ਮੁਆਵਜ਼ੇ ਨਾਲ ਸ਼ਹੀਦ ਮਾਵਾਂ ਦੇ ਪੁੱਤ ਵਾਪਸ ਨਹੀਂ ਆਉਣਗੇ: ਹਰਸਿਮਰਤ ਕੌਰ
Saturday, Feb 16, 2019 - 05:29 PM (IST)
ਮੋਗਾ (ਵਿਪਨ, ਅਮਿਤ ਸ਼ਰਮਾ)— ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਅੱਤਵਾਦੀਆਂ ਵਲੋਂ ਸੀ.ਆਰ.ਪੀ.ਐੱਫ ਦੇ ਜਵਾਨਾਂ 'ਤੇ ਕੀਤੇ ਗਏ ਫਿਦਾਇਨ ਹਮਲੇ 'ਚ ਸ਼ਹੀਦ ਹੋਏ ਪੰਜਾਬ ਦੇ 4 ਜਵਾਨਾਂ 'ਚ ਇਕ ਸੈਨਿਕ ਮੋਗਾ ਕੋਟ ਈਸੇ ਖਾਂ ਦੇ ਪਿੰਡ ਘਲੋਟੀ ਖੁਰਦ ਦਾ ਰਹਿਣ ਵਾਲਾ ਸੀ। ਸ਼ਹੀਦ ਜੈਮਲ ਸਿੰਘ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਪਿੰਡ 'ਚ ਸਰਕਾਰੀ ਸਨਮਾਨ ਨਾਲ ਕੀਤਾ ਗਿਆ। ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹੋਰ ਵੀ ਕਈ ਲੀਡਰ ਮੌਜੂਦ ਰਹੇ। ਸ਼ਹੀਦ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 'ਮੁਆਵਜ਼ੇ ਨਾਲ ਸ਼ਹੀਦ ਮਾਵਾਂ ਦੇ ਪੁੱਤਰ ਵਾਪਸ ਨਹੀਂ ਆਉਣਗੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਫੌਜੀਆਂ ਨੂੰ ਹਰ ਐਕਸ਼ਨ ਲਈ ਖੁੱਲੀ ਛੋਟ ਹੈ।
ਜਾਣਕਾਰੀ ਮੁਤਾਬਕ ਸ਼ਹੀਦ ਜੈਮਲ ਸਿੰਘ ਦੇ ਪਿਤਾ ਨੇ ਉਸ ਦੀ ਸ਼ਹਾਦਤ 'ਤੇ ਸਲਾਮ ਕੀਤਾ ਅਤੇ ਕਿਹਾ ਕਿ ਜਿੰਨੇ ਵੀ ਜਵਾਨ ਸ਼ਹੀਦ ਹੋਏ ਹਨ। ਉਨ੍ਹਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਣੀ ਚਾਹੀਦੀ। ਪਾਕਿਸਤਾਨ ਨੂੰ ਇਸ ਦਾ ਮੂੰਹਤੋੜ ਜਵਾਬ ਦੇਣਾ ਚਾਹੀਦਾ। ਇਸ ਮੌਕੇ 'ਤੇ ਸ਼ਹੀਦ ਦੇ ਪਿਤਾ ਜਸਵੰਤ ਸਿੰਘ ਨੇ ਕਿਹਾ ਕਿ ਉਹ ਇਕ ਮਹੀਨਾ ਪਹਿਲਾਂ ਹੀ ਛੁੱਟੀ 'ਤੇ ਆਇਆ ਸੀ ਅਤੇ ਵਿਆਹ 'ਚ ਆਪਣੇ ਪਰਿਵਾਰ ਨੂੰ ਮਿਲ ਕੇ ਗਿਆ। ਇਸ ਦੀ ਪਤਨੀ ਅਤੇ ਬੇਟਾ ਜਲੰਧਰ 'ਚ ਰਹਿੰਦੇ ਹਨ ਅਤੇ ਇਸ ਦੁੱਖ ਦੇ ਸਮੇਂ 'ਚ ਹਰ ਕੋਈ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਵੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਾਕਿਸਤਾਨ ਦੀ ਨਾਪਾਕ ਹਰਕਤ ਦਾ ਉਸ ਨੂੰ ਜਲਦ ਹੀ ਮੂੰਹਤੋੜ ਜਵਾਬ ਦਿੱਤਾ ਜਾਵੇ ਤਾਂਕਿ ਪਾਕਿਸਤਾਨ ਫਿਰ ਇਸ ਤਰ੍ਹਾਂ ਦੀ ਹਰਕਤ ਕਰਨ ਤੋਂ ਗੁਰੇਜ ਕਰੇ।