ਹੈਰੋਇਨ ਸਮੱਗਲਰਾਂ ਨੇ STF ਟੀਮ ''ਤੇ ਚੜ੍ਹਾਈ ਕਾਰ, ਪੁਲਸ ਫਾਇਰਿੰਗ ''ਚ ਨੌਜਵਾਨ ਦੀ ਮੌਤ
Friday, Dec 20, 2019 - 08:44 PM (IST)

ਮੋਗਾ, (ਆਜ਼ਾਦ)— ਜੀ. ਟੀ. ਰੋਡ ਮੋਗਾ 'ਤੇ ਐੱਸ. ਟੀ. ਐੱਫ. ਦੀ ਮੁਹਾਲੀ ਤੋਂ ਆਈ ਟੀਮ ਵਲੋਂ ਹੈਰੋਇਨ ਸਮੱਗਲਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਸਮੱਗਲਰਾਂ ਵੱਲੋਂ ਐੱਸ. ਟੀ. ਐੱਫ. ਦੀ ਟੀਮ 'ਤੇ ਕਾਰ ਚੜ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਨਾਕਾਬੰਦੀ 'ਤੇ ਮੌਜੂਦ ਇਕ ਐੱਸ. ਟੀ. ਐੱਫ. ਦੇ ਮੁਲਾਜ਼ਮ ਨੇ ਬਚਣ ਦੀ ਕੋਸ਼ਿਸ਼ 'ਚ ਏ. ਕੇ. 47 ਰਾਈਫਲ ਨਾਲ ਕਾਰ 'ਤੇ ਫਾਇਰਿੰਗ ਕਰ ਦਿੱਤੀ , ਜਿਸ ਨਾਲ ਇਕ ਨੌਜਵਾਨ ਜੋਬਨਪ੍ਰੀਤ ਸਿੰਘ (22) ਨਿਵਾਸੀ ਪਿੰਡ ਸੀਤੋਮੈਂ ਝੁੱਗੀਆਂ ਪੱਟੀ (ਤਰਨਤਾਰਨ) ਦੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਗੁਰਚੇਤ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਡੀ. ਐੱਮ. ਸੀ. ਲੁਧਿਆਣਾ 'ਚ ਦਾਖਲ ਕਰਵਾਇਆ ਗਿਆ ਚੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਕੀ ਹੈ ਸਾਰਾ ਮਾਮਲਾ
ਜਾਣਕਾਰੀ ਅਨੁਸਾਰ ਮਹਿਣਾ ਪੁਲਸ ਵਲੋਂ ਐੱਸ. ਟੀ. ਐੱਫ. ਮੁਹਾਲੀ ਦੇ ਸਿਪਾਹੀ ਅਮਰਜੀਤ ਰਾਮ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਉਸ ਨੇ ਦੱਸਿਆ ਕਿ ਬੀਤੇ ਦਿਨੀਂ ਸਬ-ਇੰਸਪੈਕਟਰ ਪਵਨ ਕੁਮਾਰ ਦੀ ਅਗਵਾਈ ਹੇਠ ਪੁਲਸ ਟੀਮ ਨਸ਼ਾ ਸਮੱਗਲਰਾਂ ਦੀ ਭਾਲ 'ਚ ਜਗਰਾਓਂ ਤੇ ਮੋਗਾ ਲਈ ਮੁਹਾਲੀ ਤੋਂ ਚੱਲੇ ਤਾਂ ਰਸਤੇ 'ਚ ਜਦ ਸਬ-ਇੰਸਪੈਕਟਰ ਪਵਨ ਕੁਮਾਰ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਕਾਰ ਸਵਾਰ ਸਮੱਗਲਰ ਮੋਗਾ ਇਲਾਕੇ 'ਚ ਹੈਰੋਇਨ ਸਪਲਾਈ ਕਰਨ ਲਈ ਆ ਰਹੇ ਹਨ। ਉਨਾਂ ਨੇ ਮਾਲਵਾ ਫੀਡ ਫੈਕਟਰੀ ਬੁੱਘੀਪੁਰਾ ਚੌਕ ਨੇੜੇ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਾਣਕਾਰੀ ਮਿਲੀ ਕਿ ਮੋਗਾ ਵੱਲੋਂ ਇਕ ਸਵਿਫਟ ਕਾਰ ਆ ਰਹੀ ਹੈ, ਜਿਸ ਨੂੰ ਐੱਸ. ਟੀ. ਐੱਫ. ਪੁਲਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਸ ਦੌਰਾਨ ਕਾਰ ਚਾਲਕ ਨੇ ਐੱਸ. ਟੀ. ਐੱਫ. ਪੁਲਸ ਪਾਰਟੀ ਨੂੰ ਕੁਚਲਣ ਦੀ ਕੋਸ਼ਿਸ਼ ਕਰਦੇ ਹੋਏ ਉਨ੍ਹਾਂ 'ਤੇ ਕਾਰ ਚੜ੍ਹਾਉਣ ਦਾ ਯਤਨ ਕੀਤਾ । ਜਾਨ ਬਚਾਉਣ ਦੀ ਕੋਸ਼ਿਸ਼ 'ਚ ਪੁਲਸ ਮੁਲਾਜ਼ਮ ਨੇ ਏ. ਕੇ. 