DC ਦਫ਼ਤਰ ਕੰਮਕਾਰ ਲਈ ਆਉਣ ਵਾਲੇ ਲੋਕਾਂ ਲਈ ਰਿਸੈਪਸ਼ਨ-ਕਮ-ਹੈਲਪ ਡੈਸਕ ਸਥਾਪਿਤ

Saturday, Jun 22, 2024 - 11:44 AM (IST)

ਫਾਜ਼ਿਲਕਾ (ਨਾਗਪਾਲ) : ਡਿਪਟੀ ਕਮਿਸ਼ਨਰ ਦਫ਼ਤਰ ’ਚ ਆਪਣੇ ਕੰਮਾਂ ਲਈ ਆਉਣ ਵਾਲੇ ਆਮ ਲੋਕਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਹਿਲੀ ਮੰਜ਼ਿਲ ’ਤੇ ਮੁੱਖ ਦੁਆਰ ਦੇ ਨਾਲ ਹੀ ਇਕ ਰਿਸੈਪਸ਼ਨ-ਕਮ-ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਡੀ. ਏ. ਸੀ. ’ਚ ਸਥਿਤ ਵੱਖ-ਵੱਖ ਦਫ਼ਤਰਾਂ ’ਚ ਆਉਣ ਵਾਲੇ ਆਮ ਲੋਕਾਂ ਨੂੰ ਪਾਰਦਰਸ਼ੀ, ਜਵਾਬਦੇਹ ਅਤੇ ਪ੍ਰਭਾਵੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਇਕ ਰਿਸੈਪਸ਼ਨ-ਕਮ-ਹੈਲਪ ਡੈਸਕ ਜੋ ਕਿ ਸਾਰੇ ਕੰਮਕਾਜੀ ਦਿਨਾਂ ਦੌਰਾਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਕੰਮ ਕਰੇਗਾ।

ਲੋਕਾਂ ਨੂੰ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਉਨ੍ਹਾਂ ਦੇ ਕੰਮਾਂ ’ਚ ਸਹਾਇਤਾ ਕਰਨ ਦੇ ਮਕਸਦ ਨਾਲ ਚੁੱਕਿਆ ਇਹ ਕਦਮ ਲੋਕਾਂ ਲਈ ਸਹਾਈ ਹੋਵੇਗਾ। ਇਸ ਮਦਦ ਕੇਂਦਰ ’ਤੇ ਕੰਮਾਂ ਲਈ ਆਉਣ ਵਾਲੇ ਲੋਕਾਂ ਦੀ ਪੂਰੀ ਗੱਲ ਸੁਣਕੇ ਉਨ੍ਹਾਂ ਨੂੰ ਸਬੰਧਤ ਦਫ਼ਤਰ ਤੱਕ ਜਾਣ ਲਈ ਸਹਿਯੋਗ ਦਿੱਤਾ ਜਾਵੇਗਾ। ਡੈਸਕ ਟੀਮ ਦੇ ਮੈਂਬਰ ਆਮ ਲੋਕਾਂ ਨੂੰ ਅਧਿਕਾਰੀ ਦੇ ਨਾਂ ਅਤੇ ਜਿਸ ਮੰਜ਼ਿਲ ’ਤੇ ਦਫ਼ਤਰ ਸਥਿਤ ਹੈ, ਬਾਰੇ ਵੀ ਜਾਣੂੰ ਕਰਵਾਉਣਗੇ ਤਾਂ ਜੋ ਲੋਕ ਸਬੰਧਿਤ ਦਫ਼ਤਰ ਦੀ ਭਾਲ ਲਈ ਇੱਧਰ-ਉਧਰ ਨਾ ਜਾਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਲਈ ਪਾਬੰਦ ਹੈ ਕਿ ਕਿਸੇ ਨੂੰ ਵੀ ਸਰਕਾਰੀ ਦਫ਼ਤਰਾਂ ’ਚ ਆਉਣ-ਜਾਣ ਸਮੇਂ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਇਸ ਰਿਸੈਪਸ਼ਨ-ਕਮ-ਹੈਲਪ ਡੈਸਕ ’ਤੇ ਆਉਣ ਵਾਲੇ ਪੀ. ਡਬਲਯੂ. ਡੀ. ਵਿਅਕਤੀਆਂ ਲਈ ਵਲੰਟੀਅਰ ਸਮੇਤ ਵਹੀਲਚੇਅਰ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ।


Babita

Content Editor

Related News