ਸਿਹਤ ਵਿਭਾਗ ਪੀ. ਐੱਨ. ਡੀ. ਟੀ. ਐਕਟ ਦੀਆਂ ਉਡਾ ਰਿਹੈ ਧੱਜੀਆਂ

Saturday, Mar 31, 2018 - 06:45 AM (IST)

ਸਿਹਤ ਵਿਭਾਗ ਪੀ. ਐੱਨ. ਡੀ. ਟੀ. ਐਕਟ ਦੀਆਂ ਉਡਾ ਰਿਹੈ ਧੱਜੀਆਂ

ਅੰਮ੍ਰਿਤਸਰ(ਦਲਜੀਤ)- ਸਿਹਤ ਵਿਭਾਗ ਪੀ. ਐੱਨ. ਡੀ. ਟੀ. ਐਕਟ ਦੀਆਂ ਖੁਦ ਧੱਜੀਆਂ ਉਡਾ ਰਿਹਾ ਹੈ। ਵਿਭਾਗ ਵੱਲੋਂ ਐਕਟ ਤਹਿਤ ਜ਼ਿਲਾ ਅੰਮ੍ਰਿਤਸਰ ਦੇ ਅਲਰਾਸਾਊਂਡ ਸੈਂਟਰਾਂ ਦੀ ਚੈਕਿੰਗ ਲਈ ਗਠਿਤ ਕੀਤੀਆਂ ਗਈਆਂ ਟੀਮਾਂ ਵਿਚ ਸੀਨੀਅਰ ਅਧਿਕਾਰੀਆਂ ਨੂੰ ਨਾ ਲਾ ਕੇ ਮੈਡੀਕਲ ਅਫਸਰ ਤਾਇਨਾਤ ਕੀਤੇ ਗਏ ਹਨ। ਸੀਨੀਅਰ ਅਧਿਕਾਰੀ ਟੀਮ ਵਿਚ ਨਾ ਹੋਣ ਕਾਰਨ ਮੈਡੀਕਲ ਅਫਸਰ ਆਪਣੇ ਪੱਧਰ 'ਤੇ ਹੀ ਸੈਂਟਰਾਂ ਦੀ ਜਾਂਚ ਕਰ ਕੇ ਰਿਪੋਰਟਾਂ ਤਿਆਰ ਕਰ ਰਹੇ ਹਨ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਭਰੂਣ ਹੱਤਿਆ 'ਤੇ ਰੋਕ ਲਾਉਣ ਅਤੇ ਅਲਰਾਸਾਊਂਡ ਸੈਂਟਰਾਂ 'ਤੇ ਨਜ਼ਰ ਰੱਖਣ ਲਈ ਪੀ. ਐੱਨ. ਡੀ. ਟੀ. ਐਕਟ ਅਮਲ ਵਿਚ ਲਿਆਂਦਾ ਗਿਆ ਹੈ। ਪੰਜਾਬ ਸਰਕਾਰ ਵੀ ਉਕਤ ਐਕਟ ਤਹਿਤ ਸਖਤੀ ਨਾਲ ਕਾਰਵਾਈ ਕਰਨ ਲਈ ਕੰਮ ਕਰ ਰਹੀ ਹੈ। ਐਕਟ ਅਨੁਸਾਰ ਅਲਰਾਸਾਊਂਡ ਸੈਂਟਰਾਂ ਦੀ ਚੈਕਿੰਗ ਲਈ ਗਠਿਤ ਕੀਤੀਆਂ ਜਾਣ ਵਾਲੀਆਂ ਟੀਮਾਂ ਵਿਚ ਇਕ ਸੀਨੀਅਰ ਮੈਡੀਕਲ ਅਫਸਰ, ਇਕ ਫੀਮੇਲ ਮੈਡੀਕਲ ਅਫਸਰ ਤੇ ਇਕ ਕਲਰਕ ਸ਼ਾਮਲ ਹੋਣਾ ਚਾਹੀਦਾ ਹੈ, ਜਦ ਕਿ ਜ਼ਿਲਾ ਅੰਮ੍ਰਿਤਸਰ ਵਿਚ ਸੀਨੀਅਰ ਮੈਡੀਕਲ ਅਫਸਰ ਨੂੰ ਟੀਮ ਵਿਚ ਸ਼ਾਮਲ ਨਾ ਕਰ ਕੇ ਮੈਡੀਕਲ ਅਫਸਰ ਪਾਸੋਂ ਹੀ ਕੰਮ ਕਰਵਾਇਆ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਮੈਡੀਕਲ ਅਫਸਰ ਨੂੰ ਸਰਕਾਰੀ ਮੈਡੀਕਲ ਕਾਲਜ, ਸਰਕਾਰੀ ਈ. ਐੱਸ. ਆਈ. ਹਸਪਤਾਲ ਅਤੇ ਹੋਰ ਮਹੱਤਵਪੂਰਨ ਅਲਰਾਸਾਊਂਡ ਸੈਂਟਰਾਂ ਦੀ ਚੈਕਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਪਹਿਲਾਂ ਉਕਤ ਹਸਪਤਾਲਾਂ ਜਾਂ ਸੈਂਟਰਾਂ ਦੀ ਚੈਕਿੰਗ ਸਿਵਲ ਸਰਜਨ ਦਫਤਰ ਵਿਖੇ ਤਾਇਨਾਤ ਸੀਨੀਅਰ ਅਧਿਕਾਰੀ ਡਾ. ਆਰ. ਐੱਸ. ਸੇਠੀ ਦੀ ਅਗਵਾਈ ਵਾਲੀ ਟੀਮ ਵੱਲੋਂ ਕੀਤੀ ਜਾਂਦੀ ਸੀ ਪਰ ਅਚਾਨਕ ਹੀ ਸੀਨੀਅਰ ਅਧਿਕਾਰੀਆਂ ਨੂੰ ਨਜ਼ਰਅੰਦਾਜ਼ ਕਰ ਕੇ ਜੂਨੀਅਰ ਤੋਂ ਕੰਮ ਲਿਆ ਜਾਣ ਲੱਗਾ।
