ ਹੋਇਆ। ਘਰ ਦੇ ਕੋਈ 3-4 ਖੇਤ ਸਨ। ਪਾਣੀ ਦੀ ਕੋਈ ਸਹੂਲਤ ਨਹੀਂ ਸੀ, ਬਰਾਨੀ ਹੀ ਸੀ। ਕਿਧਰੇ ਮੀਂਹ ਪਿਆ ਤਾਂ ਕਣਕ, ਚਰੀ, ਬਾਜਰਾ ਅਤੇ ਛੋਲੇ ਬੀਜ ਦੇਣੇ। ਕਦੇ ਵੀ ਮੰਡੀ ਵੇਚਣ ਜੋਗੀ ਫਸਲ ਨਹੀਂ ਸੀ ਹੋਈ। ਘਰ ਦੇ ਪਸ਼ੂ ਲਵੇਰਾ ਹੈ ਸੀ। ਪਿਤਾ ਜੀ ਦਾ ਜੁੱਸਾ ਗੱਠਿਆ ਅਤੇ ਨਰੋਆ ਸੀ। ਘੁਲਣ ਦੇ ਸ਼ੌਕੀਨ ਸਨ, ਉਹ।

ਬਾਹਰ ਪਿੰਡਾਂ ਵਿੱਚ ਘੁਲਣ ਜਾਇਆ ਕਰਦੇ ਸਨ। ਇਨਾਮ ਵਿੱਚ ਕਦੇ ਸਿੱਕੇ ਤੇ ਬਹੁਤਾ ਗੁੜ ਦੇ ਟੋਕਰੇ ਲਿਆਉਂਦੇ। ਸੋ ਗੁੜ ਰਸੋਈ ਵਿੱਚ ਵਰਤੋਂ ਦੇ ਨਾਲ-ਨਾਲ ਖਾਇਆ ਵੀ ਖੂਬ ਕਰਦੇ ਸਾਂ। ਇਨ੍ਹਾਂ ਪਿੰਡਾਂ ਦੀ ਬੈੱਲਟ ਵਿੱਚ ਕਈ ਲੋਕ ਖੇਡਾਂ ਦਾ ਸਮਾਨ ਤਿਆਰ ਕਰਨ ਦਾ ਕੰਮ ਵੀ ਕਰਦੇ ਸਨ। ਸਿਆਲਕੋਟ ਖੇਡਾਂ ਦਾ ਸਮਾਨ ਬਣਾਉਣ ਲਈ ਮਸ਼ਹੂਰ ਸੀ, ਉਦੋਂ। ਇੰਵੇ ਜਿਵੇਂ ਹੁਣ ਜਲੰਧਰ ਹੈ। ਹੁਣ ਜਲੰਧਰੀ ਜੋ ਖੇਡ ਉਦਯੋਗ ਨਾਲ ਬਾ ਬਾਸਤਾ ਨੇ ਬਹੁਤਿਆਂ ਦਾ ਪਿੱਛਾ ਸਿਆਲਕੋਟ ਹੀ ਐ। ਲੋਕਾਂ ਦਾ ਰਹਿਣ ਸਹਿਣ ਮਿਲਵਰਤਨ ਵਾਲਾ ਸੀ। ਦੁੱਖ ਸੁੱਖ ਵਿੱਚ ਇਕ ਦੂਜੇ ਦੇ ਭਾਗੀਦਾਰ ਹੁੰਦੇ ਸਾਂ। ਮੁਸਲਿਮਾ ਨਾਲ ਵੀ ਭਾਈਚਾਰਕ ਸਾਂਝ ਮਜਬੂਤ ਸੀ। ਕਦੇ ਵੀ ਮਜ੍ਹਬੀ ਤੁਅਸਬ ਆਮ ਵਰਤਾਰੇ ਅਤੇ ਭਾਰੂ ਨਹੀਂ ਸੀ ਹੋਇਆ ।      

