ਹਰਜਿੰਦਰ ਸਿੰਘ ਕਤਲਕਾਂਡ ''ਚ ਪੁਲਸ ਦੇ ਸਨਸਨੀਖੇਜ਼ ਖ਼ੁਲਾਸੇ

Tuesday, Aug 11, 2026 - 03:08 PM (IST)

ਹਰਜਿੰਦਰ ਸਿੰਘ ਕਤਲਕਾਂਡ ''ਚ ਪੁਲਸ ਦੇ ਸਨਸਨੀਖੇਜ਼ ਖ਼ੁਲਾਸੇ

ਲੁਧਿਆਣਾ (ਰਾਜ): ਟਿੱਬਾ ਰੋਡ ਇਲਾਕੇ ਵਿਚ ਹਰਜਿੰਦਰ ਸਿੰਘ ਦੇ ਬੇਰਹਿਮੀ ਨਾਲ ਕੀਤੇ ਗਏ ਖ਼ੌਫ਼ਨਾਕ ਕਤਲ ਦੇ ਮਾਮਲੇ ਵਿਚ ਕਮਿਸ਼ਨਰੇਟ ਪੁਲਸ ਦੀ ਜਾਂਚ ਵਿੱਚ ਇੱਕ ਹੈਰਾਨ ਕਰਨ ਵਾਲਾ ਅਤੇ ਵੱਡਾ ਖੁਲਾਸਾ ਹੋਇਆ ਹੈ। ਇਸ ਕਤਲਕਾਂਡ ਦਾ ਮੁੱਖ ਮੁਲਜ਼ਮ ਰਵੀ ਕੁਮਾਰ ਹੈ, ਜਿਸ ਦਾ ਪੁਰਾਣਾ ਅਤੇ ਗੂੜ੍ਹਾ ਸਬੰਧ ਅੱਤਵਾਦੀ ਨੈੱਟਵਰਕ ਅਤੇ ਸੰਗਠਿਤ ਅਪਰਾਧ ਨਾਲ ਰਿਹਾ ਹੈ। ਪੁਲਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਰਵੀ ਕੁਮਾਰ ਉਹੀ ਅਪਰਾਧੀ ਹੈ, ਜਿਸ ਨੇ ਸਾਲ 2020 ਵਿਚ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ ਦੇ ਬਹੁ-ਚਰਚਿਤ ਮਾਮਲੇ ਦੇ ਮੁੱਖ ਮੁਲਜ਼ਮਾਂ ਨੂੰ ਆਪਣੇ ਕੋਲ ਪਨਾਹ ਦਿੱਤੀ ਸੀ। ਜਿਸ ਨੂੰ ਬਾਅਦ ਵਿਚ ਤਰਨਤਾਰਨ ਪੁਲਸ ਨੇ ਕਾਬੂ ਕਰਕੇ ਜੇਲ੍ਹ ਭੇਜ ਦਿੱਤਾ ਸੀ।

ਕੇ.ਐੱਲ.ਐੱਫ. ਅਤੇ ਅੱਤਵਾਦੀ ਨੈੱਟਵਰਕ ਨਾਲ ਜੁੜੇ ਸਨ ਤਾਰ

ਜ਼ਿਕਰਯੋਗ ਹੈ ਕਿ ਸਾਲ 2020 ਵਿਚ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਅੱਤਵਾਦੀਆਂ ਵੱਲੋਂ ਕੀਤੀ ਗਈ ਹੱਤਿਆ ਦੀ ਸਾਜ਼ਿਸ਼ ਪਾਬੰਦੀਸ਼ੁਦਾ ਸੰਗਠਨ ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐੱਲ.ਐੱਫ.) ਨੇ ਵਿਦੇਸ਼ੀ ਹੈਂਡਲਰਾਂ ਨਾਲ ਮਿਲ ਕੇ ਰਚੀ ਸੀ। ਮੁਲਜ਼ਮ ਰਵੀ ਕੁਮਾਰ ਨੇ ਕਾਮਰੇਡ ਸੰਧੂ ਦੇ ਕਾਤਲਾਂ ਨੂੰ ਆਪਣੇ ਕੋਲ ਪਨਾਹ ਦਿੱਤੀ ਸੀ ਅਤੇ ਟਿਕਾਣੇ ਮੁਹੱਈਆ ਕਰਵਾਏ ਸਨ, ਜਿਸ ਤੋਂ ਬਾਅਦ ਤਰਨਤਾਰਨ ਪੁਲਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ। ਬਾਅਦ ਵਿਚ ਇਸ ਕੇਸ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੂੰ ਸੌਂਪ ਦਿੱਤੀ ਗਈ ਸੀ। ਫਿਲਹਾਲ ਉਹ ਇਸ ਕੇਸ ਵਿਚ ਜ਼ਮਾਨਤ 'ਤੇ ਬਾਹਰ ਚੱਲ ਰਿਹਾ ਸੀ ਅਤੇ ਉਸ ਵਿਰੁੱਧ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਸੀ।