ਜ਼ਿਲੇ 'ਚ 160 ਹਨ ਅਲਰਾਸਾਊਂਡ ਸੈਂਟਰ
ਜ਼ਿਲੇ 'ਚ 160 ਅਲਰਾਸਾਊਂਡ ਸੈਂਟਰ ਹਨ। ਨਿਯਮਾਂ ਅਨੁਸਾਰ ਸਾਲ ਵਿਚ 2 ਵਾਰ ਹਰੇਕ ਅਲਰਾਸਾਊਂਡ ਸੈਂਟਰ ਦੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਚੈਕਿੰਗ ਕਰਨੀ ਹੁੰਦੀ ਹੈ ਤਾਂ ਕਿ ਸੈਂਟਰਾਂ ਵੱਲੋਂ ਕੀਤੇ ਜਾ ਰਹੇ ਟੈਸਟਾਂ ਦੀ ਸਮੇਂ-ਸਮੇਂ 'ਤੇ ਸਮੀਖਿਆ ਕੀਤੀ ਜਾ ਸਕੇ। ਮਹੀਨੇ ਵਿਚ ਕਰੀਬ 50 ਅਲਰਾਸਾਊਂਡ ਸੈਂਟਰਾਂ ਦੀ ਹਾਲਤ ਵਿਚ ਜ਼ਿਲਾ ਸਿਵਲ ਸਰਜਨ ਦਫਤਰ ਵੱਲੋਂ ਚੈਕਿੰਗ ਕਰਨੀ ਹੁੰਦੀ ਹੈ। ਉਕਤ ਸੈਂਟਰਾਂ ਦੀ ਜ਼ਿੰਮੇਵਾਰੀ ਪਿਛਲੇ ਕਈ ਸਾਲਾਂ ਤੋਂ ਸੀਨੀਅਰ ਮੈਡੀਕਲ ਅਫਸਰਾਂ ਨੂੰ ਦਿੱਤੀ ਗਈ ਹੈ, ਜਦਕਿ ਹੁਣ ਮੈਡੀਕਲ ਅਫਸਰਾਂ ਪਾਸੋਂ ਚੈਕਿੰਗ ਕਰਵਾਈ ਜਾ ਰਹੀ ਹੈ।
ਸਿਵਲ ਸਰਜਨ ਐਕਟ ਦੇ ਹਨ ਇੰਚਾਰਜ
ਪੀ. ਐੱਨ. ਡੀ. ਟੀ. ਐਕਟ ਦੇ ਜ਼ਿਲਾ ਪੱਧਰ 'ਤੇ ਸਿਵਲ ਸਰਜਨ ਇੰਚਾਰਜ ਹੁੰਦੇ ਹਨ, ਜਦਕਿ ਜ਼ਿਲਾ ਪਰਿਵਾਰ ਅਤੇ ਭਲਾਈ ਅਫਸਰ ਐਕਟ ਦੇ ਨੋਡਲ ਅਫਸਰ ਹੁੰਦੇ ਹਨ। ਨੋਡਲ ਅਫਸਰ ਹੀ ਉਕਤ ਕੰਮ ਸਬੰਧੀ ਜ਼ਿਆਦਾਤਰ ਜ਼ਿੰਮੇਵਾਰ ਹੁੰਦੇ ਹਨ। ਅੰਮ੍ਰਿਤਸਰ ਦੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਸੁਖਪਾਲ ਸਿੰਘ ਹਨ। ਸਿਵਲ ਸਰਜਨ ਦੇ ਅਹੁਦੇ 'ਤੇ ਤਾਇਨਾਤ ਡਾ. ਹਰਦੀਪ ਸਿੰਘ ਘਈ ਨੂੰ ਚਾਰਜ ਸੰਭਾਲਿਆ ਅਜੇ ਕੁਝ ਹੀ ਸਮਾਂ ਹੋਇਆ ਹੈ, ਜਦ ਕਿ ਡਾ. ਸੁਖਪਾਲ ਸਿੰਘ ਪਿਛਲੇ ਲੰਬੇ ਸਮੇਂ ਤੋਂ ਉਕਤ ਅਹੁਦੇ 'ਤੇ ਤਾਇਨਾਤ ਹਨ। ਸੂਤਰ ਦੱਸਦੇ ਹਨ ਕਿ ਡਾ. ਸੁਖਪਾਲ ਨੂੰ ਗਠਿਤ ਕੀਤੀਆਂ ਗਈਆਂ ਚੈਕਿੰਗ ਟੀਮਾਂ ਦੀ ਸੰਖੇਪ ਜਾਣਕਾਰੀ ਹਾਸਲ ਹੈ।


Related News