5 -7 ਸਰਦੇ ਪੁਜਦੇ ਘਰਾਂ ਨੂੰ ਛੱਡ ਕੇ ਬਾਕੀ ਸਾਰੇ ਘਰ ਕੱਚੇ ਸਨ। ਨਾਈ, ਝੀਰ, ਸ਼ੀਂਬੇ, ਤਰਖਾਣ ਅਤੇ ਲੁਹਾਰ ਵਗੈਰਾ ਕੰਮੀਆਂ ਦੇ ਕੋਈ 14 -15 ਘਰ। ਇਕ ਦੋ ਮੁਸਲਿਮ ਕੰਮੀ ਪਰਿਵਾਰ ਵੀ ਸਨ। 8-10 ਘਰ ਈਸਾਈਆਂ ਦੇ ਕੁਝ ਘਰ ਮੇਘ/ਭਗਤਾਂ ਦਿਆਂ ਤੋਂ ਇਲਾਵਾ ਕੋਈ 19-20 ਘਰ ਜਿੰਮੀਦਾਰਾਂ ਦੇ ਸਨ। ਸਕੂਲ ਅਸੀਂ ਨਹੀਂ ਵੇਖਿਆ। ਨਾਰੋਵਾਲ ਤੋਂ ਐੱਮ.ਐੱਲ.ਏ, ਤਦੋਂ ਸੁੰਦਰ ਸਿੰਘ ਹੈ ਸੀ। ਮੁਸਲਮਾਨਾ ’ਚੋਂ ਮੈਨੂੰ ਇਕ ਚੌਧਰੀ ਕੈਮ ਜਿੰਮੀਦਾਰ ਦਾ ਨਾਮ ਯਾਦ ਹੈ । ਇਕ ਜੱਟ ਸਿੱਖ ਚੌਧਰੀ ਜਿੰਮੀਦਾਰ ਹੈ ਸੀ, ਰੂੜਾ ਸਿੰਘ। ਇਹ ਜਿੰਮੀਦਾਰ ਤਬਕਾ ਡੇਰਾ ਬਾਬਾ ਨਾਨਕ ਦੇ ਪਿੰਡ ਬਸੰਤ ਕੋਟ (ਨਜਦੀਕ ਧਿਆਨ ਪੁਰ ਮਹੰਤਾਂ) ਵਿਖੇ ਬੈਠਾ ਐ।

