ਵਿਰੋਧੀਆਂ ਨੇ ਹਰਸਿਮਰਤ ਦੇ ਅਸਤੀਫੇ ਨੂੰ ਦੱਸਿਆ ''ਸਿਆਸੀ ਡਰਾਮਾ''
Friday, Sep 18, 2020 - 12:55 AM (IST)
ਜਲੰਧਰ : ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਤੋਂ ਬਾਅਦ ਜਿਥੇ ਅਕਾਲੀ ਦਲ ਦੀ ਅੰਦਰੂਨੀ ਰਾਜਨੀਤੀ ਗਰਮਾ ਗਈ ਹੈ, ਉਥੇ ਦੂਜੇ ਪਾਸੇ ਵਿਰੋਧੀ ਧਿਰ ਨੇ ਹਰਸਿਮਰਤ ਦੇ ਅਸਤੀਫੇ ਨੂੰ ਦੋਹਰੀ ਰਾਜਨੀਤੀ ਕਰਾਰ ਦਿੱਤਾ ਹੈ। ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਹੈ ਕਿ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦੇ ਕੇ ਐਨ. ਡੀ. ਏ. 'ਚ ਕਾÎਇਮ ਰਹਿਣਾ ਇਹ ਸਾਬਤ ਕਰਦਾ ਹੈ ਕਿ ਅਕਾਲੀ ਦਲ ਇਸ ਮੁੱਦੇ 'ਤੇ ਸਿਰਫ ਸਿਆਸਤ ਕਰ ਰਿਹਾ ਹੈ।
ਅਕਾਲੀ ਦਲ ਐਨ. ਡੀ. ਏ. ਵੀ ਛੱਡੇ : ਬਾਜਵਾ
ਕਾਂਗਰਸ ਦੇ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਨੂੰ ਹੁਣ ਉਸ ਕਿਰਾਏ ਦੇ ਮਕਾਨ 'ਚੋਂ ਪੂਰੀ ਤਰ੍ਹਾਂ ਬਾਹਰ ਆ ਜਾਣਾ ਚਾਹੀਦਾ ਹੈ, ਜਿਸ ਦਾ ਉਸ ਨੇ ਕਿਰਾਇਆ ਨਾ ਦੇਣ ਦਾ ਫੈਸਲਾ ਕਰ ਲਿਆ ਹੈ। ਬਾਜਵਾ ਨੇ ਕਿਹਾ ਕਿ ਅਕਾਲੀ ਦੋਹਾਂ ਹੱਥਾਂ 'ਚ ਲੱਡੂ ਰੱਖਣਾ ਚਾਹੁੰਦਾ ਹੈ, ਉਹ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦਾ ਹੈ ਕਿ ਉਸ ਨੇ ਕੇਂਦਰ ਸਰਕਾਰ ਦੇ ਇਸ ਆਰਡੀਨੈਂਸ ਦੇ ਖਿਲਾਫ ਜਾ ਕੇ ਸੱਤਾ ਨੂੰ ਲੱਤ ਮਾਰੀ ਹੈ ਪਰ ਅਕਾਲੀ ਦਲ ਇਸ ਦੇ ਨਾਲ ਹੀ ਉਸ ਐਨ. ਡੀ. ਏ. ਦੇ ਨਾਲ ਵੀ ਰਹਿਣਾ ਚਾਹੁੰਦਾ ਹੈ, ਜਿਸ ਨੇ ਇਹ ਕਿਸਾਨ ਮਾਰੂ ਬਿੱਲ ਪਾਸ ਕੀਤਾ ਹੈ। ਬਾਜਵਾ ਨੇ ਕਿਹਾ ਕਿ ਇਸ ਮੁੱਦੇ 'ਤੇ ਅਕਾਲੀ ਦਲ ਨੂੰ ਐਨ. ਡੀ. ਏ. 'ਚੋਂ ਵੀ ਬਾਹਰ ਆਉਣਾ ਚਾਹੀਦਾ ਹੈ ਅਤੇ ਸਮੁੱਚੀ ਵਿਰੋਧੀ ਧਿਰ ਨੂੰ ਇਸ ਮਾਮਲੇ 'ਤੇ ਇਕਜੁਟ ਹੋ ਕੇ ਵਿਰੋਧ ਕਰਨਾ ਚਾਹੀਦਾ ਹੈ।
ਅਸਤੀਫੇ ਦਾ ਹੁਣ ਕੋਈ ਮਤਲਬ ਨਹੀਂ : ਭਗਵੰਤ ਮਾਨ
ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਹਰਸਿਮਰਤ ਦੇ ਅਸਤੀਫੇ ਤੋਂ ਬਾਅਦ ਕਿਹਾ ਕਿ ਹੁਣ ਇਹ ਅਸਤੀਫਾ ਦੇਣ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਪੰਜਾਬੀ 'ਚ ਕਹਾਵਤ ਹੈ 'ਵੇਲੇ ਦੇ ਕੰਮ, ਕੁਵੇਲੇ ਦੀਆਂ ਟੱਕਰਾਂ'। ਭਗਵੰਤ ਮਾਨ ਨੇ ਕਿਹਾ ਕਿ ਜਿਸ ਸਮੇਂ ਇਸ ਮੁੱਦੇ 'ਤੇ ਸਟੈਂਡ ਲੈਣਾ ਚਾਹੀਦਾ ਸੀ, ਉਸ ਸਮੇਂ ਅਕਾਲੀ ਦਲ ਇਸ ਆਰਡੀਨੈਂਸ ਦਾ ਬਚਾਅ ਕਰਦਾ ਰਿਹਾ ਅਤੇ ਹੁਣ ਜਦੋਂ ਸੰਸਦ 'ਚ ਸਰਕਾਰ ਨੇ ਬਿੱਲ ਪਾਸ ਕਰ ਦਿੱਤਾ ਹੈ ਤਾਂ ਉਸ ਸਮੇਂ ਅਕਾਲੀ ਦਲ ਨੇ ਆਪਣੀ ਸਾਖ ਬਚਾਉਣ ਲਈ ਅਸਤੀਫੇ ਦਾ ਡਰਾਮਾ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖੁਦ ਨੂੰ ਕਿਸਾਨ ਪਰਿਵਾਰ ਨਾਲ ਜੁੜਿਆ ਦੱਸ ਰਹੇ ਹਨ ਪਰ ਕਿਸਾਨੀ ਕਰਕੇ ਨਾ ਤਾਂ ਹਜ਼ਾਰ ਬੱਸਾਂ ਬਣਦੀਆਂ ਹਨ ਨਾ ਹੀ 5 ਸਟਾਰ ਹੋਟਲ ਬਣਾਏ ਜਾ ਸਕਦੇ ਹਨ।
ਸਾਈਕਲ ਦਾ ਵੀ ਸਟੈਂਡ ਹੁੰਦੈ, ਅਕਾਲੀ ਦਲ ਦਾ ਕੋਈ ਸਟੈਂਡ ਨਹੀਂ: ਵੇਰਕਾ
ਕਾਂਗਰਸ ਦੇ ਸੀਨੀਅਰ ਆਗੂ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦਾ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਨਹੀਂ ਬਲਕਿ ਆਪਣੀ ਡਿੱਗੀ ਸਿਆਸੀ ਸਾਖ ਨੂੰ ਹਾਸਲ ਕਰਨ ਵਾਲਾ ਫੈਸਲਾ ਹੈ। ਵੇਰਕਾ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਤਕ ਅਕਾਲੀ ਦਲ ਨੇ ਇਸ ਆਰਡੀਨੈਂਸ ਨੂੰ ਕਿਸਾਨ ਪੱਖੀ ਦੱਸਣ ਲਈ ਆਪਣੀ ਪੂਰੀ ਵਾਹ ਲਗਾ ਦਿੱਤੀ ਸੀ ਅਤੇ ਇਸ ਮੁੱਦੇ 'ਤੇ ਖੁਦ ਪ੍ਰਕਾਸ਼ ਸਿੰਘ ਬਾਦਲ ਦੇ ਸਾਹਮਣੇ ਆ ਕੇ ਕਿਸਾਨਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅਚਾਨਕ ਜ਼ਮੀਨ 'ਤੇ ਵੱਧਦੇ ਹੋਏ ਵਿਰੋਧ ਨੂੰ ਦੇਖਦੇ ਅਕਾਲੀ ਦਲ ਨੇ ਇਸ ਮੁੱਦੇ 'ਤੇ ਆਪਣਾ ਸਟੈਂਡ ਬਦਲ ਲਿਆ। ਉਨ੍ਹਾਂ ਕਿਹਾ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ, ਅਕਾਲੀ ਦਲ ਦਾ ਕੋਈ ਸਟੈਂਡ ਨਹੀਂ ਹੈ। ਵੇਰਕਾ ਨੇ ਇਸ ਨੂੰ ਦੋਹਰੀ ਰਾਜਨੀਤੀ ਕਰਾਰ ਦਿੰਦੇ ਹੋਏ ਕਿਹਾ ਕਿ ਜੇਕਰ ਅਕਾਲੀ ਦਲ ਇਸ ਮੁੱਦੇ 'ਤੇ ਗੰਭੀਰ ਹੈ ਤਾਂ ਉਸ ਨੂੰ ਐਨ. ਡੀ. ਏ. ਨਾਲ ਨਾਤਾ ਤੋੜਨਾ ਚਾਹੀਦਾ ਹੈ।