ਕਰੋੜਾਂ ਦੀ ਹੈਰੋਇਨ ਸਣੇ 2 ਅੰਤਰਰਾਜੀ ਸਮੱਗਲਰ ਗ੍ਰਿਫਤਾਰ

Friday, Sep 20, 2019 - 06:44 PM (IST)

ਕਰੋੜਾਂ ਦੀ ਹੈਰੋਇਨ ਸਣੇ 2 ਅੰਤਰਰਾਜੀ ਸਮੱਗਲਰ ਗ੍ਰਿਫਤਾਰ

ਅੰਮ੍ਰਿਤਸਰ (ਅਰੁਣ) : ਜ਼ਿਲਾ ਦਿਹਾਤੀ ਅੰਮ੍ਰਿਤਸਰ ਦੀ ਪੁਲਸ ਨੇ ਨਾਕਾਬੰਦੀ ਦੌਰਾਨ 2 ਅੰਤਰਰਾਜੀ ਹੈਰੋਇਨ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੋਟਰਸਾਈਕਲ ਸਵਾਰ ਸਮੱਗਲਰਾਂ ਦੇ ਕਬਜ਼ੇ 'ਚੋਂ 1 ਕਿਲੋ 275 ਗ੍ਰਾਮ ਹੈਰੋਇਨ, ਜਿਸ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ ਕਰੀਬ ਸਾਢੇ 6 ਕਰੋੜ ਰੁਪਏ ਦੱਸੀ ਜਾਂਦੀ ਹੈ, ਬਰਾਮਦ ਕਰਨ ਤੋਂ ਇਲਾਵਾ ਮੁਲਜ਼ਮਾਂ ਵੱਲੋਂ ਸੈਨਾ ਦੇ ਇਲਾਕੇ ਨੇੜੇ ਇਕ ਰੁੱਖ ਹੇਠਾਂ ਦਬਾ ਕੇ ਰੱਖਿਆ ਪਿਸਟਲ ਤੇ ਕਾਰਤੂਸ ਵੀ ਬਰਾਮਦ ਕੀਤੇ ਗਏ।

ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਜ਼ਿਲਾ ਦਿਹਾਤੀ ਪੁਲਸ ਮੁਖੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਅਜਨਾਲਾ ਪੁਲਸ ਨੂੰ ਇਹ ਇਤਲਾਹ ਮਿਲੀ ਸੀ ਕਿ 2 ਬਾਈਕ ਸਵਾਰ ਹੈਰੋਇਨ ਦੀ ਖੇਪ ਦਾ ਲੈਣ-ਦੇਣ ਕਰਨ ਆ ਰਹੇ ਹਨ। ਪੁਲ ਸੂਆ ਬੋਤਲੀਆਂ ਨੇੜੇ ਪੁਲਸ ਪਾਰਟੀ ਵੱਲੋਂ ਕੀਤੀ ਨਾਕੇਬੰਦੀ ਦੌਰਾਨ 2 ਸ਼ੱਕੀ ਬਾਈਕ ਸਵਾਰਾਂ ਨੂੰ ਰੋਕਿਆ ਗਿਆ, ਤਲਾਸ਼ੀ ਦੌਰਾਨ ਸੁਖਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਕੋਲੋਂ 1 ਕਿਲੋ ਹੈਰੋਇਨ ਤੇ ਉਸ ਦੇ ਸਾਥੀ ਨਿਰਭੈਲ ਸਿੰਘ ਭੈਲਾ ਪੁੱਤਰ ਮੁਖਤਾਰ ਸਿੰਘ ਵਾਸੀ ਦਾਊਕੇ ਕੋਲੋਂ 275 ਗ੍ਰਾਮ ਹੈਰੋਇਨ ਬਰਾਮਦ ਹੋਈ।

ਐੱਸ. ਐੱਸ. ਪੀ. ਦਿਹਾਤੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਛਾਪੇਮਾਰੀ ਕਰਦਿਆਂ ਉਨ੍ਹਾਂ ਵੱਲੋਂ ਘਰਿੰਡਾ ਦੇ ਸੈਨਿਕ ਖੇਤਰ ਨੇੜੇ ਇਕ ਕਿੱਕਰ ਦੇ ਰੁੱਖ ਹੇਠਾਂ ਦਬਾ ਕੇ ਰੱਖਿਆ 30 ਬੋਰ ਦਾ ਪਿਸਟਲ ਤੇ ਉਸ ਦੇ 8 ਕਾਰਤੂਸ ਵੀ ਪੁਲਸ ਨੇ ਬਰਾਮਦ ਕੀਤੇ। ਦੋਵਾਂ ਮੁਲਜ਼ਮਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤੋਂ ਇਲਾਵਾ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਕੇ ਪੁਲਸ ਮੁੱਢਲੀ ਪੁੱਛਗਿੱਛ ਕਰ ਰਹੀ ਹੈ।


author

Gurminder Singh

Content Editor

Related News