ਕਈ ਦਫਾ ਘਰ ਬਜੁਰਗ ਗੱਲਾਂ ਕਰਦੇ ਕਿ ਹੁਣ ਭਾਰਤ ਦੀ ਵੰਡ ਹੋ ਜਾਣੀ ਆਂ। ਪਾਕਿਸਤਾਨ ਬਣੇਗਾ। ਸਿਆਲਕੋਟ ਪਾਕਿਸਤਾਨ ਦਾ ਹਿੱਸਾ ਬਣੇਗਾ। ਇਸ ਦਾ ਮਤਲਬ ਕੀ ਹੈ ਸਾਨੂੰ ਨਹੀਂ ਸੀ ਪਤਾ ਹੁੰਦਾ। ਹੌਲੀ-ਹੌਲੀ ਹਵਾ ਬਦਲਣ ਲੱਗੀ। ਰੌਲੇ ਪੈਣੇ ਸ਼ੁਰੂ ਹੋ ਗਏ । ਅੱਗਾਂ ਲੱਗਦੀਆਂ ਇੱਕਾ ਦੁੱਕਾ ਕੋਈ ਬਾਹਰ ਆਉਂਦਾ ਜਾਂਦਾ ਮਾਰ ਦਿੱਤਾ ਜਾਂਦਾ। ਜਦ ਹਾਲਤ ਬਹੁਤ ਵਿਗੜ ਗਏ ਤਾਂ ਪਿੰਡ ਦੇ ਮੋਹਤਬਰਾਂ ਦਾ ਕੱਠ ਹੋਇਆ। ਸਿੱਖ ਮਿਲਟਰੀ ਵੀ ਕਹਿ ਗਈ ਕਿ ਤਿਆਰੀ ਫੜੋ। ਜਦ ਡਰਾਉਣੀਆਂ ਖਬਰਾਂ ਬਾਹਰੋਂ ਆਉਣੀਆਂ ਤਾਂ ਸਭਨਾ ਸਹਿਮ ਜਾਣਾ। ਪਿੰਡ ਵਿੱਚ ਬੈਠਕਾਂ ਹੋਣ ਲੱਗੀਆਂ। ਰਾਤ ਨੂੰ ਪਹਿਰਾ ਲੱਗਦਾ। ਬੋਲੇ ਸੋ ਨਿਹਾਲ ਦੇ ਬਹੁਤੇ ਅਤੇ ਕਿਤੇ ਕਿਤੇ ਯਾ ਅਲੀ ਦੇ ਨਾਅਰੇ ਵੀ ਸੁਣਨ ਨੂੰ ਮਿਲਦੇ। ਰਾਤਾਂ ਬੜੀਆਂ ਔਖੀਆਂ ਲੰਘਦੀਆਂ। ਜਿੰਮੀਦਾਰ ਸਿੱਖ ਚੋਬਰ ਛਵੀਆਂ, ਬਰਸ਼ੇ ਲਹਿਰਾਉਂਦੇ ਫਿਰਦੇ। ਪਰ ਰੱਬ ਦੀ ਮਿਹਰ ਰਹੀ ਕਿ ਕੋਈ ਬਾਹਰੀ ਹਮਲਾ ਨਹੀਂ ਹੋਇਆ। ਪਰ ਮੇਰੇ ਇੱਕ ਭਰਾ ਨੇ ਡਰਦਿਆਂ ਵਾਲ ਕਟਾ ਦਿੱਤੇ। ਚਾਚਾ ਮਾਣਾ ਰਾਮ ਦਾ ਬੇਟਾ ਲਛਮਣ ਸਿੰਘ ਫੌਜ ’ਚੋਂ ਨਾਮਾ ਕਟਾ ਕੇ ਵਾਪਸ ਆ ਗਿਆ।

ਫਿਰ ਇਕ ਦਿਨ ਪਿੰਡ ਆਏ ਹਿਫਾਜਤੀ ਫੌਜੀ ਦਸਤੇ ਵਲੋਂ ਪਿੰਡ ਛੱਡ ਜਾਣ ਦਾ ਹੁਕਮ ਹੋਇਆ। ਜਿੰਨਾ ਸਮਾਨ ਚੁੱਕ ਹੋਇਆ ਗਠੜੀਆਂ ਬੰਨ੍ਹ ਲਈਆਂ। ਤੇ ਬਾਕੀ ਮੁਸਲਿਮਾ ਲਈ ਛੱਡ ਦਿੱਤਾ। ਜਿੰਨਾ ਪਾਸ ਗੱਡੇ ਸਨ, ਉਨ੍ਹਾਂ ਗੱਡੇ ਜੋੜ ਲਏ। ਹੱਥੀਂ ਬਣਾਏ ਸੰਵਾਰੇ ਘਰ ਬਾਰ ਅਤੇ ਮਾਲ ਇਸਬਾਬ ਬੇਗਾਨੀ ਸ਼ੈਅ ਵਾਂਗ ਛੱਡ ਕੇ, ਪਿੰਡ ਨੂੰ ਆਖੀਰ ਵਾਰ ਹਸਰਤ ਭਰੀਆਂ ਨਜ਼ਰਾਂ ਨਾਲ ਦੇਖਿਆ। ਗੁਆਂਢੀ ਕਰਾਏਵਾਲ ਸਰਦਾਰਾਂ ਦਾ ਪਿੰਡ ਸੀ। ਕਾਫਲਾ ਓਧਰ ਹੋ ਤੁਰਿਆ। ਉਨ੍ਹਾਂ ਦਾ ਕਾਫਲਾ ਵੀ ਚੱਲਣ ਲਈ ਤਿਆਰ ਸੀ। ਸਾਡਾ ਕਾਫਲਾ ਵੀ ਮਗਰ ਹੋ ਤੁਰਿਆ। 4-5 ਘੋੜ ਚੜੇ ਹਥਿਆਰਬੰਦ ਸਿੱਖ ਜਥੇਦਾਰ ਕਾਫਲੇ ਦੀ ਅਗਵਾਈ ਕਰ ਰਹੇ ਸਨ।        

