5 ਕਰੋੜ ਦੀ ਹੈਰੋਇਨ ਸਮੇਤ ਇਕ ਕਾਬੂ
Wednesday, Feb 05, 2020 - 03:01 PM (IST)
ਸੰਗਰੂਰ (ਹਰਜਿੰਦਰ) : ਐੱਸ. ਟੀ. ਐੱਫ. ਸੰਗਰੂਰ ਵੱਲੋਂ 5 ਕਰੋੜ ਦੀ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ 'ਚ ਸਫ਼ਲਤਾ ਮਿਲੀ ਹੈ ਜਦਕਿ 2 ਵਿਅਕਤੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਚੀਮਾ ਉਪ ਕਪਤਾਨ ਪੁਲਸ ਐੱਸ.ਟੀ.ਐੱਫ. ਪਟਿਆਲਾ ਰੇਂਜ ਨੇ ਦੱਸਿਆ ਕਿ ਮਿਤੀ ਮੰਗਲਵਾਰ ਨੂੰ ਐੱਸ. ਟੀ. ਐੱਫ. ਦੀ ਟੀਮ ਨਸ਼ਾ ਤਸਕਰਾਂ ਦੀ ਚੈਕਿੰਗ ਦੇ ਸਬੰਧ ਵਿਚ ਬੱਸ ਸਟੈਂਡ ਭਲਵਾਨ ਮੌਜੂਦ ਸੀ। ਇਸ ਦੌਰਾਨ ਮੁਖਬਰੀ ਮਿਲੀ ਕਿ ਹਰਮਿੰਦਰ ਸਿੰਘ ਪੁੱਤਰ ਲੇਟ ਪੂਰਨ ਸਿੰਘ ਵਾਸੀ ਮੁਹੱਲਾ ਰਾਮ ਸਿੰਘ ਨਊ ਨਾਭਾ ਰੋਡ ਭਾਦਸੋਂ, ਰਾਹੁਲ ਸਿੰਘ ਉਰਫ਼ ਬੱਬੂ ਪੁੱਤਰ ਪਾਲਾ ਸਿੰਘ ਵਾਸੀ ਵਾਰਡ ਨੰ. 9 ਭਾਦਸੋਂ ਅਤੇ ਸੁਖਦੇਵ ਸਿੰਘ ਉਰਫ਼ ਸੁੱਖੀ ਪੁੱਤਰ ਪ੍ਰੇਮ ਸਿੰਘ ਵਾਸੀ ਰੋਹਟੀ ਛੰਨਾ ਥਾਣਾ ਸਦਰ ਨਾਭਾ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਤੇ ਇਹ ਵਿਅਕਤੀ 3 ਫਰਵਰੀ ਨੂੰ ਵੱਖ-ਵੱਖ ਕਾਰਾਂ ਰਾਹੀਂ ਹੈਰੋਇਨ ਲੈਣ ਲਈ ਦਿੱਲੀ ਗਏ ਹੋਏ ਹਨ।
ਮੁਖਬਰੀ ਦੇ ਆਧਾਰ 'ਤੇ ਇੰਸਪੈਕਟਰ ਰਵਿੰਦਰ ਕੁਮਾਰ ਸਮੇਤ ਹੋਰ ਕਰਮਚਾਰੀਆਂ ਨੇ ਟੀ ਪੁਆਇੰਟ ਬਾਹੱਦ ਪਿੰਡ ਸਮੁੰਦਗੜ੍ਹ ਛੰਨਾ, ਛੀਟਾਂਵਾਲਾ ਬਾਂਗੜੀਆਂ ਰੋਡ 'ਤੇ ਨਾਕਾਬੰਦੀ ਕੀਤੀ ਤਾਂ ਪਿੰਡ ਛੀਟਾਂਵਾਲਾ ਵਾਲੇ ਪਾਸੇ ਤੋਂ ਇਕ ਸਫਿਵਟ ਡਿਜ਼ਾਇਰ ਕਾਰ ਆਉਂਦੀ ਦਿਖਾਈ ਦਿੱਤੀ ਜਿਸ ਨੂੰ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਕਾਰ ਬੈਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਕਾਰ ਵਿਚ ਸਵਾਰ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਕਾਰ ਚਾਲਕ ਹਰਮਿੰਦਰ ਸਿੰਘ ਦੇ ਲੱਕ ਨਾਲ ਬੰਨੇ ਪਰਨੇ ਵਿਚੋਂ ਮੋਮੀ ਕਾਗਜ ਵਿਚ ਲਪੇਟੀ 1 ਕਿਲੋ 20 ਗ੍ਰਾਮ ਹੈਰੋਇਨ ਬਰਾਮਦ ਹੋਈ।
ਦਿੱਲੀ ਤੋਂ ਨਾਈਜੀਰੀਅਨ ਤੋਂ ਲਿਆ ਕੇ ਕਰਦੇ ਸੀ ਸਪਲਾਈ
ਮਿਲੀ ਜਾਣਕਾਰੀ ਮੁਤਾਬਕ ਕਥਿਤ ਦੋਸ਼ੀ ਨੇ ਆਪਣੇ ਰਿਸ਼ਤੇਦਾਰ ਰਾਹੁਲ ਸਿੰਘ ਤੇ ਸੁਖਦੇਵ ਸਿੰਘ ਨਾਲ ਮਿਲ ਕੇ ਇਹ ਹੈਰੋਇਨ ਦਿੱਲੀ ਤੋਂ ਨਾਈਜੀਰੀਅਨ ਤੋਂ ਲਿਆ ਕੇ ਅੱਗੇ ਸਪਲਾਈ ਕਰਦਾ ਸੀ।