47 ਰਾਈਫਲ ਨਾਲ ਕਾਰ 'ਤੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਕਾਰ ਸਵਾਰ ਲੜਕਿਆਂ ਨੇ ਆਪਣੀ ਕਾਰ ਨੂੰ ਮੋਗਾ ਵੱਲ ਭਜਾ ਲਿਆ ਤੇ ਉਹ ਵੀ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਦੀ ਭਾਲ 'ਚ ਨਿਕਲੇ ਪਰ ਉਨਾਂ ਨੂੰ ਕੋਈ ਸੁਰਾਗ ਨਹੀਂ ਮਿਲ ਸਕਿਆ, ਜਿਸ 'ਤੇ ਉਨਾਂ ਵਲੋਂ ਥਾਣਾ ਮਹਿਣਾ ਪੁਲਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।
ਜਾਣਕਾਰੀ ਦੇਣ ਤੋਂ ਬਚਦੇ ਰਹੇ ਪੁਲਸ ਅਧਿਕਾਰੀ
ਸਿਵਲ ਹਸਪਤਾਲ ਮੋਗਾ 'ਚ ਵੱਡੀ ਮਾਤਰਾ 'ਚ ਪੁਲਸ ਅਧਿਕਾਰੀ ਤਾਇਨਾਤ ਸਨ, ਜਿਸ 'ਚ ਸਿਟੀ ਡੀ. ਐੱਸ. ਪੀ. ਪਰਮਜੀਤ ਸਿੰਘ ਸੰਧੂ, ਧਰਮਕੋਟ ਦੇ ਡੀ. ਐੱਸ. ਪੀ. ਯਾਦਵਿੰਦਰ ਸਿੰਘ ਬਾਜਵਾ, ਥਾਣਾ ਮਹਿਣਾ ਦੇ ਇੰਸਪੈਕਟਰ ਦਿਲਬਾਗ ਸਿੰਘ, ਥਾਣਾ ਸਿਟੀ ਸਾਊਥ ਮੋਗਾ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਹੋਰ ਪੁਲਸ ਮੁਲਾਜ਼ਮ ਹਾਜ਼ਰ ਸਨ, ਜਦ ਉੱਚ ਅਧਿਕਾਰੀਆਂ ਤੋਂ ਪੱਤਰਕਾਰਾਂ ਨੇ ਜਾਣਕਾਰੀ ਲੈਣੀ ਚਾਹੀ ਤਾਂ ਕੋਈ ਜਾਣਕਾਰੀ ਨਹੀਂ ਦਿੱਤੀ। ਥਾਣਾ ਮਹਿਣਾ ਦੇ ਇੰਚਾਰਜ ਇੰਸਪੈਕਟਰ ਦਿਲਬਾਗ ਸਿੰਘ ਨਾਲ ਕਈ ਵਾਰ ਗੱਲਬਾਤ ਕੀਤੀ ਤਾਂ ਉਹ ਵੀ ਬਚਦੇ ਰਹੇ।
ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ
ਇਸ ਸਬੰਧੀ ਮਹਿਣਾ ਪੁਲਸ ਵਲੋਂ ਸਿਪਾਹੀ ਅਮਰਜੀਤ ਸਿੰਘ ਰਾਮ ਪੁੱਤਰ ਭੋਲਾ ਰਾਮ ਪੁਲਸ ਸਟੇਸ਼ਨ ਐੱਸ. ਟੀ. ਐੱਫ. ਚਾਰ ਫੇਸ ਮੁਹਾਲੀ ਐੱਸ. ਏ. ਐੱਸ. ਨਗਰ ਪੰਜਾਬ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਇੰਸਪੈਕਟਰ ਦਿਲਬਾਗ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਜ਼ਖਮੀ ਲੜਕਾ ਗੁਰਚੇਤ ਸਿੰਘ ਦੇ ਬਿਆਨ ਦਰਜ ਕਰਨ ਦੇ ਬਾਅਦ ਸਾਰੀ ਸੱਚਾਈ ਦਾ ਪਤਾ ਲੱਗ ਸਕੇਗਾ।