ਹਰਿਆਣਾ ਕਮੇਟੀ ਪ੍ਰਧਾਨ ਝੀਂਡਾ ਰੱਜ ਕੇ ਕਰ ਰਿਹਾ ਗੁਰੂ ਕੀ ਗੋਲਕ ਦੀ ਦੁਰਵਰਤੋਂ: ਜਥੇ. ਮੰਡੇਬਰ

Saturday, Aug 30, 2025 - 11:48 PM (IST)

ਹਰਿਆਣਾ ਕਮੇਟੀ ਪ੍ਰਧਾਨ ਝੀਂਡਾ ਰੱਜ ਕੇ ਕਰ ਰਿਹਾ ਗੁਰੂ ਕੀ ਗੋਲਕ ਦੀ ਦੁਰਵਰਤੋਂ: ਜਥੇ. ਮੰਡੇਬਰ

ਚੰਡੀਗੜ੍ਹ - ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰਾਂ ਅਤੇ ਸਿੱਖ ਸੰਗਤਾਂ ਵਿਚੋਂ ਆਪਣਾ ਭਰੋਸਾ ਗਵਾ ਚੁੱਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅੱਜ ਕੱਲ ਗੁਰੂ ਕੀ ਗੋਲਕ ਦੀ ਰੱਜ ਕੇ ਦੁਰਵਰਤੋਂ ਕਰ ਰਿਹਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਮੀਡੀਆ ਨਾਲ ਇਕ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆਂ ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ ਸਾਬਕਾ ਜਨਰਲ ਸਕੱਤਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ।

ਜਥੇਦਾਰ ਮੰਡੇਬਰ ਨੇ ਦੱਸਿਆ ਕੇ ਜਗਦੀਸ਼ ਸਿੰਘ ਝੀਂਡਾ ਆਪਣਾ 73ਵਾਂ ਜਨਮਦਿਨ 5 ਸਤੰਬਰ ਨੂੰ ਆਪਣੇ ਪਿੰਡ ਝੀਂਡਾ ਵਿੱਚ ਮਨਾ ਰਿਹਾ ਹੈ, ਜਿਸ ਦੇ ਸੱਦਾ ਪੱਤਰ ਵੰਡਣ ਲਈ ਗੁਰੂ ਕੀ ਗੋਲਕ ਵਿਚੋਂ ਪੈਸੇ ਖਰਚ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੱਡੀਆਂ ਉੱਪਰ ਕਮੇਟੀ ਦੇ ਮੁਲਾਜ਼ਮ ਪਿੰਡਾਂ ਵਿਚ ਵੰਡ ਰਹੇ ਹਨ, ਜੋ ਕੇ ਸਿੱਧੇ ਤੌਰ ’ਤੇ ਗੁਰੂ ਕੀ ਗੋਲਕ ਦੀ ਦੁਰਵਰਤੋਂ ਹੈ।

ਜਥੇਦਾਰ ਮੰਡੇਬਰ ਨੇ ਕਿਹਾ ਕੇ ਪਹਿਲੀ ਗੱਲ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਦਾ ਸਾਲ ਚੱਲ ਰਿਹਾ ਹੈ, ਦੂਸਰਾ ਹਰਿਆਣਾ ਪੰਜਾਬ ਵਿਚ ਹੜਾਂ ਦੀ ਮਾਰ ਨਾਲ ਲੋਕ ਘਰੋਂ ਬੇਘਰ ਹੋ ਰਹੇ ਹਨ। ਪੀੜਤ ਪਰਿਵਾਰਾਂ ਕੋਲ ਪੁੱਜਣ ਦੀ ਬਜਾਏ ਝੀਂਡਾ ਸਰਕਾਰੀ ਦਫਤਰਾਂ ਵਿਚ ਲੀਡਰਾਂ ਅਤੇ ਅਫਸਰਾਂ ਨੂੰ ਆਪਣੇ ਜਨਮਦਿਨ ਦੇ ਸੱਦਾ ਪੱਤਰ ਵੰਡਦਾ ਫਿਰ ਰਿਹਾ ਹੈ। ਉਨ੍ਹਾਂ ਕਿਹਾ ਕੇ ਇਹ ਤਾਂ ਉਹ ਕਹਾਵਤ ਬਣਦੀ ਹੈ ਕਿ ‘ਰੋਮ ਜਲ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ’।

ਜਥੇਦਾਰ ਮੰਡੇਬਰ ਨੇ ਕਿਹਾ ਕੇ 5 ਸਤੰਬਰ ਨੂੰ ਝੀਂਡੇ ਦੇ ਨਿੱਜੀ ਪ੍ਰੋਗਰਾਮ ’ਚ ਪੁੱਜਣ ਵਾਲੇ ਕਮੇਟੀ ਮੁਲਾਜ਼ਮਾਂ ’ਤੇ ਵੀ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਝੀਂਡਾ ਦੀ ਨਾਲਾਇਕੀ ਕਾਰਨ ਦਫ਼ਤਰ ਦਾ ਪ੍ਰਬੰਧ ਬੁਰੀ ਤਰਾਂ ਨਾਲ ਫੇਲ ਹੋ ਚੁੱਕਾ ਹੈ। ਦੂਜਿਆਂ ਨੂੰ ਭਾਜਪਾ ਦੇ ਏਜੰਟ ਕਹਿਣ ਵਾਲਾ ਝੀਂਡਾ ਅੱਜ ਸਵੇਰੇ, ਦੁਪਹਿਰੇ ਤੇ ਸ਼ਾਮ ਭਾਜਪਾ ਲੀਡਰਾਂ ਤੇ ਅਫਸਰਾਂ ਕੋਲ ਆਪਣੀ ਪ੍ਰਧਾਨਗੀ ਬਚਾਉਣ ਵਾਸਤੇ ਲੇਲੜੀਆਂ ਕੱਢਦਾ ਫਿਰਦਾ ਰਿਹਾ ਹੈ। ਜਥੇਦਾਰ ਮੰਡੇਬਰ ਨੇ ਕਿਹਾ ਕੇ ਆਉਣ ਵਾਲੇ ਸਮੇਂ ਵਿਚ ਪ੍ਰਧਾਨ ਝੀਂਡਾ ਤੋਂ ਗੁਰੂ ਕੀ ਗੋਲਕ ਦੀ ਦੁਰਵਰਤੋਂ ਦੀ ਪਾਈ-ਪਾਈ ਦਾ ਹਿਸਾਬ ਲਿਆ ਜਾਵੇਗਾ।


author

Inder Prajapati

Content Editor

Related News