ਨਾਰੋਵਾਲ ਥੇਹ ’ਤੇ ਆ ਕੇ ਕਾਫਲਾ 2-3 ਦਿਨ ਰੁਕਿਆ ਰਿਹਾ। ਇਥੇ ਰਾਤ ਨੂੰ ਕੈਂਪ ’ਤੇ ਹਮਲਾ ਹੋਇਆ, ਉਨ੍ਹਾਂ ਸਮਾਨ ਲੁੱਟਣ ਦਾ ਵੀ ਯਤਨ ਕੀਤਾ। ਦੋ ਦੰਗਈਆਂ ਨੂੰ ਸਰਦਾਰਾਂ ਵੱਲੋਂ ਫੜ੍ਹ ਲਿਆ ਗਿਆ। ਜਾਨ ਤਾਂ ਉਨ੍ਹਾਂ ਦੀ ਬਖਸ਼ ਦਿੱਤੀ ਪਰ ਕੁਟਾਪਾ ਖੂਬ ਚਾੜ੍ਹਿਆ। ਦੂਜੇ ਦਿਨ ਸਵੇਰ ਤੜਕੇ 3-4 ਜਨਾਨੀਆਂ ਹਾਜਤ ਨੂੰ ਗਈਆਂ। ਉਥੇ ਲੁਕੇ ਦੰਗਈਆਂ ਨੇ ਉਨ੍ਹਾਂ ਨੂੰ ਉਧਾਲਣ ਦਾ ਯਤਨ ਕੀਤਾ। ਰੌਲਾ ਪੈਣ ’ਤੇ ਕੈਂਪ ’ਚੋਂ ਬੰਦੇ ਓਧਰ ਦੌੜੇ ਤਾਂ ਉਹ ਪੱਤਰਾ ਵਾਚ ਗਏ। 

ਬੜਾ ਔਖਾ ਸਮਾਂ ਸੀ, ਉਹ। ਫਾਕੇ ਵੀ ਬਹੁਤ ਕੱਟੇ। ਕਣਕ/ਮੱਕੀ ਦੇ ਦਾਣੇ ਭੁੰਨ ਕੇ ਗੁੜ ਨਾਲ ਖਾ ਕੇ ਦਿਨ ਕਟੀ ਗਏ। ਕਈਆਂ ਦਰੱਖਤਾਂ ਦੇ ਪੱਤੇ ਤੱਕ ਖਾ ਲਏ। ਆਪਣੇ ਜੱਦੀ ਪਿੰਡ ਅਰਜਾਦਾ ਤੋਂ ਤੁਰ ਕੇ ਇਕ ਹਫਤੇ ਬਾਅਦ ਰਾਵੀ ਟੱਪ ਕੇ ਡੇਰਾ ਬਾਬਾ ਨਾਨਕ ਦੇ ਰਿਫਿਊਜੀ ਕੈਂਪ ਵਿੱਚ ਕਰੀਬ 6 ਮਹੀਨੇ ਰਹੇ ਫਿਰ ਪਿੰਡ ਸ਼ਾਹ ਪੁਰ ਜਾਜਨ ਆਣ ਵਸੇਬ ਕੀਤਾ। ਰਸਤੇ ਵਿੱਚ ਭਲੇ ਫਾਕੇ ਅਤੇ ਢੇਰ ਦੁਸ਼ਵਾਰੀਆਂ ਕੱਟੀਆਂ ਫਿਰ ਵੀ ਵਾਹਿਗੁਰੂ ਦਾ ਸ਼ੁਕਰ ਮਨਾਇਆ ਕਿ ਕਿਸੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਪਿਤਾ ਜੀ ਨੂੰ ਓਧਰ 4 ਖੇਤਾਂ ਬਦਲੇ ਇਧਰ 3 ਖੇਤ ਮੂਲੇਵਾਲ ਥੇਹ ’ਤੇ ਅਲਾਟ ਹੋਏ। ਹੌਲੀ-ਹੌਲੀ ਨਵੇਂ ਸਿਰਿਓਂ ਫਿਰ ਜ਼ਿੰਦਗੀ ਸ਼ੁਰੂ ਕੀਤੀ । ਮੇਰਾ ਵਿਆਹ 1950 ਵਿੱਚ ਬਟਾਲਾ ਦੇ ਠਠਿਆਰੀ ਮੁਹੱਲਾ ਵਿੱਚ ਹੋਇਆ। ਸਹੁਰੇ ਗੇਂਦਾਂ/ਬਾਲ ਬਣਾਉਣ ਦਾ ਕੰਮ ਕਰਦੇ ਸਨ ਪਰ ਕੰਮ ਕੋਈ ਲਾਹੇਬੰਦ ਨਹੀਂ ਸੀ ਏਡਾ।                    

