550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ''ਤੇ : ਹਰਸਿਮਰਤ
Monday, Aug 05, 2019 - 10:23 AM (IST)

ਚੰਡੀਗੜ੍ਹ (ਅਸ਼ਵਨੀ) : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸ਼ਾਨਦਾਰ ਢੰਗ ਨਾਲ ਮਨਾਉਣ ਲਈ ਕੀਤੇ ਜਾ ਰਹੇ ਜਸ਼ਨਾਂ ਦੀਆਂ ਤਿਆਰੀਆਂ ਆਪਣੇ ਆਖਰੀ ਪੜਾਅ 'ਚ ਪਹੁੰਚ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 321 ਕਰੋੜ ਰੁਪਏ ਦੀ ਲਾਗਤ ਵਾਲੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ, ਵਿਦੇਸ਼ਾਂ 'ਚ ਗੁਰੂ ਸਾਹਿਬ ਦੇ ਨਾਂ 'ਤੇ ਚੇਅਰਾਂ ਸਥਾਪਤ ਕਰਨ ਦੀਆਂ ਯੋਜਨਾਵਾਂ, ਸੈਮੀਨਾਰਾਂ, ਅੰਤਰ-ਧਰਮ ਅਧਿਐਨ ਲਈ ਕੇਂਦਰ ਦੀ ਸਥਾਪਨਾ, ਯਾਦਗਾਰੀ ਸਿੱਕੇ ਅਤੇ ਡਾਕ ਟਿਕਟਾਂ ਜਾਰੀ ਕਰਨ ਸਬੰਧੀ ਯੋਜਨਾਵਾਂ 'ਤੇ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ। ਸ੍ਰੀ
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਸਬੰਧੀ ਬਣਾਈ ਰਾਸ਼ਟਰੀ ਤਾਮੀਲ ਕਮੇਟੀ (ਐੱਨ.ਆਈ.ਸੀ.) ਦੇ ਇੰਚਾਰਜ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਮਗਰੋਂ ਵੇਰਵੇ ਸਾਂਝੇ ਕਰਦਿਆਂ ਹਰਸਿਮਰਤ ਨੇ ਕਿਹਾ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਜਸ਼ਨਾਂ ਨੂੰ ਯਾਦਗਾਰੀ ਬਣਾਉਣ ਲਈ ਸ਼ੁਰੂ ਕੀਤੇ ਸਾਰੇ ਪ੍ਰਾਜੈਕਟਾਂ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਹਰਸਿਮਰਤ ਨੇ ਕਿਹਾ ਕਿ ਐੱਨ.ਆਈ.ਸੀ. ਮੁਖੀ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਵਲੋਂ ਸੁਲਤਾਨਪੁਰ ਲੋਧੀ ਵਿਖੇ ਇਕ ਵਿਰਾਸਤੀ ਕੰਪਲੈਕਸ ਬਣਾਇਆ ਜਾ ਰਿਹਾ ਹੈ ਅਤੇ ਇਸੇ ਪ੍ਰਾਜੈਕਟ ਤਹਿਤ ਮੰਤਰਾਲੇ ਵਲੋਂ 321 ਕਰੋੜ ਰੁਪਏ ਦੀ ਲਾਗਤ ਨਾਲ 'ਪਿੰਡ ਬਾਬੇ ਨਾਨਕ ਦਾ' ਵੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦਾ ਆਧੁਨਿਕੀਕਰਨ ਕਰਦਿਆਂ ਉਥੇ ਯਾਤਰੀਆਂ ਲਈ ਸਹੂਲਤਾਂ ਅਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਹਫ਼ਤੇ 'ਚ 3 ਵਾਰ ਸੁਲਤਾਨਪੁਰ ਲੋਧੀ 'ਚੋਂ ਹੋ ਕੇ ਲੰਘਿਆ ਕਰੇਗੀ। ਕੇਂਦਰੀ ਮੰਤਰੀ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਰੇਲਵੇ ਦੇ ਚੱਲ ਰਹੇ ਕੰਮਾਂ ਦੀ ਨਜ਼ਰਸਾਨੀ ਲਈ 13 ਅਗਸਤ ਨੂੰ ਸੁਲਤਾਨਪੁਰ ਲੋਧੀ ਜਾਣਗੇ। ਉਨ੍ਹਾਂ ਦੱਸਿਆ ਕਿ ਸਟੇਸ਼ਨ ਦੇ ਨਾਲ ਇਕ ਆਡੀਟੋਰੀਅਮ ਬਣਾਉਣ ਦੀ ਯੋਜਨਾ ਹੈ ਤਾਂ ਕਿ ਸਟੇਸ਼ਨ 'ਤੇ ਗੱਡੀ ਦਾ ਇੰਤਜ਼ਾਰ ਕਰਦਿਆਂ ਯਾਤਰੀ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਲਈ ਇਕ ਵਿਸ਼ੇਸ਼ ਰੇਲ ਗੱਡੀ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਜਲਦੀ ਹੀ ਇਕ ਸੈਲੂਨ ਟਰੇਨ ਲਈ ਵੀ ਬੁਕਿੰਗਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।