ਗੁਰਦਾਸਪੁਰ ਜੇਲ੍ਹ ਵਿਚ ਬਣਾਇਆ ਖੌਫਨਾਕ ਨੈੱਟਵਰਕ, ਸਰਹੱਦ ਪਾਰ ਤੋਂ ਮੰਗਵਾਏ ਹਥਿਆਰ:

ਪੁਲਸ ਸੂਤਰਾਂ ਅਨੁਸਾਰ ਗ੍ਰਿਫਤਾਰੀ ਤੋਂ ਬਾਅਦ ਜਦੋਂ ਰਵੀ ਕੁਮਾਰ ਨੂੰ ਗੁਰਦਾਸਪੁਰ ਜੇਲ੍ਹ ਭੇਜਿਆ ਗਿਆ ਸੀ, ਤਾਂ ਉੱਥੇ ਉਸ ਨੇ ਕਈ ਨਾਮੀ ਅਪਰਾਧੀਆਂ ਅਤੇ ਗੈਂਗਸਟਰਾਂ ਦੇ ਸੰਪਰਕ ਵਿਚ ਆ ਕੇ ਆਪਣਾ ਨੈੱਟਵਰਕ ਬਹੁਤ ਮਜ਼ਬੂਤ ਕਰ ਲਿਆ ਸੀ। ਜੇਲ੍ਹ ਵਿਚ ਰਹਿਣ ਦੌਰਾਨ ਹੀ ਉਸ ਨੇ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਦਾ ਨੈੱਟਵਰਕ ਤਿਆਰ ਕਰ ਲਿਆ ਸੀ। ਜੇਲ੍ਹ ਤੋਂ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਉਹ ਖੁੱਲ੍ਹੇਆਮ ਆਪਣੇ ਇਸ ਨੈੱਟਵਰਕ ਨੂੰ ਵਧਾਉਣ ਅਤੇ ਲੁਧਿਆਣਾ ਖੇਤਰ ਵਿੱਚ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਜੁੱਟ ਗਿਆ ਸੀ।

ਹਰਜਿੰਦਰ ਸਿੰਘ ਹੱਤਿਆਕਾਂਡ ਵਿਚ ਰਵੀ ਕੁਮਾਰ ਦਾ ਨਾਂ ਮੁੱਖ ਸਾਜ਼ਿਸ਼ਕਰਤਾ ਵਜੋਂ ਸਾਹਮਣੇ ਆਉਣ ਤੋਂ ਬਾਅਦ ਪੁਲਸ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਪੁਲਸ ਦੀਆਂ ਵਿਸ਼ੇਸ਼ ਜਾਂਚ ਟੀਮਾਂ ਅਤੇ ਐਂਟੀ-ਗੈਂਗਸਟਰ ਟਾਸਕ ਫੋਰਸ ਰਵੀ ਢਿੱਲੋਂ ਅਤੇ ਉਸ ਦੇ ਗਿਰੋਹ ਦੇ ਹੋਰ ਮੈਂਬਰਾਂ ਨੂੰ ਦਬੋਚਣ ਲਈ ਪੰਜਾਬ ਸਮੇਤ ਗੁਆਂਢੀ ਰਾਜਾਂ ਵਿਚ ਸੰਭਾਵਿਤ ਟਿਕਾਣਿਆਂ 'ਤੇ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।


author

Anmol Tagra

Content Editor

Related News