    PunjabKesari

ਆਖੀਰ ਮੇਰੀ ਨਣਾਨ, ਜੋ ਕਿ ਜਲੰਧਰ ਬਸਤੀ 9 ਦੇ ਗਣੇਸ਼ ਮਹੱਲਾ ਵਿੱਚ ਵਿਆਹੀ ਹੋਈ ਸੀ ਨੇ ਸੱਦ ਭੇਜਿਆ ਕਿ ਇਥੇ ਆ ਜਾਓ ।ਸੋ 1960 ਵਿਚ ਰੁਜ਼ਗਾਰ ਦੀ ਭਾਲ ਵਿਚ ਇਥੇ ਬਸਤੀ 9 ਵਿਚ ਕਿਰਾਏ ’ਤੇ ਮਕਾਨ ਲੈ ਕੇ ਆਣ ਵਾਸ ਕੀਤਾ। ਕੰਮ ਠੀਕ ਚੱਲ ਗਿਆ। ਮਕਾਨ ਵੀ ਆਪਣਾ ਬਣਾ ਲਿਆ ।" - ਮਾਤਾ ਹੋਰਾਂ ਨੇ ਅੱਗੇ ਫਿਰ ਲੰਬਾ ਹਉਕਾ ਭਰਦਿਆਂ ਕਿਹਾ," ਪਤੀ ਦੀ ਮੌਤ ਉਪਰੰਤ ਮੇਰੇ ਪੁੱਤਰ ਮਦਨ ਲਾਲ ਨੇ ਕੰਮ ਸਾਂਭ ਲਿਆ। ਅਗਸਤ 2019 ’ਚ ਮੇਰਾ ਇਕਲੌਤਾ ਪੁੱਤਰ ਮਦਨ ਵੀ ਸਾਡਾ ਸਾਥ ਛੱਡ ਗਿਆ। ਉਪਰੋਂ ਕੰਮ ਵੀ ਮੰਦੀ ਦੀ ਸਿਖਰ ’ਤੇ ਐ। ਇਸ ਵਜਾ ਭਾਰੀ ਸਦਮੇ ’ਚ ਹਾਂ। ਭਲੇ ਸਦ ਗੁਣ ਨੂੰਹ ਰਾਣੀ, ਨੇਕਬਖਤ ਪੋਤਰੇ ਗੌਤਮ, ਦੀਪਕ ਅਤੇ ਤਾਲੀਮ ਯਾਫਤਾ ਪੋਤਰੀਆਂ ਬਹੁ ਪਿਆਰ ਦਿੰਦੀਆਂ ਅਤੇ ਲੈਂਦੀਆਂ ਨੇ ਪਰ 47 ਦੀ ਹਿਜਰਤ ਵਾਂਗ ਹਾਲੇ ਤੱਕ ਮੈਂ ਪਤੀ ਅਤੇ ਪੁੱਤਰ ਦੇ ਸਦਮੇ ’ਚੋਂ ਬਾਹਰ ਨਹੀਂ ਆ ਸਕੀ।"


rajwinder kaur

Content Editor

Related News